ਬੀਰਬਲ ਰਿਸ਼ੀ
ਸ਼ੇਰਪੁਰ, 10 ਮਈ
ਪਿੰਡ ਹੇੜੀਕੇ ‘ਚ ਰਾਖਵੇਂ ਕੋਟੇ ਦੀ ਪੰਚਾਇਤੀ ਜ਼ਮੀਨ ਦੀ ਮੁੜ ਬੋਲੀ ਕਰਵਾਏ ਜਾਣ ’ਤੇ ਪਿੰਡ ਦੀ ਗਰਾਮ ਪੰਚਾਇਤ ਵੱਲੋਂ ਸਮੂਹਿਕ ਅਸਤੀਫ਼ੇ ਦੇਣ ਦੀ ਚਿਤਾਵਨੀ ਦਿੱਤੀ ਹੈ। ਇਹ ਚਿਤਾਵਨੀ ਪਿੰਡ ਦੀ ਸਰਪੰਚ ਬੀਬੀ ਪਲਵਿੰਦਰ ਕੌਰ ਤੇ ਪੰਚ ਰਮਨਦੀਪ ਸਿੰਘ ਦੀ ਸਾਂਝੀ ਅਗਵਾਈ ਹੇਠ ਕੀਤੀ ਗਈ ਪ੍ਰੈਸ ਕਾਨਫਰੰਸ ਦੌਰਾਨ ਦਿੱਤੀ ਗਈ। ਕਾਨਫਰੰਸ ਦੌਰਾਨ ਗਗਨਦੀਪ ਸਿੰਘ ਪੰਚ, ਜਸਵਿੰਦਰ ਕੌਰ ਪੰਚ, ਜਰਨੈਲ ਸਿੰਘ ਪੰਚ, ਰਮਨਦੀਪ ਸਿੰਘ ਪੰਚ, ਗੁਰਜੰਟ ਸਿੰਘ ਪੰਚ ਆਦਿ ਹਾਜ਼ਰ ਸਨ।
ਪੰਚਾਇਤੀ ਨੁਮਾਇੰਦਿਆਂ ਨੇ ਦੱਸਿਆ ਕਿ 22 ਜੂਨ 2021 ਨੂੰ ਪੰਚਾਇਤ ਵਿਭਾਗ ਨੇ ਪੁਲੀਸ ਇਮਦਾਦ ਨਾਲ ਪਿੰਡ ਹੇੜੀਕੇ ’ਚ ਅਨੁਸੂਚਿਤ ਜਾਤੀਆਂ ਲਈ ਰਾਖਵੇਂ ਕੋਟੇ ਦੀ ਤਕਰੀਬਨ 6 ਏਕੜ ਪੰਚਾਇਤੀ ਜ਼ਮੀਨ ਦੀ ਬੋਲੀ ਕੀਤੀ ਸੀ ਜੋ ਜਸਪ੍ਰੀਤ ਸਿੰਘ ਪੁੱਤਰ ਹਾਕਮ ਸਿੰਘ ਦੇ ਨਾਮ ’ਤੇ ਹੋਈ ਸੀ ਜਿਸ ਦਾ ਉਸ ਨੇ 2,35000 ਰੁਪਏ ਜਮ੍ਹਾਂ ਕਰਵਾਏ। ਉਸ ਮਗਰੋਂ ਪਿੰਡ ਦੇ ਮਜ਼ਦੂਰਾਂ ਦੇ ਕੁਝ ਆਗੂਆਂ ਨੇ ਜ਼ਮੀਨ ’ਤੇ ਕਬਜ਼ਾ ਕਰ ਲਿਆ ਪਰ ਉਚ ਅਦਾਲਤ ਦੀਆਂ ਹਦਾਇਤਾਂ ਦੇ ਬਾਵਜੂਦ ਪ੍ਰਸ਼ਾਸਨ ਜ਼ਮੀਨੀ ਪੱਧਰ ‘ਤੇ ਜਸਪ੍ਰੀਤ ਸਿੰਘ ਨੂੰ ਕਬਜ਼ਾ ਦਿਵਾਉਣ ’ਚ ਅਸਫ਼ਲ ਰਿਹਾ ਅਤੇ ਹੁਣ ਵੀ ਜ਼ਮੀਨ ’ਤੇ ਦੂਜੀ ਧਿਰ ਕਾਬਜ਼ ਹੈ। ਉਨ੍ਹਾਂ ਕਿਹਾ ਕਿ ਪੰਚਾਇਤ ਵਿਭਾਗ ਹੁਣ ਮੁੜ ਪੰਚਾਇਤੀ ਜ਼ਮੀਨ ਦੀ ਬੋਲੀ ਕਰਨ ਜਾ ਰਿਹਾ ਹੈ ਜਦੋਂ ਕਿ ਪਹਿਲਾਂ ਪੈਸੇ ਭਰ ਚੁੱਕੇ ਜਸਪ੍ਰੀਤ ਸਿੰਘ ਨੂੰ ਹਾਲੇ ਇਨਸਾਫ਼ ਨਹੀਂ ਮਿਲਿਆ ਅਤੇ ਜੇਕਰ ਅਜਿਹਾ ਹੋਇਆ ਤਾਂ ਪਿੰਡ ਦੇ ਪੰਚਾਇਤੀ ਨੁੰਮਾਇੰਦੇ ਸਮੂਹਿਕ ਅਸਤੀਫ਼ੇ ਦੇਣ ਲਈ ਮਜਬੂਰ ਹੋਣਗੇ। ਇਸ ਮਾਮਲੇ ’ਤੇ ਇੱਕ ਸ਼ਿਕਾਇਤ ਦੇ ਮੱਦੇਨਜ਼ਰ ਸ਼ੇਰਪੁਰ ਪੁਲੀਸ ਨੇ ਚੁੱਪ-ਚੁਪੀਤੇ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਨਾਲ ਸਬੰਧਤ 7 ਆਗੂਆਂ ਹਾਕਮ ਸਿੰਘ, ਸੁਰਿੰਦਰਪਾਲ ਕੌਰ, ਸਾਗਰ ਸਿੰਘ, ਸਿੰਗਾਰਾ ਸਿੰਘ, ਜਸਵੀਰ ਕੌਰ, ਬੂਟਾ ਸਿੰਘ ਅਤੇ ਬਲਵਿੰਦਰ ਸਿੰਘ ’ਤੇ ਪਰਚਾ ਦਰਜ਼ ਕੀਤਾ ਗਿਆ ਹੈ। ਐਸਐਚਓ ਸ਼ੇਰਪੁਰ ਸੁਖਵਿੰਦਰ ਕੌਰ ਨੇ ਦੱਸਿਆ ਕਿ 4 ਮਾਰਚ 2022 ਨੂੰ ਪੰਜਾਬ ਵਿਲੇਜ ਕਾਮਨ ਲੈਂਡਜ (ਰੈਗੂਲੇਸ਼ਨ) ਐਕਟ 1961 ਦੀ ਧਾਰਾ 13 ਏ ਅਧੀਨ ਦਰਜ ਪਰਚੇ ਦੀ ਪੁਸ਼ਟੀ ਕੀਤੀ।
ਚਕੌਤੇਦਾਰ ਨੂੰ ਰਾਸ਼ੀ ਵਾਪਸ ਮੋੜੀ: ਬੀਡੀਪੀਓ
ਬੀਡੀਪੀਓ ਜੁਗਰਾਜ ਸਿੰਘ ਨੇ ਦੱਸਿਆ ਕਿ ਉਚ ਅਦਾਲਤ ਦੇ ਹੁਕਮਾਂ ’ਤੇ ਚਕੌਤੇਦਾਰ ਨੂੰ ਠੇਕੇ ਦੀ ਪ੍ਰਾਪਤ ਰਾਸ਼ੀ ਪੰਜ ਪ੍ਰਤੀਸ਼ਤ ਦੇ ਵਾਧੇ ਨਾਲ ਉਸ ਦੇ ਖਾਤੇ ’ਚ ਪਾ ਕੇ ਵਾਪਸ ਕਰ ਦਿੱਤੀ ਹੈ।