ਲੌਂਗੋਵਾਲ (ਜਗਤਾਰ ਸਿੰਘ ਨਹਿਲ): ਨਵੇਂ ਖੇਤੀ ਆਰਡੀਨੈਂਸਾਂ ਦੇ ਵਿਰੁੱਧ ਅਤੇ ਖੇਤੀ ਸੰਕਟ ਦੇ ਸਥਾਈ ਹੱਲ ਦਾ ਪ੍ਰੋਗਰਾਮ ਲੋਕਾਂ ਸਾਹਮਣੇ ਪੇਸ਼ ਕਰਨ ਲਈ ਲੋਕ ਮੋਰਚਾ ਪੰਜਾਬ ਵੱਲੋਂ ਪਿੰਡ ਨਮੋਲ ਵਿਖੇ ਜ਼ਿਲ੍ਹਾ ਪੱਧਰੀ ਇਕੱਤਰਤਾ ਮਗਰੋਂ ਅਤੇ ਰੋਸ ਪ੍ਰਦਰਸ਼ਨ ਕੀਤਾ ਗਿਆ। ਜਿਸ ਵਿੱਚ ਕਿਸਾਨਾਂ, ਮਜ਼ਦੂਰਾਂ, ਠੇਕਾ ਕਾਮਿਆਂ, ਵਿਦਿਆਰਥੀਆਂ ਅਤੇ ਨੌਜਵਾਨਾਂ ਨੇ ਹਿੱਸਾ ਲਿਆ। ਲੋਕ ਮੋਰਚਾ ਪੰਜਾਬ ਦੇ ਸੂਬਾ ਜਥੇਬੰਦਕ ਸਕੱਤਰ ਜਗਮੇਲ ਸਿੰਘ ਨੇ ਕਿਹਾ ਕਿ ਕਰੋਨਾ ਸੰਕਟ ਦੀ ਆੜ ਹੇਠ ਭਾਜਪਾ ਹਕੂਮਤ ਵੱਲੋਂ ਲੋਕਾਂ ਤੇ ਆਰਥਿਕ ਤੇ ਸਿਆਸੀ ਹੱਲਾ ਹੋਰ ਤੇਜ਼ ਕਰ ਦਿੱਤਾ ਗਿਆ ਹੈ। ਨਵੇਂ ਜਾਰੀ ਕੀਤੇ ਖੇਤੀ ਆਰਡੀਨੈਂਸ ਪਹਿਲਾਂ ਹੀ ਖੇਤੀ ਸੰਕਟ ਦੀ ਮਾਰ ਝੱਲ ਰਹੀ ਕਿਸਾਨੀ ਦਾ ਰਹਿੰਦਾ ਸਾਹ-ਸਤ ਵੀ ਨਚੋੜਨ ਵਾਲੇ ਹਨ। ਇਨ੍ਹਾਂ ਆਰਡੀਨੈਂਸਾਂ ਰਾਹੀਂ ਫ਼ਸਲ ਦੀ ਸਰਕਾਰੀ ਖ਼ਰੀਦ ਅਤੇ ਜਨਤਕ ਵੰਡ ਪ੍ਰਣਾਲੀ (ਡਿਪੂਆਂ) ਦਾ ਮੁਕੰਮਲ ਖ਼ਾਤਮਾ ਹੋ ਜਾਵੇਗਾ, ਛੋਟੇ ਅਤੇ ਗ਼ਰੀਬ ਕਿਸਾਨਾਂ ਦੀ ਜ਼ਮੀਨ ਤੋਂ ਬੇਦਖ਼ਲੀ ਹੋਵੇਗੀ ਤੇ ਕਾਰਪੋਰੇਟਾਂ ਦਾ ਜ਼ਮੀਨ ’ਤੇ ਗ਼ਲਬਾ ਕਾਇਮ ਹੋਵੇਗਾ, ਫ਼ਸਲਾਂ ਦੀ ਜ਼ਖ਼ੀਰੇਬਾਜ਼ੀ ਨੂੰ ਖੁੱਲ੍ਹੀ ਛੁੱਟੀ ਅਤੇ ਸਬਸਿਡੀਆਂ ਦਾ ਮੁਕੰਮਲ ਖ਼ਾਤਮਾ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਸੰਕਟ ਦੇ ਹੱਲ ਲਈ ਉਕਤ ਲੁੱਟ ਦੇ ਨਵੇਂ ਫ਼ੁਰਮਾਨ ਰੱਦ ਹੋਣੇ ਚਾਹੀਦੇ ਹਨ।