ਹੁਸ਼ਿਆਰ ਸਿੰਘ ਰਾਣੂ
ਮਾਲੇਰਕੋਟਲਾ, 15 ਅਕਤੂਬਰ
ਦੇਸ਼ ’ਚ ਦਿਨੋਂ-ਦਿਨ ਵਧ ਰਹੀ ਮਹਿੰਗਾਈ ਖ਼ਿਲਾਫ਼ ਮਜ਼ਦੂਰ ਮੁਕਤੀ ਮੋਰਚੇ ਦੇ ਸੱਦੇ ’ਤੇ ਨੇੜਲੇ ਪਿੰਡ ਇਲਤਾਫ਼ਪੁਰਾ ਵਿੱਚ ਪਿੰਡ ਦੀਆਂ ਔਰਤਾਂ ਨੇ ਮੋਰਚੇ ਦੀ ਅਗਵਾਈ ਵਿੱਚ ਖਾਲੀ ਭਾਂਡੇ ਖੜਕਾ ਕੇ ਰੋਸ ਪ੍ਰਦਰਸ਼ਨ ਕੀਤਾ। ਮੋਰਚੇ ਦੀ ਜ਼ਿਲ੍ਹਾ ਆਗੂ ਤਾਇਬਾ ਬੇਗ਼ਮ ਅਤੇ ਹਰਪ੍ਰੀਤ ਕੌਰ ਕੁਠਾਲਾ ਨੇ ਕਿਹਾ ਕਿ ਕੇਂਦਰ ਸਰਕਾਰ ਦੀਆਂ ਨਿੱਜੀਕਰਨ, ਉਦਾਰੀਕਰਨ ਅਤੇ ਕਾਰਪੋਰੇਟ ਪੱਖੀ ਨੀਤੀਆਂ ਕਾਰਨ ਦੇਸ਼ ਅੰਦਰ ਦਿਨੋਂ-ਦਿਨ ਮਹਿੰਗਾਈ ਵਧ ਰਹੀ ਹੈ।
ਆਗੂਆਂ ਕਿਹਾ ਕਿ ਕੇਂਦਰ ਸਰਕਾਰ ਦੀਆਂ ਨੀਤੀਆਂ ਕਾਰਨ ਦੇਸ਼ ਅੰਦਰ ਰੁਜ਼ਗਾਰ ਦੇ ਮੌਕੇ ਸਿਮਟ ਰਹੇ ਹਨ। ਜਨਤਕ ਤੇ ਨਿੱਜੀ ਖੇਤਰ ਵਿੱਚ ਵੱਖ ਵੱਖ ਵਰਗਾਂ ਦੀਆਂ ਖ਼ਤਮ ਕੀਤੀਆਂ ਜਾ ਰਹੀਆਂ ਅਸਾਮੀਆਂ ਕਾਰਨ ਪੜ੍ਹੇ ਲਿਖੇ ਨੌਜਵਾਨ ਵਿਹਲੇ ਫਿਰ ਰਹੇ ਹਨ ਜਾਂ ਵਿਦੇਸ਼ਾਂ ਨੂੰ ਪਰਵਾਸ ਕਰ ਰਹੇ ਹਨ। ਹਰਜੀਤ ਕੌਰ ਕਲਿਆਣ ਅਤੇ ਰਾਣੋ ਹਥਨ ਨੇ ਕਿਹਾ ਕਿ ਕੇਂਦਰ ਸਰਕਾਰ ਲੋਕਾਂ ਨੂੰ ਰੁਜ਼ਗਾਰ ਮੁਹੱਈਆ ਕਰਵਾਏ, ਮਹਿੰਗਾਈ ਨੂੰ ਠੱਲ੍ਹ ਪਾਵੇ ਅਤੇ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰੇ।
ਇਸ ਮੌਕੇ ਅਕਰਾਸੀ, ਨਸਰੀਨ, ਸਗੀਰਾਂ ਬੇਗ਼ਮ, ਵਾਹਿਦ ਅਤੇ ਆਫਸਾਂ ਆਦਿ ਸਮੇਤ ਵੱਡੀ ਗਿਣਤੀ ਵਿੱਚ ਮਜ਼ਦੂਰ ਮੁਕਤੀ ਮੋਰਚੇ ਦੇ ਨੁਮਾਇੰਦੇ ਮੌਜੂਦ ਸਨ।
ਦਿੜ੍ਹਬਾ ਵਿੱਚ ਪਲਾਟਾਂ ਦੀ ਮੰਗ ਲਈ ਧਰਨਾ
ਦਿੜ੍ਹਬਾ ਮੰਡੀ (ਰਣਜੀਤ ਸਿੰਘ ਸ਼ੀਤਲ): ਮਜ਼ਦੂਰ ਮੁਕਤੀ ਮੋਰਚਾ ਪੰਜਾਬ ਦੇ ਸੱਦੇ ’ਤੇ ਲੋੜਵੰਦ ਦਲਿਤਾਂ ਨੂੰ ਪੰਜ-ਪੰਜ ਮਰਲੇ ਦੇ ਪਲਾਟ ਦੇਣ ਦੀ ਮੰਗ ਲਈ ਮਜ਼ਦੂਰਾਂ ਵੱਲੋਂ ਦਿੜ੍ਹਬਾ ਦੇ ਚੌਕ ਵਿੱਚ ਰੋਸ ਧਰਨਾ ਦਿੱਤਾ ਗਿਆ, ਜਿਸ ਵਿੱਚ ਦਿੜ੍ਹਬਾ ਅਤੇ ਸੁਨਾਮ ਇਲਾਕੇ ਦੇ ਦਰਜਨਾਂ ਪਿੰਡਾਂ ਦੇ ਮਜ਼ਦੂਰਾਂ ਤੇ ਔਰਤਾਂ ਨੇ ਸ਼ਮੂਲੀਅਤ ਕੀਤੀ। ਧਰਨਾਕਾਰੀਆਂ ਨੇ ਪੰਜਾਬ ਸਰਕਾਰ ਖ਼ਿਲਾਫ ਨਾਅਰੇਬਾਜ਼ੀ ਕੀਤੀ। ਮਜ਼ਦੂਰ ਮੁਕਤੀ ਮੋਰਚਾ ਪੰਜਾਬ ਦੇ ਸੂਬਾ ਮੀਤ ਪ੍ਰਧਾਨ ਗੋਬਿੰਦ ਸਿੰਘ ਛਾਜਲੀ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪੰਜ-ਪੰਜ ਮਰਲੇ ਪਲਾਟਾਂ ਦੀ ਪ੍ਰਾਪਤੀ ਲਈ ਪਿੰਡ ਦੀਆਂ ਪੰਚਾਇਤਾਂ ਨੂੰ ਪਲਾਟ ਦੇਣ ਲਈ ਗਰਾਮ ਸਭਾ ਦੇ ਇਜਲਾਸ ਸੱਦ ਕੇ ਤੁਰੰਤ ਮਤੇ ਪਾਸ ਕੀਤੇ ਜਾਣ। ਉਨ੍ਹਾਂ ਮੰਗ ਕੀਤੀ ਕਿ ਪੰਜਾਬ ਸਰਕਾਰ ਪਿੰਡਾਂ ਤੇ ਸ਼ਹਿਰਾਂ ਵਿੱਚ ਪਲਾਟਾਂ ਦੀ ਪ੍ਰਾਪਤੀ ਸਕੀਮ ਨੂੰ ਅਮਲੀ ਰੂਪ ਵਿੱਚ ਲਾਗੂ ਕੀਤਾ ਜਾਵੇ। ਮਜ਼ਦੂਰ ਮੁਕਤੀ ਮੋਰਚਾ ਪੰਜਾਬ ਦੇ ਜ਼ਿਲ੍ਹਾ ਸਕੱਤਰ ਪ੍ਰੇਮ ਸਿੰਘ ਖਡਿਆਲੀ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਮਜ਼ਦੂਰਾਂ ਦੀਆਂ ਮੰਗਾਂ ਵੱਲ ਜਲਦੀ ਧਿਆਨ ਨਾ ਦਿੱਤਾ ਤਾਂ ਸੰਘਰਸ਼ ਹੋਰ ਵੀ ਤਿੱਖਾ ਕੀਤਾ ਜਾਵੇਗਾ। ਧਰਨੇ ਨੂੰ ਅਮਰਜੀਤ ਸਿੰਘ ਮੁਨਸ਼ੀਵਾਲਾ, ਪਾਲੀ ਸਿੰਘ ਦਿਆਲਗੜ ਜੇਜੀਆਂ, ਮੇਜਰ ਸਿੰਘ, ਸੰਤੋਸ਼ ਰਾਣੀ, ਬਿੱਟੂ ਸਿੰਘ ਖੋਖਰ, ਮਹਿੰਦਰ ਸਿੰਘ ਛਾਜਲੀ, ਦਰਸ਼ਨ ਸਿੰਘ, ਕਾਮਰੇਡ ਗੁਰਜੰਟ ਸਿੰਘ, ਬੁੱਧਜੀਤ ਸਿੰਘ ਆਦਿ ਨੇ ਵੀ ਸੰਬੋਧਨ ਕਰਦਿਆਂ ਮਜ਼ਦੂਰਾਂ ਦੀਆਂ ਮੰਗਾਂ ਤੁਰੰਤ ਪੂਰੀਆਂ ਕੀਤੀਆਂ ਜਾਣ। ਇਸ ਦੌਰਾਨ ਸੁਖਵਿੰਦਰ ਸਿੰਘ ਟਿਵਾਣਾ ਬੀਡੀਪੀਓ ਦਿੜ੍ਹਬਾ ਵੱਲੋਂ ਮਜ਼ਦੂਰਾਂ ਦੇ ਫਾਰਮ ਪ੍ਰਾਪਤ ਕਰਨ ਉਪਰੰਤ ਉਨ੍ਹਾਂ ਦੀਆਂ ਮੰਗਾਂ ਹੱਲ ਕਰਵਾਉਣ ਦੇ ਵਿਸ਼ਵਾਸ ਦੇਣ ਤੋਂ ਬਾਅਦ ਮਜ਼ਦੂਰਾਂ ਵੱਲੋਂ ਧਰਨਾ ਚੁੱਕਿਆ ਗਿਆ। ਧਰਨੇ ਵਿੱਚ ਕਰਨੈਲ ਸਿੰਘ, ਪਾਲ ਕੌਰ, ਕੁਲਵਿੰਦਰ ਕੌਰ ਤੇ ਜਸਪਾਲ ਕੌਰ ਆਦਿ ਹਾਜ਼ਰ ਸਨ।