ਰਮੇਸ਼ ਭਾਰਦਵਾਜ
ਲਹਿਰਾਗਾਗਾ, 28 ਫਰਵਰੀ
ਪੰਜਾਬ ਸਰਕਾਰ ਵੱਲੋਂ ਬਣਾਈ 75ਵੀਂ ਸਬ ਡਿਵੀਜ਼ਨ ’ਚ ਇੱਥੋਂ ਦੇ ਕਮਿਊਨਿਟੀ ਹੈਲਥ ਸੈਂਟਰ ਨੂੰ ਅਜੇ ਤੱਕ ਸਬ ਡਿਵੀਜ਼ਨਲ ਹਸਪਤਾਲ ਦਾ ਦਰਜਾ ਅਮਲੀ ਰੂਪ ’ਚ ਨਾ ਦੇਣ ਕਰਕੇ 50 ਪਿੰਡਾਂ ਲਈ ਬਣਿਆ ਇੱਕੋ-ਇੱਕ ਹਸਪਤਾਲ ਸਹੂਲਤਾਂ ਦੀ ਘਾਟ ਕਰਕੇ ਚਿੱਟਾ ਹਾਥੀ ਬਣ ਕੇ ਰਹਿ ਗਿਆ ਹੈ। ਇੱਥੇ ਕਰੋੜਾਂ ਰੁਪਏ ਦੀ ਲਾਗਤ ਨਾਲ ਬਣੀ ਸ਼ਾਨਦਾਰ ਇਮਾਰਤ ਬੇਕਾਰ ਪਈ ਹੈ ਅਤੇ ਐਕਸੀਡੈਂਟ ਤੇ ਗੰਭੀਰ ਬਿਮਾਰਾਂ ਨੂੰ ਇਲਾਜ ਦੀ ਥਾਂ ਸਿਰਫ ਰੈਫਰਲ ਸਲਿੱਪ ਦੇ ਦਿੱਤੀ ਜਾਂਦੀ ਹੈ।
ਮੌਜੂਦਾ ਐੱਸਐੱਮਓ ਡਾ. ਸੰਜੈ ਬਾਂਸਲ ਤੇ ਚੀਫ ਫਾਰਮੇਸੀ ਅਫਸਰ ਸੰਜੀਵ ਰੌਕੀ ਨੇ ਦੱਸਿਆ ਕਿ ਸੂਬਾ ਸਰਕਾਰ ਨੇ ਸਬ ਡਿਵੀਜ਼ਨ ਸਿਵਲ ਹਸਪਤਾਲ ਦਾ ਦਰਜਾ ਦੇ ਦਿੱਤਾ ਹੈ ਜੋ ਚੋਣਾਂ ਕਰਕੇ ਪ੍ਰਕਿਰਿਆ ਅਧੀਨ ਹੈ। ਔਰਤਾਂ ਦੇ ਜਣੇਪਿਆਂ ਲਈ ਕੋਈ ਮਹਿਲਾ ਮਾਹਰ ਨਹੀਂ ਹੈ। ਇਸ ਸਮੇਂ ਪੰਜ ਐੱਮਬੀਬੀਐੱਸ ਡਾਕਟਰ ਜ਼ਰੂਰ ਤਾਇਨਾਤ ਹਨ ਪਰ ਹਸਤਾਲ ’ਚ ਸਰਜਰੀ ਲਈ ਡਾਕਟਰ ਨਹੀਂ ਹਨ। ਰੋਜ਼ਾਨਾ 100 ਨਵੇਂ ਅਤੇ ਪੁਰਾਣੇ ਮਰੀਜ਼ ਇਲਾਜ ਲਈ ਆਉਂਦੇ ਹਨ। ਇੱਥੇ ਤਾਇਨਾਤ ਐਕਸਰੇਅ ਕਰਮਚਾਰੀ ਅੰਮ੍ਰਿਤਸਰ ’ਚ ਡੈਪੂਟੇਸ਼ਨ ’ਤੇ ਹੈ ਸਿਰਫ ਇੱਕ ਦਿਨ ਇੱਥੇ ਆਉਂਦਾ ਹੈ। ਹਸਪਤਾਲ ਵੈਲਫੇਅਰ ਕਮੇਟੀ ਦੇ ਆਗੂ ਅਮਰ ਨਾਥ ਕੋਕੀ, ਗਿਆਨ ਚੰਦ ਸ਼ਰਮਾ ਤੇ ਇਕਬਾਲ ਬਾਲੀ ਨੇ ਦੱਸਿਆ ਕਿ ਹਸਪਤਾਲ ਵਿੱਚ ਮੈਡੀਸਿਨ ਦੇ ਡਾਕਟਰ ਤੇ ਜਨਰਲ ਸਰਜਨ ਦੀਆਂ ਅਸਾਮੀਆਂ ਪਹਿਲਾਂ ਹੀ ਖਾਲੀ ਪਈਆਂ ਹਨ। ਇੱਥੇ ਮੁਰਦਾਘਰ ਅਤੇ ਬਲੱਡ ਬੈਂਕ ਲਈ ਇਮਾਰਤ ਹੈ ਪਰ ਅਮਲਾ ਤਾਇਨਾਤ ਨਹੀਂ ਹੈ।
ਪੇਂਡੂ ਅਤੇ ਸ਼ਹਿਰੀ ਵਿਕਾਸ ਸੁਸਾਇਟੀ ਦੇ ਪ੍ਰਧਾਨ ਦੀਪਕ ਜੈਨ ਤੇ ਸ਼ੁਭਾਸ ਜਿੰਦਲ ਨੇ ਦੱਸਿਆ ਕਿ ਹਾਦਸੇ ਜਾਂ ਕਿਸੇ ਘਟਨਾ ’ਚ ਮਾਰੇ ਵਿਆਕਤੀ ਦਾ ਪੋਸਟ ਮਾਟਰਮ ਦੇ ਕੋਈ ਪ੍ਰਬੰਧ ਨਹੀਂ ਹੈ। ਉਨ੍ਹਾਂ ਮੰਗ ਕੀਤੀ ਕਿ ਸਬ ਡਿਵੀਜ਼ਨ ਹਸਪਤਾਲ ’ਚ ਨਿਯਮਾਂ ਅਨੁਸਾਰ ਮਾਹਰ ਡਾਕਟਰ ਤੇ ਅਮਲਾ ਤੁਰੰਤ ਨਿਯੁਕਤ ਕੀਤਾ ਜਾਵੇ ਤਾਂ ਜੋ ਲੋਕਾਂ ਨੂੰ ਇਲਾਜ ਲਈ ਬਾਹਰਲੇ ਸ਼ਹਿਰਾਂ ’ਚ ਨਾ ਭੱਜਣਾ ਪਵੇ।