ਰਮੇਸ਼ ਭਾਰਦਵਾਜ
ਲਹਿਰਾਗਾਗਾ, 15 ਮਈ
ਪੇਂਡੂ ਤੇ ਸ਼ਹਿਰੀ ਵਿਕਾਸ ਸੁਸਾਇਟੀ ਦੇ ਪ੍ਰਧਾਨ ਦੀਪਕ ਜੈਨ ਨੇ ਦੱਸਿਆ ਕਿ ਪਿੰਡ ਲਹਿਲ ਕਲਾਂ ਤੋਂ ਜਵਾਹਰਵਾਲਾ ਲਿੰਕ ਰੋਡ ਉੱਤੇ ਸਥਿਤ ਡਰੇਨ ਕੋਲ ਟੁੱਟਿਆ ਸੂਏ ਦਾ ਪੁਲ ਹਾਦਸੇ ਦਾ ਕਾਰਨ ਬਣ ਸਕਦਾ ਹੈ। ਅੱਜ ਇਸ ਸਬੰਧੀ ਮਨਜੀਤ ਸਿੰਘ, ਇੰਦਰਜੀਤ ਸਿੰਘ ਗੁਰਪ੍ਰੀਤ ਸਿੰਘ ਤੇ ਮੁਖਤਿਆਰ ਸਿੰਘ ਨੇ ਦੱਸਿਆ ਕਿ ਇਹ ਪੁਲ ਲੇਹਲ ਕਲਾਂ ਤੋਂ ਜਾਖਲ, ਜਵਾਹਰਵਾਲਾ, ਜਾਖਲ ਰੋਡ ਅਤੇ ਲੇਹਲ ਖੁਰਦ ’ਤੇ ਬਣੀਆਂ ਸੜਕਾਂ ਨੂੰ ਮਿਲਾਉਂਦਾ ਹੈ। ਇਸ ਸਥਾਨ ’ਤੇ ਗੁਦਾਮ ਵੀ ਹਨ, ਜਿਥੋਂ ਸਪੈਸ਼ਲ ਲੱਗਣ ਕਾਰਨ ਟਰੱਕਾਂ ਦਾ ਆਉਣਾ ਜਾਣਾ ਰਹਿੰਦਾ ਹੈ। ਪੁਲ ਟੁੱਟਣ ਕਾਰਨ ਕਾਫੀ ਪਿੰਡਾਂ ਦਾ ਰਾਬਤਾ ਆਪਸ ਵਿੱਚ ਟੁੱਟ ਗਿਆ ਹੈ। ਇਕੱਠੇ ਹੋ ਕੇ ਪਿੰਡ ਵਾਸੀਆਂ ਨੇ ਟਰੱਕਾਂ ਨੂੰ ਘੇਰਦਿਆਂ ਇਸ ਰਸਤੇ ਰਾਹੀਂ ਜਾਣੋਂ ਰੋਕਦਿਆਂ ਪ੍ਰਦਰਸ਼ਨ ਕੀਤਾ। ਇਸ ਬਾਰੇ ਗੁਰੂ ਤੇਗ ਬਹਾਦਰ ਗੋਦਾਮ ’ਚੋਂ ਸਪੈਸ਼ਲ ਭਰਾਉਣ ਵਾਲੇ ਠੇਕੇਦਾਰ ਸੁਲਤਾਨ ਸਿੰਘ ਨੇ ਦੱਸਿਆ ਕਿ ਪੁਲ ਤੰਗ ਹੈ, ਜਿਸ ਕਾਰਨ ਕਈ ਵਾਰ ਕਾਰਾਂ ਡਰੇਨ ਵਿਚ ਡਿੱਗ ਚੁੱਕੀਆਂ ਹਨ। ਸੁਸਾਇਟੀ ਨੇ ਜ਼ਿਲ੍ਹਾ ਪ੍ਰਸਾਸਨ ਨੂੰ ਪੱਤਰ ਲਿਖ ਕੇ ਪੁਲ ਨਵੇਂ ਸਿਰੇ ਤੋਂ ਅਠਾਰਾਂ ਫੁੱਟ ਚੌੜਾ ਬਣਾਉਣ ਦੀ ਮੰਗ ਕੀਤੀ ਹੈ। ਪੀਡਬਲਿਊਡੀ ਵਿਭਾਗ ਦੇ ਐੱਸਡੀਓ ਹਰਸ਼ ਗੋਇਲ ਨੇ ਦੱਸਿਆ ਕਿ ਇਸ ਪੁਲ ਬਾਰੇ ਨਹਿਰੀ ਵਿਭਾਗ ਨੂੰ ਲਿਖਿਆ ਜਾ ਚੁੱਕਿਆ ਹੈ।