ਪੱਤਰ ਪ੍ਰੇਰਕ
ਲਹਿਰਾਗਾਗਾ, 26 ਅਕਤੂਬਰ
ਇੱਥੋਂ ਦੇ ਪਿੰਡ ਬਲਰਾਂ ਦੀ ਅਨਾਜ ਮੰਡੀ ਫਰਸ਼ ਟੁੱਟਣ ਕਾਰਨ ਕਿਸਾਨਾਂ ਨੂੰ ਝੋਨੇ ਦੇ ਸੀਜ਼ਨ ਵਿੱਚ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਇਨ੍ਹਾਂ ਸਮੱਸਿਆਵਾਂ ਨੂੰ ਦੇਖਦੇ ਹੋਏ ਹਲਕਾ ਵਿਧਾਇਕ ਬਰਿੰਦਰ ਗੋਇਲ ਨੇ ਪਿੰਡ ਬਲਰਾਂ ਅਨਾਜ ਮੰਡੀ ਦਾ ਫਰਸ਼ ਅਤੇ ਅਨਾਜ ਮੰਡੀ ਦੀ ਲਿੰਕ ਸੜਕ ਨੂੰ ਉੱਚਾ ਚੁੱਕ ਕੇ ਨਵੇਂ ਸਿਰਿਓਂ ਬਣਨ ਮਗਰੋਂ ਅੱਜ ਇਨ੍ਹਾਂ ਦਾ ਉਦਘਾਟਨ ਕੀਤਾ। ਇਸ ਕਾਰਜ ’ਤੇ ਲਗਪਗ 50 ਲੱਖ ਰੁਪਏ ਖਰਚ ਆਏ ਹਨ। ਉਨ੍ਹਾਂ ਕਿਹਾ ਕਿ ‘ਆਪ’ ਦੀ ਭਗਵੰਤ ਮਾਨ ਸਰਕਾਰ ਨੇ ਲੋਕਾਂ ਨੂੰ ਸਹੂਲਤਾਂ ਦੇਣ ਦਾ ਸੱਤ ਮਹੀਨੇ ’ਚ ਬੀੜਾ ਚੁੱਕ ਕੇ ਵਿਕਾਸ ਕਾਰਜ ਕਰਵਾਏ ਹਨ।
ਉਨ੍ਹਾਂ ਕਿਸਾਨਾਂ, ਆੜ੍ਹਤੀਆਂ, ਪੱਲੇਦਾਰਾਂ ਦੀਆਂ ਸ਼ਿਕਾਇਤਾਂ ਸੁਣ ਕੇ ਕਿਹਾ ਕਿ ਝੋਨੇ ਦੇ ਸੀਜਨ ’ਚ ਬੋਲੀ, ਬਾਰਦਾਨਾ ਤੇ ਚੁਕਾਈ ਦੀ ਕੋਈ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ। ਇਸ ਮੌਕੇ ਪੀੲੋ ਆਰ.ਕੇ ਗੁਪਤਾ, ਮੰਡੀਬੋਰਡ ਦੇ ਐੱਸਡੀਓ ਸ਼੍ਰੀ ਕਾਂਤ ਜੈਨ, ਸੁਰਿੰਦਰ ਅਨੇਜਾ ਜੇਈ, ਸਰਪੰਚ ਮੇਲਾ ਸਿੰਘ, ਆਪ ਆਗੂ ਇਕਬਾਲ ਸਿੰਘ, ਗਾਂਧੀ ਸਿੰਘ ਤੇ ਚਰਨਾ ਸਿੰਘ ਵੀ ਹਾਜ਼ਰ ਸਨ।