ਹਰਦੀਪ ਸਿੰਘ ਸੋਢੀ/ਪਵਨ ਕੁਮਾਰ ਵਰਮਾ
ਧੂਰੀ, 6 ਮਈ
ਸੁਦੀਪ ਸ਼ਰਮਾ ਦੇ ਕਤਲ ਤੋਂ ਬਾਅਦ ਸ਼ਹਿਰ ਵਾਸੀਆਂ ਵੱਲੋਂ ਪਰਿਵਾਰ ਨਾਲ ਸ਼ਹਿਰ ਅੰਦਰ ਮੋਮਬੱਤੀ ਮਾਰਚ ਕੱਢਿਆ ਗਿਆ। ਮੋਮਬੱਤੀ ਮਾਰਚ ਵਿੱਚ ਸਾਰੀਆਂ ਰਾਜਨੀਤਕ ਪਾਰਟੀਆਂ ਦੇ ਆਗੂ ਇੱਕ ਮੰਚ ’ਤੇ ਇੱਕਠੇ ਦਿਖਾਈ ਦਿੱਤੇ।
ਇਸ ਮੌਕੇ ਉੱਪਰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਸਰਕਲ ਪ੍ਰਧਾਨ ਹਰਬੰਸ ਸਿੰਘ ਸਲੇਮਪੁਰ, ‘ਆਪ’ ਦੇ ਸੀਨੀਅਰ ਆਗੂ ਬਲਵਿੰਦਰ ਸਿੰਘ ਬਿੱਲੂ, ਯੂਥ ਕਾਂਗਰਸ ਦੇ ਜਨਰਲ ਸਕੱਤਰ ਸ਼ੁਭਮ ਸ਼ਰਮਾ, ਭਾਜਪਾ ਆਗੂ ਵਿੱਕੀ ਪਰੋਚਾ, ਗੁਰਬਖਸ਼ ਸਿੰਘ ਗੁੱਡੂ ਸੀਨੀਅਰ ਕਾਂਗਰਸੀ ਆਗੂ, ਦਿਆਲ ਨੰਦਾ, ਤਰਸੇਮ ਸ਼ਰਮਾ ਸਮੇਤ ਹੋਰ ਆਗੂਆਂ ਨੇ ਪੁਲੀਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਸੁਦੀਪ ਸ਼ਰਮਾ ਦਾ ਕਤਲ ਵੱਡੀ ਸਾਜ਼ਿਸ਼ ਦਾ ਹਿੱਸਾ ਹੈ ਇਸ ਦੇ ਪਿਛਲੇ ਕਾਰਨਾਂ ਦਾ ਪਤਾ ਲਗਾਉਣ ਤੇ ਇਸ ਕਤਲ ਵਿੱਚ ਕਿੰਨੇ ਵਿਅਕਤੀ ਸ਼ਾਮਲ ਸਨ, ਦੀ ਜਾਂਚ ਕੀਤੀ ਜਾਵੇ ਤੇ ਪਰਿਵਾਰ ਨੂੰ ਇਨਸਾਫ ਦਿੱਤਾ ਜਾਵੇ। ਆਗੂਆਂ ਕਿਹਾ ਕਿ ਪੰਜਾਬ ਸਰਕਾਰ ਸਿੱਟ ਦਾ ਗਠਨ ਕਰਕੇ ਧੂਰੀ ਦੇ ਸਾਰੇ ਮੰਦਰਾਂ ਵਿੱਚ ਪੁਜਾਰੀਆਂ ਦੇ ਪਿਛੋਕੜ ਦੀ ਪੜਤਾਲ ਕੀਤੀ ਜਾਵੇ।
ਇਸ ਮੌਕੇ ਮ੍ਰਿਤਕ ਦੇ ਪਿਤਾ ਗੁਰਿੰਦਰ ਸ਼ਰਮਾ ਨੇ ਕਿਹਾ ਕਿ ਉਸ ਦੇ ਪੁੱਤਰ ਨੂੰ ਇਨਸਾਫ ਮਿਲਣਾ ਚਾਹੀਦਾ ਹੈ ਤੇ ਇਸ ਹੋਏ ਕਤਲ ਦੀ ਉੱਚ ਪੱਧਰੀ ਜਾਂਚ ਕੀਤੀ ਜਾਵੇ।