ਰਣਜੀਤ ਸਿੰਘ ਸ਼ੀਤਲ
ਦਿੜ੍ਹਬਾ ਮੰਡੀ, 10 ਅਪਰੈਲ
ਬੀਤੀ ਰਾਤ ਟਰੱਕ ਯੂਨੀਅਨ ਦਿੜ੍ਹਬਾ ਨੇੜੇ ‘ਕਥਿਤ’ ਸੜਕ ਹਾਦਸੇ ਦਾ ਸ਼ਿਕਾਰ ਹੋ ਕੇ ਦਿੜ੍ਹਬਾ ਦੀ ਕਿਰਨ ਮਹੰਤ (ਕਿੰਨਰ) ਦੀ ਮੌਤ ਹੋ ਜਾਣ ਦਾ ਸਮਾਚਾਰ ਮਿਲਿਆ ਹੈ।ਨਗਰ ਪੰਚਾਇਤ ਦਿੜ੍ਹਬਾ ਦੇ ਪ੍ਰਧਾਨ ਬਿੱਟੂ ਖਾਨ ਨੇ ਦੱਸਿਆ ਕਿ ਉਨ੍ਹਾਂ ਨੂੰ ਸਵੇਰੇ ਕਰੀਬ ਪੰਜ ਵਜੇ ਇਸ ਹਾਦਸੇ ਸਬੰਧੀ ਫੋਨ ’ਤੇ ਪਤਾ ਲੱਗਣ ਤੋਂ ਬਾਅਦ ਜਦੋਂ ਜਾ ਕੇ ਦੇਖਿਆ ਤਾਂ ਕਿਰਨਾਂ ਮਹੰਤ ਸੜਕ ਨਾਲ ਹੀ ਮਿੱਟੀ ਵਿੱਚ ਮੂਧੇ ਮੂੰਹ ਪਈ ਸੀ ਅਤੇ ਉਸ ਦੀ ਗਰਦਨ ਟੁੱਟੀ ਹੋਈ ਲੱਗਦੀ ਸੀ, ਜਿਸ ਕਰਕੇ ਘਟਨਾ ਸਥਾਨ ਤੋਂ ਅੰਦਾਜ਼ਾ ਲੱਗਦਾ ਸੀ ਕਿ ਰਾਤ ਦੇ ਕਰੀਬ ਗਿਆਰਾਂ ਵਜੇ ਉਸ ਦੀ ਮੌਤ ਉਸ ਦੀ ਸਕੂਟੀ ਕਿਸੇ ਪਸ਼ੂ ਨਾਲ ਟਕਰਾਉਣ ਨਾਲ ਹੋਈ ਹੈ। ਥਾਣਾ ਦਿੜ੍ਹਬਾ ਦੀ ਪੁਲੀਸ ਨੇ ਦੱਸਿਆ ਕਿ ਮੌਕੇ ’ਤੇ ਜਾਕੇ ਹਾਦਸੇ ਦੀ ਜਾਂਚ ਪੜਤਾਲ ਕਰਨ ਤੋਂ ਬਾਅਦ 174 ਦੀ ਕਾਰਵਾਈ ਕਰਨ ਉਪਰੰਤ ਲਾਸ਼ ਦਾ ਪੋਸਟ ਮਾਰਟਮ ਕਰਵਾ ਕੇ ਵਾਰਸਾਂ ਦੇ ਹਵਾਲੇ ਕਰ ਦਿੱਤੀ ਹੈ, ਜਿਸ ਦਾ ਅੱਜ ਕਿੰਨਰਾਂ ਦੀਆਂ ਵਿਸ਼ੇਸ਼ ਧਾਰਮਿਕ ਰਿਵਾਇਤਾਂ ਅਨੁਸਾਰ ਸਸਕਾਰ ਕਰ ਦਿੱਤਾ ਹੈ।ਜ਼ਿਕਰਯੋਗ ਹੈ ਕਿ ਕਿਰਨ ਮਹੰਤ ਪਿੱਛਲੇ 15 ਸਾਲ ਤੋਂ ਸ਼ਹਿਰ ਵਿੱਚ ਵਿਚਰ ਰਹੀ ਸੀ ਅਤੇ ਲੋਕਾਂ ਵਿੱਚ ਕਾਫੀ ਹਰਮਨਪਿਆਰੀ ਸੀ। ਉਸ ਦੀ ਆਨਕ ਹੋਈ ਮੌਤ ਨਾਲ ਸ਼ਹਿਰ ਵਿੱਚ ਸੋਗ ਦੀ ਲਹਿਰ ਫੈਲ ਗਈ।