ਬੀਰ ਇੰਦਰ ਸਿੰਘ ਬਨਭੌਰੀ
ਸੁਨਾਮ ਊਧਮ ਸਿੰਘ ਵਾਲਾ, 8 ਅਪਰੈਲ
ਭੱਠਾ ਬਚਾਓ ਵੈਲਫੇਅਰ ਐਸੋਸੀਏਸ਼ਨ ਅਤੇ ਲਾਲ ਝੰਡਾ ਪੰਜਾਬ ਭੱਠਾ ਮਜ਼ਦੂਰ ਯੂਨੀਅਨ ਵਿਚਾਲੇ ਏਐਲਸੀ ਸੰਗਰੂਰ ਦੀ ਹਾਜ਼ਰੀ ਵਿੱਚ ਹੋਈ ਤਿੰਨ ਧਿਰੀ ਮੀਟਿੰਗ ਵਿੱਚ ਲੇਬਰ ਰੇਟਾਂ ’ਤੇ ਸਰਬਸਮੰਤੀ ਬਣ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆ ਭੱਠਾ ਬਚਾਓ ਵੈਲਫੇਅਰ ਐਸੋਸੀਏਸ਼ਨ ਦੇ ਜਨਰਲ ਸਕੱਤਰ ਫਤਿਹ ਪ੍ਰਭਾਕਰ ਅਤੇ ਸਕੱਤਰ ਜਗਜੀਤ ਸਿੰਘ ਨੇ ਦੱਸਿਆ ਕਿ ਲਾਲ ਝੰਡਾ ਪੰਜਾਬ ਭੱਠਾ ਮਜ਼ਦੂਰ ਯੂਨੀਅਨ ਦੇ ਸੂਬਾਈ ਆਗੂ ਕਾਮਰੇਡ ਤਰਸੇਮ ਜੋਧਾਂ ਨੇ ਏਐਲਸੀ ਦੇ ਦਫਤਰ ਵਿਖੇ ਬੈਠ ਕੇ ਰੇਟਾਂ ਸਬੰਧੀ ਚੱਲ ਰਹੀ ਗੱਲਬਾਤ ਨੂੰ ਸਰਬਸੰਮਤੀ ਨਾਲ ਨੇਪਰੇ ਚਾੜ੍ਹ ਲਿਆ ਹੈ। ਇਸ ਫੈਸਲੇ ’ਤੇ ਆਪਣੀ ਪ੍ਰਤੀਕਿਰਿਆ ਜ਼ਾਹਿਰ ਕਰਦਿਆਂ ਮਜ਼ਦੂਰ ਆਗੂ ਅਤੇ ਸਾਬਕਾ ਵਿਧਾਇਕ ਕਾਮਰੇਡ ਜੋਧਾਂ ਨੇ ਕਿਹਾ ਕਿ ਪਿਛਲੇ 4 ਸਾਲਾਂ ਤੋਂ ਲਗਾਤਾਰ ਭੱਠਾ ਬਚਾਓ ਵੈਲਫੇਅਰ ਐਸੋਸੀਏਸ਼ਨ ਦੇ ਆਗੂਆਂ ਨਾਲ ਇਕੋ ਮੀਟਿੰਗ ਵਿੱਚ ਲੇਬਰ ਰੇਟਾਂ ਦੇ ਫੈਸਲੇ ਹੁੰਦੇ ਆਏ ਹਨ ਅਤੇ ਹੁਣ ਵੀ ਹੋ ਜਾਣਗੇ। ਉਨ੍ਹਾਂ ਤਸੱਲੀ ਪ੍ਰਗਟ ਕਰਦਿਆਂ ਕਿਹਾ ਕਿ ਐਸੋਸੀਏਸ਼ਨ ਦੇ ਸਮੁੱਚੇ ਵਰਕਰ ਪੂਰੀ ਤਰ੍ਹਾਂ ਸੰਤੁਸ਼ਟ ਹਨ।
ਭੱਠਾ ਬਚਾਓ ਵੈਲਫੇਅਰ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਕੇਵਲ ਕ੍ਰਿਸ਼ਨ ਲੌਗੋਵਾਲੀਆਂ ਨੇ ਕਿਹਾ ਕਿ ਭੱਠਾ ਮਾਲਕਾਂ ਅਤੇ ਭੱਠਾ ਮਜ਼ਦੂਰਾਂ ਦਾ ਨਹੂੰ ਮਾਸ ਦਾ ਰਿਸ਼ਤਾ ਹੈ। ਉਨ੍ਹਾਂ ਕਿਹਾ ਕਿ ਕੰਮ ਹਮੇਸ਼ਾ ਹੀ ਵਰਕਰ ਨੇ ਕਰਨਾ ਹੁੰਦਾ ਹੈ । ਜੇਕਰ ਭੱਠੇ ’ਤੇ ਕੰਮ ਕਰਨ ਵਾਲੇ ਵਰਕਰ ਸੰਤੁਸ਼ਟ ਨਹੀਂ ਹੁੰਦੇ ਤਾਂ ਭੱਠਾ ਮਾਲਕ ਆਪਣੇ ਕਾਰੋਬਾਰ ਠੀਕ ਢੰਗ ਨਾਲ ਨਹੀਂ ਚਲਾ ਸਕਦਾ। ਇਸ ਮੌਕੇ ਦੂਨੀ ਚੰਦ, ਸੁਰਿੰਦਰਪਾਲ ਲੌਗੋਵਾਲ, ਮੁਕੇਸ਼ ਕੁਮਾਰ ਗੁਪਤਾ, ਵਿਜੈ ਕੁਮਾਰ ਲੌਗੋਵਾਲ, ਸੰਦੀਪ ਖੇੜ੍ਹੀ, ਅਸ਼ੋਕ ਕੁਮਾਰ ਗਾਂਧੀ, ਅਮਰ ਨਾਗਰੀ , ਰਵਿੰਦਰ ਕੁਮਾਰ ਕਾਕਾ, ਬੱਬੂ ਲਹਿਰਾ, ਕਮਲ ਕਾਂਤ ਲੌਗੋਵਾਲੀਆ ਅਤੇ ਭੂਸ਼ਨ ਹਾਜ਼ਰ ਸਨ।
ਭੱਠਾ ਮਜ਼ਦੂਰਾਂ ਦੇ ਪਸੀਨੇ ਦੀ ਸਹੀ ਕੀਮਤ ਮਿਲੇਗੀ: ਤਰਸੇਮ ਜੋਧਾਂ
ਭੱਠਾ ਮਜ਼ਦੂਰਾਂ ਦੀ ਅਗਵਾਈ ਕਰਨ ਵਾਲੇ ਆਗੂ ਕਾਮਰੇਡ ਤਰਸੇਮ ਯੋਧਾਂ ਨੇ ਕਿਹਾ ਕਿ ਉਹ ਮਜ਼ਦੂਰਾਂ ਦੇ ਹੱਕਾਂ ਲਈ ਲੜਦੇ ਰਹਿਣਗੇ। ਉਨ੍ਹਾਂ ਕਿਹਾ ਕਿ ਭੱਠਾ ਬਚਾਓ ਵੈਲਫੇਅਰ ਐਸੋਸੀਏਸ਼ਨ ਨਾਲ ਹੋਈ ਮੀਟਿੰਗ ਵਿਚ ਸਰਕਾਰ ਵੱਲੋਂ ਤੈਅ ਕੀਤੇ ਰੇਟਾਂ ਅਨੁਸਾਰ ਮਜ਼ਦੂਰਾਂ ਨੂੰ ਮਜ਼ਦੂਰੀ ਦੇਣ ਤੇ ਸਰਬਸੰਮਤੀ ਬਣ ਗਈ ਹੈ ਇਸ ਨਾਲ ਉਨ੍ਹਾਂ ਨੂੰ ਤਸੱਲੀ ਹੈ। ਇਸ ਫੈਸਲੇ ਨਾਲ ਭੱਠਾ ਮਜ਼ਦੂਰਾਂ ਨੂੰ ਉਨ੍ਹਾਂ ਦੇ ਬਹਾਏ ਪਸੀਨੇ ਦੀ ਸਹੀ ਕੀਮਤ ਮਿਲਦੀ ਰਹੇਗੀ।