ਗੁਰਦੀਪ ਸਿੰਘ ਲਾਲੀ
ਸੰਗਰੂਰ, 15 ਦਸੰਬਰ
ਖੇਤੀ ਕਾਨੂੰਨਾਂ ਖ਼ਿਲਾਫ਼ ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਹੇਠ ਕਰੀਬ ਇੱਕ ਸਾਲ ਤੋਂ ਵੱਧ ਸਮੇਂ ਤੋਂ ਸਥਾਨਕ ਰੇਲਵੇ ਸਟੇਸ਼ਨ ’ਤੇ ਚੱਲ ਰਹੇ ਪੱਕੇ ਧਰਨੇ ਨੂੰ ਅੱਜ ਜੇਤੂ ਰੈਲੀ ਕਰ ਕੇ ਸਮਾਪਤ ਕੀਤਾ ਗਿਆ। ਰੈਲੀ ਵਿਚ ਵੱਡੀ ਤਾਦਾਦ ਵਿਚ ਕਿਸਾਨਾਂ-ਮਜ਼ਦੂਰਾਂ ਨੇ ਸ਼ਮੂਲੀਅਤ ਕੀਤੀ। ਰੈਲੀ ਵਿਚ ਸੰਘਰਸ਼ ਦੌਰਾਨ ਸਰਗਰਮ ਭੂਮਿਕਾ ਨਿਭਾਉਣ ਵਾਲੇ ਕਿਸਾਨ ਆਗੂਆਂ, ਸਰਗਰਮ ਹਮਾਇਤ ਦੇਣ ਵਾਲੇ ਭਰਾਤਰੀ ਜਥੇਬੰਦੀਆਂ ਦੇ ਆਗੂਆਂ, ਮੀਡੀਆ ਕਰਮੀਆਂ, ਲੰਗਰ ਦੀ ਸੇਵਾ ਕਰਨ ਵਾਲੇ ਸੇਵਕਾਂ ਅਤੇ ਮੋਰਚੇ ਦੇ ਮਦਦਗਾਰ ਸਮਾਜ ਸੇਵੀਆਂ ਦਾ ਸਨਮਾਨ ਕੀਤਾ ਗਿਆ। ਰੈਲੀ ’ਚ ਸੰਘਰਸ਼ ਦੌਰਾਨ ਸ਼ਹੀਦ ਹੋਏ ਮਜ਼ਦੂਰਾਂ ਕਿਸਾਨਾਂ ਨੂੰ ਸ਼ਰਧਾਂਜਲੀ ਦਿੰਦਿਆਂ ਲੋਕਾਂ ਨੂੰ ਸ਼ਹੀਦਾਂ ਦੇ ਪਰਿਵਾਰਾਂ ਦੀ ਹਰ ਤਰ੍ਹਾਂ ਦੀ ਸਾਂਭ-ਸੰਭਾਲ ਦੀ ਜ਼ਿੰਮੇਵਾਰੀ ਆਪਣੇ ਉੱਪਰ ਲੈਣ ਦੀ ਅਪੀਲ ਕੀਤੀ ਗਈ।
ਕਿਸਾਨ ਆਗੂ ਨਰੰਜਣ ਸਿੰਘ ਦੋਹਲਾ ਦੀ ਅਗਵਾਈ ਹੇਠ ਹੋਈ ਰੈਲੀ ਦੀ ਪ੍ਰਧਾਨਗੀ ਸ੍ਰੀ ਰੋਹੀ ਸਿੰਘ ਮੰਗਵਾਲ, ਮੱਘਰ ਸਿੰਘ ਉਭਾਵਾਲ, ਸਰਬਜੀਤ ਸਿੰਘ ਵੜੈਚ, ਗੁਰਮੇਲ ਸਿੰਘ ਗੁੜਥਲੀ, ਸਤਵੀਰ ਸਿੰਘ ਤੁੰਗਾਂ, ਮਹਿੰਦਰ ਸਿੰਘ ਬੁਗਰਾ, ਮਹਿੰਦਰ ਸਿੰਘ ਸਲੇਮਪੁਰ, ਨਿਰਮਲ ਸਿੰਘ ਬਟਰਿਆਣਾ, ਮੇਜਰ ਸਿੰਘ ਉਪਲੀ, ਬਲਜੀਤ ਸਿੰਘ ਜੌਲੀਆਂ, ਸਤਨਾਮ ਸਿੰਘ ਕਿਲਾ ਭਰੀਆਂ ਤੇ ਆਧਾਰਿਤ ਪ੍ਰਬੰਧਕ ਕਮੇਟੀ ਵਲੋਂ ਕੀਤੀ ਗਈ। ਐਡਵੋਕੇਟ ਕਿਰਨਜੀਤ ਸਿੰਘ ਸੇਖੋਂ ਨੇ ਕਿਹਾ ਕਿ ਸਟੇਟ ਪੱਧਰ ਦੇ ਮੁੱਦਿਆਂ ਨੂੰ ਲੈ ਕੇ ਸੰਯੁਕਤ ਕਿਸਾਨ ਮੋਰਚੇ ’ਚ ਸ਼ਾਮਲ 32 ਕਿਸਾਨ ਜਥੇਬੰਦੀਆਂ ਵਲੋਂ ਸਾਂਝੀ ਮੀਟਿੰਗ ਅਗਲੇ ਦਿਨਾਂ ਦੌਰਾਨ ਕੀਤੀ ਜਾ ਰਹੀ ਹੈ।
ਪਟਿਆਲਾ (ਸਰਬਜੀਤ ਸਿੰਘ ਭੰਗੂ): ਕਿਸਾਨਾਂ-ਮਜ਼ਦੂਰਾਂ ਵੱਲੋਂ ਟੌਲ ਪਲਾਜ਼ਿਆਂ ’ਤੇ ਲੱਗੇ ਧਰਨੇ ਅਜੇ ਜਾਰੀ ਰੱਖੇ ਜਾਣਗੇ। ਪਟਿਆਲਾ-ਰਾਜਪੁਰਾ ਰੋਡ ’ਤੇ ਸਥਿਤ ਧਰੇੜੀ ਜੱਟਾਂ ਟੌਲ ਪਲਾਜ਼ਾ ’ਤੇ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਅਤੇ ਹੋਰ ਧਿਰਾਂ ਵੱਲੋਂ ਲਾਏ ਮੋਰਚੇ ’ਤੇ ਕਿਸਾਨੀ ਮੋਰਚੇ ਦੀ ਜਿੱਤ ਲਈ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਪਾਏ ਗਏ। ਇਸ ਦੌਰਾਨ ਲੰਗਰ ਅਤੁੱਟ ਵਰਤਿਆ। ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੇ ਸੂਬਾ ਆਗੂ ਸਤਵੰਤ ਸਿੰਘ ਵਜੀਦਪੁਰ ਅਤੇ ਜ਼ਿਲ੍ਹਾ ਪ੍ਰਧਾਨ ਰਣਜੀਤ ਸਵਾਜਪੁਰ ਦਾ ਸਨਮਾਨ ਕੀਤਾ ਗਿਆ। ਸਥਾਨਕ ਮੋਰਚਾ ਮਘਾਈ ਰੱਖਣ ਵਾਲੇ ਦਰਸ਼ਨ ਲਾਡੀ, ਸੁਰਿੰਦਰ ਗੌਂਸਪੁਰ, ਸੁਰਿੰਦਰ ਕਕਰਾਲਾ, ਬਲਕਾਰ ਢੀਂਡਸਾ, ਅਜੈਬ ਸਿੰਘ, ਦਰਬਾਰਾ ਸਿੰਘ ਖਾਨਪੁਰ, ਰਣਜੀਤ ਵਜੀਦਪੁਰ, ਰਾਮਕਰਨ ਧਰੇੜੀ, ਰਵਿੰਦਰ ਕੌਲੀ ਅਤੇ ਮਜ਼ਦੂਰ ਆਗੂ ਲਖਵੀਰ ਲੌਂਗੋਵਾਲ ਸਣੇ ਮੋਰਚੇ ਵਿਚ ਸ਼ਹੀਦੀ ਪਾਉਣ ਵਾਲ਼ੇ ਸ਼ਹੀਦਾਂ ਦੇ ਪਰਿਵਾਰਾਂ ਦਾ ਵੀ ਸਨਮਾਨ ਕੀਤਾ ਗਿਆ। ਸ੍ਰੀ ਵਜੀਦਪੁਰ ਤੇ ਸ੍ਰੀ ਸਵਾਜਪੁਰ ਵੱਲੋਂ ਕਿਸਾਨ ਜਥੇਬੰਦੀਆਂ, ਵਿਦਿਆਰਥੀ ਜਥੇਬੰਦੀਆਂ, ਵਪਾਰੀਆਂ, ਛੋਟੇ ਦੁਕਾਨਦਾਰਾਂ, ਰੇਹੜੀ ਫੜ੍ਹੀ ਵਾਲਿਆਂ, ਐਨਆਰਆਈਜ਼, ਟੌਲ ਪਲਾਜ਼ਾ ਵਰਕਰਾਂ ਤੇ ਬੀਬੀਆਂ ਦਾ ਧੰਨਵਾਦ ਕੀਤਾ ਗਿਆ।
ਸੁਨਾਮ ਊਧਮ ਸਿੰਘ ਵਾਲਾ (ਬੀਰਇੰਦਰ ਸਿੰਘ ਬਨਭੌਰੀ): ਇੱਥੇ ਅੱਜ ਬੀਕੇਯੂ ਏਕਤਾ ਉਗਰਾਹਾਂ ਵੱਲੋਂ ਪੱਕੇ ਮੋਰਚੇ ਦੀ ਸਮਾਪਤੀ ਕੀਤੀ ਗਈ। ਇਸ ਦੌਰਾਨ ਇਲਾਕੇ ਦੋ ਲੋਕ ਵੱਡੀ ਗਿਣਤੀ ਵਿਚ ਜੁੜੇ। ਮੋਰਚੇ ਦੇ ਆਗੂਆਂ ਤੇ ਯੂਨੀਅਨ ਦੇ ਸੂਬਾ ਪ੍ਰਧਾਨ ਦਾ ਸਨਮਾਨ ਵੀ ਕੀਤਾ ਗਿਆ।
ਭਵਾਨੀਗੜ੍ਹ (ਮੇਜਰ ਸਿੰਘ ਮੱਟਰਾਂ): ਕਿਸਾਨ ਜਥੇਬੰਦੀਆਂ ਦੇ ਸੱਦੇ ’ਤੇ ਟੌਲ ਪਲਾਜ਼ਾ ਮਾਝੀ ਤੇ ਕਾਲਾਝਾੜ ਵਿਚ ਸਾਲ ਭਰ ਤੋਂ ਲਾਏ ਪੱਕੇ ਧਰਨਿਆਂ ਵਿੱਚ ਅੱਜ ਜੇਤੂ ਜਸ਼ਨ ਮਨਾਏ ਗਏ। ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੀ ਅਗਵਾਈ ਹੇਠ ਟੌਲ ਪਲਾਜ਼ਾ ਮਾਝੀ ਵਿਚ ਧਰਨੇ ਵਿੱਚ ਪਕੌੜਿਆਂ ਦਾ ਲੰਗਰ ਚਲਾਇਆ। ਇਸ ਮੌਕੇ ਯੂਨੀਅਨ ਦੇ ਸੂਬਾ ਮੀਤ ਪ੍ਰਧਾਨ ਗੁਰਮੀਤ ਸਿੰਘ ਭੱਟੀਵਾਲ, ਬਲਾਕ ਪ੍ਰਧਾਨ ਕਰਮ ਸਿੰਘ ਬਲਿਆਲ, ਸੁਖਦੇਵ ਸਿੰਘ ਬਾਲਦ ਕਲਾਂ, ਰਣਧੀਰ ਸਿੰਘ ਭੱਟੀਵਾਲ, ਕੁਲਵਿੰਦਰ ਕੌਰ, ਅੰਗਰੇਜ ਸਿੰਘ ਮਾਝੀ ਅਤੇ ਭਰਭੂਰ ਸਿੰਘ ਨੇ ਸੰਬੋਧਨ ਕੀਤਾ।
ਇਸੇ ਤਰ੍ਹਾਂ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੀ ਅਗਵਾਈ ਹੇਠ ਟੌਲ ਪਲਾਜ਼ਾ ਕਾਲਾਝਾੜ ਵਿਖੇ ਧਰਨੇ ਨੂੰ ਸੰਬੋਧਨ ਕਰਦਿਆਂ ਯੂਨੀਅਨ ਦੇ ਜਿਲ੍ਹਾ ਆਗੂ ਜਗਤਾਰ ਸਿੰਘ ਕਾਲਾਝਾੜ, ਬਲਾਕ ਪ੍ਰਧਾਨ ਅਜੈਬ ਸਿੰਘ ਲੱਖੇਵਾਲ, ਮਨਜੀਤ ਸਿੰਘ ਘਰਾਚੋਂ, ਜਗਤਾਰ ਸਿੰਘ ਲੱਡੀ, ਹਰਜੀਤ ਸਿੰਘ ਮਹਿਲਾਂ, ਹਰਜਿੰਦਰ ਸਿੰਘ ਘਰਾਚੋਂ ਅਤੇ ਜਸਵੀਰ ਸਿੰਘ ਗੱਗੜਪੁਰ ਨੇ ਸੰਬੋਧਨ ਕੀਤਾ। ਧਰਨੇ ਵਿੱਚ ਲੱਡੂ-ਜਲੇਬੀਆਂ ਦਾ ਲੰਗਰ ਵਰਤਾਇਆ ਗਿਆ। ਇਸੇ ਦੌਰਾਨ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੀ ਅਗਵਾਈ ਹੇਠ ਨੇ ਪੈਟਰੋਲ ਪੰਪ ਬਾਲਦ ਕਲਾਂ ਵਿਚ ਧਰਨਾ ਖ਼ਤਮ ਕਰਨ ਦਾ ਐਲਾਨ ਕੀਤਾ ਗਿਆ।
ਲਹਿਰਾਗਾਗਾ (ਰਮੇਸ਼ ਭਾਰਦਵਾਜ): ਇੱਥੇ ਪਿੰਡ ਲਹਿਲ ਖੁਰਦ ਕੈਂਚੀਆਂ ਨੇੜੇ ਰਿਲਾਇੰਸ ਦੇ ਪੈਟਰੋਲ ਪੰਪ ’ਤੇ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਦੇ ਬਲਾਕ ਲਹਿਰਾਗਾਗਾ ਦੇ ਮੋਰਚੇ ਦੇ 339ਵੇਂ ਦਿਨ ਮਹਿਲਾ ਵਿੰਗ ਦੀ ਪ੍ਰਧਾਨ ਕਰਮਜੀਤ ਕੌਰ ਭੁਟਾਲ ਕਲਾ ਦੀ ਅਗਵਾਈ ਹੇਠ ਫ਼ਤਹਿ-ਏ-ਜਸ਼ਨ ਮਨਾਏ ਗਏ। ਜਥੇਬੰਦੀ ਦੇ ਅਗਲੇ ਐਲਾਨਾਂ ਨਾਲ ਮੋਰਚਾ ਸਮਾਪਤ ਕਰ ਦਿੱਤਾ ਗਿਆ।
ਇਸ ਮੌਕੇ ਬਲਾਕ ਲਹਿਰਾ ਦੇ ਮੀਤ ਪ੍ਰਧਾਨ ਸੂਬਾ ਸਿੰਘ ਸੰਗਤਪੁਰਾ ਅਤੇ ਮੂਨਕ ਬਲਾਕ ਦੇ ਪ੍ਰਧਾਨ ਸੁਖਦੇਵ ਸਿੰਘ ਕੜੈਲ ਨੇ ਕਿਸਾਨੀ ਸੰਘਰਸ਼ ਵਿਚ ਸਹਿਯੋਗ ਕਰਨ ਵਾਲੇ ਲੋਕਾਂ ਦਾ ਜਥੇਬੰਦੀ ਵਲੋਂ ਧੰਨਵਾਦ ਕੀਤਾ। ਜਥੇਬੰਦੀ ਵੱਲੋਂ ਰਿਲਾਇੰਸ ਪੰਪ ’ਤੇ ਲਾਇਆ ਪੱਕਾ ਸ਼ੈਡ ਵੀ ਪੁੱਟ ਦਿੱਤਾ ਗਿਆ। ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਦੀ ਟੀਮ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਚਾਹ-ਪਕੌੜਿਆਂ, ਕੜਾਹ ਤੇ ਮਠਿਆਈਆਂ ਦੇ ਲੰਗਰ ਲਾਏ ਗਏ।
ਇਸ ਦੌਰਾਨ ਸੂਬਾ ਮੀਤ ਪ੍ਰਧਾਨ ਜਨਕ ਸਿੰਘ ਭੁਟਾਲ ਕਲਾਂ ਨੇ ਐਲਾਨ ਕੀਤਾ ਕਿ ਜਥੇਬੰਦੀ ਵੱਲੋਂ ਟੌਲ ਪਲਾਜ਼ਿਆ ਤੋਂ ਧਰਨੇ ਉਦੋਂ ਤੱਕ ਨਹੀਂ ਚੁੱਕੇ ਜਾਣਗੇ, ਜਦੋਂ ਤੱਕ ਟੌਲ ਪਲਾਜ਼ਾ ਚਾਲਕਾਂ ਤੇ ਪੰਜਾਬ ਸਰਕਾਰ ਵਲੋਂ ਵਧਾਏ ਨਵੇਂ ਭਾਅ ਨੂੰ ਵਾਪਸ ਕਰ ਕੇ ਪੁਰਾਣੇ ਭਾਅ ਅਨੁਸਾਰ ਕੰਮ ਕਰਨ ਦਾ ਵਿਸ਼ਵਾਸ ਨਹੀਂ ਦਿੱਤਾ ਜਾਵੇਗਾ। ਉਨ੍ਹਾਂ ਡੀਐੱਸਪੀ ਵੱਲੋਂ ਬੇਰੁਜ਼ਗਾਰਾ ’ਤੇ ਕੀਤੇ ਤਸ਼ੱਦਦ ਦੀ ਨਿਖੇਧੀ ਕੀਤੀ।
ਬੀਬੀਆਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖ਼ਿਲਾਫ਼ ਬੋਲੀਆਂ ਪਾਈਆਂ
ਦਿੜ੍ਹਬਾ ਮੰਡੀ (ਰਣਜੀਤ ਸਿੰਘ ਸ਼ੀਤਲ): ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਵੱਲੋਂ ਅੱਜ ਦਿੜ੍ਹਬਾ ਵਿਚ ਦਿੱਲੀ ਦੇ ਕਿਸਾਨੀ ਅੰਦੋਲਨ ਦੀ ਜਿੱਤ ਢੋਲ ਢਮੱਕਿਆਂ ਨਾਲ ਮਨਾਈ। ਸਵੇਰੇ ਹੀ ਕਿਸਾਨ-ਮਜ਼ਦੂਰ, ਨੌਜਵਾਨ ਤੇ ਬੀਬੀਆਂ ਗੁਰਦੁਆਰੇ ਵਿਚ ਇਕੱਠੇ ਹੋਣ ਲੱਗ ਗਏ ਸਨ। ਇਸ ਮਗਰੋਂ ਕਾਫ਼ਲੇ ਦੇ ਰੂਪ ਵਿੱਚ ਦਿੜ੍ਹਬਾ ਬਾਜ਼ਾਰ ਵਿੱਚੋਂ ਜੇਤੂ ਰੈਲੀ ਕੱਢੀ ਗਈ। ਇਸ ਦੌਰਾਨ ਬੀਬੀਆਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖ਼ਿਲਾਫ਼ ਬੋਲੀਆਂ ਪਾ ਕੇ ਗਿੱਧਾ ਪਾਇਆ। ਇਸ ਮੌਕੇ ਕਿਸਾਨ ਆਗੂ ਜਥੇਦਾਰ ਹਰਬੰਸ ਸਿੰਘ ਦਿੜ੍ਹਬਾ, ਗੁਰਮੇਲ ਸਿੰਘ ਦਿੜ੍ਹਬਾ, ਰਾਜ ਸਿੰਘ, ਕੁਲਵਿੰਦਰ ਕੌਰ ਦਿੜ੍ਹਬਾ ਅਤੇ ਹੋਰ ਆਗੂਆਂ ਨੇ ਕਿਹਾ ਕਿ ਇਹ ਜਿੱਤ ਦੇਸ਼ ਦੇ ਸਾਰੇ ਵਰਗਾਂ ਦੀ ਜਿੱਤ ਹੈ।