ਜਗਤਾਰ ਸਿੰਘ ਨਹਿਲ
ਲੌਂਗੋਵਾਲ, 23 ਅਪਰੈਲ
ਨਗਰ ਕੌਂਸਲ ਲੌਂਗੋਵਾਲ ਦੇ ਪ੍ਰਧਾਨ ਅਤੇ ਮੀਤ ਪ੍ਰਧਾਨ ਦੀ ਅੱਜ ਹੋਈ ਚੋਣ ਦੌਰਾਨ ਕਾਂਗਰਸ ਪਾਰਟੀ ਦੇ ਜਿੱਤੇ 9 ਕੌਂਸਲਰਾਂ ਨੇ ਲੌਂਗੋਵਾਲ ਨਗਰ ਕੌਂਸਲ ਦੀ ਵਾਗਡੌਰ ਔਰਤਾਂ ਹਵਾਲੇ ਕੀਤੀ ਹੈ। ਅੱਜ ਸਥਾਨਕ ਨਗਰ ਕੌਂਸਲ ਦਫ਼ਤਰ ਵਿਚ ਪ੍ਰਧਾਨ ਦੀ ਚੋਣ ਸਬੰਧੀ ਮੀਟਿੰਗ ਦੌਰਾਨ ਕਾਂਗਰਸ ਪਾਰਟੀ ਦੀ ਰਿਤੂ ਗੋਇਲ ਨੂੰ ਪ੍ਰਧਾਨ ਅਤੇ ਨਸੀਬ ਕੌਰ ਚੋਟੀਆਂ ਨੂੰ ਮੀਤ ਪ੍ਰਧਾਨ ਚੁਣਿਆ ਗਿਆ ਹੈ। ਅੱਜ ਪ੍ਰਧਾਨਗੀ ਦੀ ਚੋਣ ਲਈ ਐੱਸਡੀਐੱਮ ਮਾਲੇਰਕੋਟਲਾ ਟੀ ਬਨਿੱਥ ਆਈਏਐੱਸ ਦੀ ਅਗਵਾਈ ਹੇਠ ਚੋਣ ਪ੍ਰਕਿਰਿਆ ਸ਼ੁਰੂ ਹੋਈ। ਪ੍ਰਧਾਨਗੀ ਦੀ ਚੋਣ ਲਈ ਭਾਵੇਂ ਅੰਤਿਮ ਸਮੇਂ ਤੱਕ ਅਨਿਸ਼ਚਿਤਤਾ ਵਾਲੀ ਸਥਿਤੀ ਬਣੀ ਰਹੀ ਪਰ ਹਲਕਾ ਇੰਚਾਰਜ ਦਾਮਨ ਥਿੰਦ ਬਾਜਵਾ ਸਮੁੱਚੇ ਕੌਂਸਲਰਾਂ ਨੂੰ ਇਕਮੱਤ ਕਰਨ ਵਿਚ ਕਾਮਯਾਬ ਰਹੇ। ਚੋਣ ਤੋਂ ਬਾਅਦ ਨਵੇਂ ਚੁਣੇ ਅਹੁਦੇਦਾਰਾਂ ਨੂੰ ਵਧਾਈ ਦਿੰਦਿਆਂ ਦਾਮਨ ਬਾਜਵਾ ਨੇ ਕਿਹਾ ਕਿ ਲੌਂਗੋਵਾਲ ਦੇ ਇਤਿਹਾਸ ਵਿਚ ਇਹ ਪਹਿਲੀ ਵਾਰ ਹੋਇਆ ਹੈ ਕਿ ਪ੍ਰਧਾਨਗੀ ਦੀ ਚੋਣ ਸ਼ਾਂਤਮਈ ਤਰੀਕੇ ਨਾਲ ਅਮਲ ਵਿਚ ਲਿਆਂਦੀ ਗਈ ਹੈ। ਇਸ ਮੌਕੇ ਨਗਰ ਕੌਂਸਲ ਸੁਨਾਮ ਦੇ ਪ੍ਰਧਾਨ ਨਿਸ਼ਾਨ ਸਿੰਘ ਟੋਨੀ, ਵਿਜੈ ਗੋਇਲ ਸਿਟੀ ਪ੍ਰਧਾਨ, ਬੱਬਲੂ ਸਿੰਗਲਾ, ਚੇਅਰਮੈਨ ਹਿੰਮਤ ਬਾਜਵਾ, ਚੇਅਰਮੈਨ ਨਵਦੀਪ ਸਿੰਘ ਤੋਗਾਵਾਲ, ਉਪ ਚੇਅਰਮੈਨ ਅਸ਼ੋਕ ਕੁਮਾਰ ਬਬਲੀ, ਸੰਜੇ ਗਰਗ, ਨਵਾਬ ਖਾਂ, ਸਰਪੰਚ ਰਾਜ ਸਿੰਘ, ਸਰਪੰਚ ਪਰਮਜੀਤ ਸਿੰਘ ਦੁੱਲਟ, ਪੰਜਾਬ ਸਿੰਘ, ਗੁਰਮੇਲ ਸਿੰਘ ਚੋਟੀਆਂ, ਆਸ਼ੂ ਤੋਸ਼, ਡਾ. ਬਲਵੰਤ ਸਿੰਘ ਗੁੰਮਟੀ, ਸ਼ਿਸ਼ਨਪਾਲ ਗਰਗ, ਚੇਅਰਮੈਨ ਜਗਤਾਰ ਸਿੰਘ ਆਦਿ ਸਮੇਤ ਵੱਡੀ ਗਿਣਤੀ ਵਿਚ ਕਸਬਾ ਵਾਸੀ ਹਾਜ਼ਰ ਸਨ।