ਗੁਰਦੀਪ ਸਿੰਘ ਲਾਲੀ
ਸੰਗਰੂਰ, 7 ਜੁਲਾਈ
ਮਲਟੀਪਰਪਜ਼ ਹੈਲਥ ਐਂਪਲਾਈਜ਼ ਯੂਨੀਅਨ ਪੰਜਾਬ ਅਤੇ ਕੰਟਰੈਕਟ ਮਲਟੀਪਰਪਜ਼ ਵਰਕਰ ਫੀਮੇਲ ਯੂਨੀਅਨ ਪੰਜਾਬ ਵਲੋਂ ਬਣਾਈ ‘ਸਿਹਤ ਮੁਲਾਜ਼ਮ ਸੰਘਰਸ਼ ਕਮੇਟੀ’ ਵੱਲੋਂ ਲਏ ਫੈਸਲੇ ਅਨੁਸਾਰ ਮਲਟੀਪਰਪਜ਼ ਹੈਲਥ ਵਰਕਰਾਂ ਵੱਲੋਂ ਇੱਥੇ ਸਿਵਲ ਸਰਜਨ ਦਫ਼ਤਰ ਅੱਗੇ ਰੋਸ ਧਰਨਾ ਦਿੱਤਾ ਗਿਆ ਅਤੇ ਮੁੱਖ ਮੰਤਰੀ ਪੰਜਾਬ ਦੇ ਨਾਂ ਮੰਗ ਪੱਤਰ ਸਿਵਲ ਸਰਜਨ ਨੂੰ ਸੌਂਪਿਆ ਗਿਆ।
ਯੂਨੀਅਨ ਆਗੂ ਗੁਲਜ਼ਾਰ ਖਾਂ ਨੇ ਧਰਨੇ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਦੀਆਂ ਮੁਲਾਜ਼ਮ ਮਾਰੂ ਨੀਤੀਆਂ ਦਾ ਸਿਹਤ ਕਾਮਿਆਂ ਵਲੋਂ ਵਿਰੋਧ ਕੀਤਾ ਜਾਵੇਗਾ ਅਤੇ ਸਿਹਤ ਕਾਮਿਆਂ ਨੂੰ ਨਪੀੜਨ ਵਾਲੀਆਂ ਨੀਤੀਆਂ ਲਾਗੂ ਨਹੀਂ ਹੋਣ ਦਿਆਂਗੇ। ਉਨ੍ਹਾਂ ਮੰਗ ਕੀਤੀ ਕਿ ਐੱਨ.ਐੱਚ.ਐੱਮ 2211 ਅਤੇ ਠੇਕਿਆਂ ਅਧਾਰਿਤ ਮਲਟੀਪਰਪਜ਼ ਹੈਲਥ ਵਰਕਰਾਂ ਨੂੰ ਪੱਕੇ ਕਰਨਾ, 1263 ਮਲਟੀਪਰਪਜ਼ ਹੈਲਥ ਵਰਕਰ ਮੇਲ ਦਾ ਪ੍ਰੋਵੇਸ਼ਨ ਪੀਰੀਅਲ 2 ਸਾਲ ਕਰਨਾ ਅਤੇ ਕੋਵਿਡ-19 ਦੌਰਾਨ ਮਲਟੀਪਰਪਜ਼ ਕਾਮਿਆਂ ਵੱਲੋਂ ਨਿਭਾਈ ਭੂਮਿਕਾ ਬਦਲੇ ਸਮੁੱਚੇ ਕੇਡਰ ਨੂੰ ਸਪੈਸ਼ਲ ਇੰਕਰੀਮੈਂਟ ਦਿੱਤਾ ਜਾਵੇ।
ਬੁਲਾਰਿਆਂ ਕਿਹਾ ਕਿ ਲੰਮੇ ਸਮੇਂ ਤੋਂ ਸਿਹਤ ਕਾਮਿਆਂ ਨੂੰ ਅੱਖੋਂ ਪਰੋਖੇ ਕਰਕੇ ਨਵੇਂ ਰੂਪ ਵਿਚ ਵਿਭਾਗ ਵਿੱਚ ਪੱਕੇ ਤੌਰ ’ਤੇ ਭਰਤੀ ਕੀਤੀ ਜਾ ਰਹੀ ਹੈ ਜਦੋਂ ਕਿ ਪਿਛਲੇ 12-12 ਸਾਲ ਤੋਂ ਕੰਮ ਕਰਦੀਆਂ ਮਲਟੀਪਰਪਜ਼ ਹੈਲਥ ਵਰਕਰਜ਼ ਫੀਮੇਲ ਦੀਆਂ ਸੇਵਾਵਾਂ ਨੂੰ ਨਜ਼ਰਅੰਦਾਜ ਕੀਤਾ ਜਾ ਰਿਹਾ ਹੈ ਜੋ ਬੇਇਨਸਾਫ਼ੀ ਹੈ।
ਸੰਘਰਸ਼ ਕਮੇਟੀ ਨੇ ਫੈਸਲਾ ਕੀਤਾ ਹੈ ਕਿ ਜਿੰਨੀ ਦੇਰ ਤੱਕ ਕੱਚੇ ਕਾਮਿਆਂ ਨੂੰ ਰੈਗੂਲਰ ਨਹੀਂ ਕੀਤਾ ਜਾਂਦਾ, ਪ੍ਰੋਵੇਸ਼ਨ ਪੀਰੀਅਡ ਦੀ ਸ਼ਰਤ ਦੋ ਸਾਲ ਨਹੀਂ ਕੀਤੀ ਜਾਂਦੀ ਅਤੇ ਸਮੁੱਚੇ ਕੇਡਰ ਨੂੰ ਸਪੈਸ਼ਲ ਇੰਕਰੀਮੈਂਟ ਨਹੀਂ ਦਿੱਤਾ ਜਾਂਦਾ ਉਦੋਂ ਤੱਕ ਸੰਘਰਸ਼ ਜਾਰੀ ਰਹੇਗਾ। ਧਰਨੇ ਨੂੰ ਸਰਬਜੀਤ ਕੌਰ, ਜਗਤਾਰ ਸਿੰਘ, ਕਰਮਦੀਨ, ਰਣਧੀਰ ਸਿੰਘ, ਪਰਮਜੀਤ ਕੌਰ, ਭਿੰਦਰ ਕੌਰ, ਕਮਲਦੀਪ ਕੌਰ, ਜਸਵਿੰਦਰ ਕੌਰ, ਨਿਰਪਾਲ ਸਿੰਘ ਕੌਹਰੀਆਂ ਤੇ ਮਕਵਰ ਜਹਾਂ ਆਦਿ ਨੇ ਵੀ ਸੰਬੋਧਨ ਕੀਤਾ।
ਮੰਤਰੀ ਨਾਲ ਮੀਟਿੰਗ ਮੁਕੱਰਰ ਹੋਣ ’ਤੇ ਮੋਤੀ ਮਹਿਲ ਦਾ ਘਿਰਾਓ ਮੁਲਤਵੀ
ਪਟਿਆਲਾ (ਸਰਬਜੀਤ ਸਿੰਘ ਭੰਗੂ): ਬੇਰੁਜ਼ਗਾਰ ਮਲਟੀਪਰਪਜ਼ ਹੈਲਥ ਵਰਕਰ ਯੂਨੀਅਨ (ਪੁਰਸ਼ ਅਤੇ ਮਹਿਲਾ) ਨੇ ਸਰਕਾਰ ਤੋਂ ਸਿਹਤ ਵਿਭਾਗ ’ਚ ਆਪਣੀ ਭਰਤੀ ਸਬੰਧੀ ਮੰਗ ਪ੍ਰਵਾਨ ਕਰਵਾਉਣ ਲਈ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੀ ਸਥਾਨਕ ਰਿਹਾਇਸ਼ ਦਾ 8 ਜੁਲਾਈ ਨੂੰ ਘਿਰਾਓ ਕਰਨ ਦੇ ਉਲੀਕ ਗਏ ਪ੍ਰੋਗਰਾਮ ਦੇ ਚੱਲਦਿਆਂ ਜ਼ਿਲ੍ਹਾ ਪ੍ਰਸ਼ਾਸਨ ਨੇ ਅੱਜ ਸਿਹਤ ਮੰਤਰੀ ਨਾਲ ਯੂਨੀਅਨ ਦੀ ਮੀਟਿੰਗ ਮੁਕੱਰਰ ਕਰਵਾ ਦਿੱਤੀ। ਜਿਸ ਦੇ ਚੱਲਦਿਆਂ, ਯੂਨੀਅਨ ਨੇ ਮਹਿਲ ਦੇ ਘਿਰਾਓ ਦਾ ਪ੍ਰੋਗਰਾਮ ਮੁਲਤਵੀ ਕਰ ਦਿੱਤਾ। ਅੱਜ ਇੱਥੇ ਬੇਰੁਜ਼ਗਾਰ ਮਲਟੀਪਰਪਜ਼ ਹੈਲਥ ਵਰਕਰ ਯੂਨੀਅਨ ਦੇ ਸੂਬਾਈ ਪ੍ਰ੍ਰਧਾਨ ਸੁਖਵਿੰਦਰ ਸਿੰਘ ਢਿੱਲਵਾਂ ਨੇ ਦੱਸਿਆ ਕਿ ਮੁੱਖ ਮੰਤਰੀ ਰਿਹਾਇਸ਼ ਦੇ ਘਿਰਾਓ ਲਈ ਪੂਰੀਆਂ ਤਿਆਰੀਆਂ ਸਨ। ਇਸ ਬਾਰੇ ਪਤਾ ਲੱਗਣ ’ਤੇ ਜ਼ਿਲ੍ਹਾ ਪ੍ਰਸ਼ਾਸਨ ਨੇ ਉਨ੍ਹਾਂ ਦੀ ਸਿਹਤ ਮੰਤਰੀ ਨਾਲ ਮੀਟਿੰਗ ਮੁਕੱਰਰ ਕਰਵਾ ਦਿੱਤੀ। ਇਸ ਕਰਕੇ ਉਨ੍ਹਾਂ ਨੂੰ 8 ਦੇ ਘਿਰਾਓ ਦਾ ਪ੍ਰ੍ਰੋਗਰਾਮ ਮੁਲਤਵੀ ਕਰ ਦਿੱਤਾ ਪਰ ਜੇਕਰ ਇਸ ਮੀਟਿੰਗ ਦੇ ਸਿੱਟੇ ਸਾਰਥਿਕ ਨਾ ਰਹੇ ਤਾਂ 13 ਜੁਲਾਈ ਨੂੰ ਮੁੱਖ ਮੰਤਰੀ ਰਿਹਾਇਸ਼ ਦਾ ਘਿਰਾਓ ਕੀਤਾ ਜਾਵੇਗਾ।