ਐੱਸ ਐੱਸ ਸੱਤੀ
ਮਸਤੂਆਣਾ ਸਾਹਿਬ, 11 ਦਸੰਬਰ
ਅਕਾਲ ਕਾਲਜ ਕੌਂਸਲ ਗੁਰਸਾਗਰ ਮਸਤੂਆਣਾ ਸਾਹਿਬ (ਸੰਗਰੂਰ) ਵੱਲੋਂ ਦਿੱਲੀ ਦੀਆਂ ਸਰਹੱਦਾਂ ’ਤੇ ਆਪਣੇ ਹੱਕਾਂ ਤੇ ਕਾਲੇ ਕਾਨੂੰਨਾਂ ਖ਼ਿਲਾਫ਼ ਪੱਕੇ ਮੋਰਚੇ ਲਗਾਈ ਬੈਠੇ ਸੰਘਰਸ਼ ਸ਼ੀਲ ਕਿਸਾਨਾਂ ਲਈ ਜਿਥੇ ਖਾਣ-ਪੀਣ ਵਾਲਾ ਰਾਸ਼ਨ ਭੇਜਿਆ ਜਾ ਰਿਹਾ ਹੈ, ਉਥੇ ਵੱਡੀ ਪੱਧਰ ਤੇ ਦਵਾਈਆਂ ਦੀਆਂ ਪੇਟੀਆਂ ਹੋਰ ਲੋੜੀਂਦੇ ਸਾਮਾਨ ਡਾਕਟਰਾਂ ਤੇ ਫਾਰਮਾਸਿਸਟਾਂ ਸਮੇਤ ਦਿੱਲੀ ’ਚ ਸੰਤ ਅਤਰ ਸਿੰਘ ਅਕਾਲ ਅਕੈਡਮੀ ਦੀਆਂ ਬੱਸਾਂ ਰਾਹੀਂ ਭੇਜਿਆ ਗਿਆ। ਕੌਂਸਲ ਦੇ ਸਕੱਤਰ ਜਸਵੰਤ ਸਿੰਘ ਖਹਿਰਾ ਨੇ ਦੱਸਿਆ ਕਿ ਉਹ ਪੂਰੀ ਤਰ੍ਹਾਂ ਕਿਸਾਨੀ ਸੰਘਰਸ਼ ਦੀ ਹਮਾਇਤ ਕਰਦੇ ਹਨ ਕਿਉਂਕਿ ਕਿਸਾਨ ਮੁਲਕ ਦਾ ਅੰਨਦਾਤਾ ਹੈ ਤੇ ਕਿਸਾਨਾਂ ਤੋਂ ਬਿਨਾਂ ਇਸ ਮੁਲਕ ਦਾ ਕੋਈ ਵਜੂਦ ਨਹੀਂ ਹੈ।ਉਨ੍ਹਾਂ ਕਿਹਾ ਕਿ ਜੇਕਰ ਇਹ ਸੰਘਰਸ਼ ਲੰਬਾ ਚੱਲਿਆ ਤਾਂ ਸੰਤ ਅਤਰ ਸਿੰਘ ਜੀ ਵੱਲੋਂ ਵਿਰੋਸਾਏ ਗਏ ਅਸਥਾਨ ਗੁਰਦੁਆਰਾ ਗੁਰਸਾਗਰ ਮਸਤੂਆਣਾ ਸਾਹਿਬ ਤੋਂ ਹੋਰ ਰਸਦਾਂ ਤੇ ਦਵਾਈਆਂ ਵੀ ਭੇਜੀਆਂ ਜਾਣਗੀਆਂ। ਇਸ ਤੋਂ ਇਲਾਵਾ ਜਿਲ੍ਹਾ ਸੰਗਰੂਰ ਵਿਖੇ ਕਿਸਾਨਾਂ ਵੱਲੋਂ ਲਗਾਏ ਗਏ ਵੱਖ ਵੱਖ ਥਾਂਵਾਂ ਤੇ ਧਰਨਿਆਂ ਵਿਚ ਵੀ ਲੰਗਰ ਆਦਿ ਵੱਡੀ ਪੱਧਰ ਤੇ ਭੇਜਿਆ ਜਾ ਰਿਹਾ ਹੈ।
ਟਰੱਕ ਯੂਨੀਅਨ ਵੱਲੋਂ ਦਿੱਲੀ ਲਈ ਜਥਾ ਰਵਾਨਾ
ਧੂਰੀ (ਖੇਤਰੀ ਪ੍ਰਤੀਨਿਧ):ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਦਿੱਲੀ ਵਿੱਚ ਲਗਾਤਾਰ ਚੱਲ ਰਹੇ ਕਿਸਾਨਾਂ ਦੇ ਧਰਨਿਆਂ ਨੂੰ ਹੋਰ ਕਾਮਯਾਬ ਕਰਨ ਲਈ ਧੂਰੀ ਤੋਂ ਹਜ਼ਾਰਾਂ ਵੱਖ-ਵੱਖ ਜਥੇਬੰਦੀਆਂ ਦੇ ਆਗੂ ਦਿੱਲੀ ਪਹੁੰਚ ਕੇ ਕਿਸਾਨਾਂ ਦਾ ਹੋਸਲਾ ਵਧਾ ਰਹੇ ਹਨ। ਇਸੇ ਕੜੀ ਤਹਿਤ ਧੂਰੀ ਟਰੱਕ ਯੂਨੀਅਨ ਦੇ ਸਾਬਕਾ ਪ੍ਰਧਾਨ ਜਗਜੀਤ ਸਿੰਘ ਰਾਏ ਦੀ ਅਗਵਾਈ ਹੇਠ ਸੈਂਕੜੇ ਵਰਕਰ 12 ਦਸੰਬਰ ਨੂੰ ਦਿੱਲੀ ਜਾ ਕੇ ਮੋਦੀ ਸਰਕਾਰ ਦਾ ਪਿੱਟ ਸਿਆਪਾ ਕਰਦੇ ਹੋਏ ਕਿਸਾਨਾਂ ਦਾ ਹੌਸਲਾ ਵਧਾਉਣਗੇ। ਜਗਜੀਤ ਸਿੰਘ ਰਾਏ ਨੇ ਕਿਹਾ ਮੋਦੀ ਸਰਕਾਰ ਦੀਆਂ ਗ਼ਲਤ ਨੀਤੀਆਂ ਕਾਰਨ ਹਰ ਵਪਾਰ ਫੇਲ੍ਹ ਹੋ ਚੁੱਕਾ ਹੈ।ਉਨ੍ਹਾਂ ਕਿਹਾ ਕੇਂਦਰ ਸਰਕਾਰ ਕੋਲ ਇਨ੍ਹਾਂ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਤੋਂ ਬਿਨਾਂ ਹੋਰ ਕੋਈ ਰਾਸਤਾ ਨਹੀਂ ਬਚਿਆ। ਉਨ੍ਹਾਂ ਕਿਹਾ ਦੇਸ਼ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਨਿੱਜੀ ਹਿੱਤਾਂ ਨੂੰ ਤਿਆਗ ਕੇ ਦੇਸ਼ ਦੇ ਕਿਸਾਨਾਂ ਵਾਰੇ ਸੋਚਣਾ ਚਾਹੀਦਾ ਹੈ।