
ਗੁਰਦੀਪ ਸਿੰਘ ਲਾਲੀ
ਸੰਗਰੂਰ, 8 ਫਰਵਰੀ
ਆਲ ਪੈਨਸ਼ਨਰਜ਼ ਵੈਲਫ਼ੇਅਰ ਐਸੋਸੀਏਸ਼ਨ ਦੀ ਅਗਵਾਈ ਹੇਠ ਵੱਖ-ਵੱਖ ਵਿਭਾਗਾਂ ਦੇ ਪੈਨਸ਼ਨਰਾਂ ਵੱਲੋਂ ਇਥੇ ਡੀਸੀ ਦਫ਼ਤਰ ਅੱਗੇ ਪੈਨਸ਼ਨਰਾਂ ਦੀਆਂ ਮੰਗਾਂ ਸਬੰਧੀ ਪੰਜਾਬ ਸਰਕਾਰ ਦੇ ਲਾਰਿਆਂ ਦੀ ਪੰਡ ਅਤੇ ਅਰਥੀ ਫੂਕਦਿਆਂ ਪ੍ਰਦਰਸ਼ਨ ਕੀਤਾ ਗਿਆ ਅਤੇ ਸਰਕਾਰ ’ਤੇ ਵਾਅਦਾ ਖ਼ਿਲਾਫ਼ੀ ਦੇ ਦੋਸ਼ ਲਾਉਂਦਿਆਂ ਨਾਅਰੇਬਾਜ਼ੀ ਕੀਤੀ ਗਈ। ਆਲ ਪੈਨਸ਼ਨਰਜ਼ ਵੈਲਫ਼ੇਅਰ ਐਸੋਸੀਏਸ਼ਨ ਦੇ ਬੈਨਰ ਹੇਠ ਸਰਪ੍ਰਸਤ ਜਗਦੀਸ਼ ਸ਼ਰਮਾ, ਪ੍ਰਧਾਨ ਅਰਜਨ ਸਿੰਘ, ਪੁਲੀਸ ਐਸੋਸੀਏਸ਼ਨ ਦੇ ਪ੍ਰਧਾਨ ਅਜਮੇਰ ਸਿੰਘ ਅਤੇ ਸੁਰਿੰਦਰ ਬਾਲੀਆਂ ਦੀ ਅਗਵਾਈ ਹੇਠ ਪੈਨਸ਼ਨਰ ਡੀਸੀ ਦਫ਼ਤਰ ਅੱਗੇ ਇਕੱਠੇ ਹੋਏ ਅਤੇ ਸਰਕਾਰ ਦੇ ਲਾਰਿਆਂ ਦੀ ਪੰਡ ਫ਼ੂਕੀ ਗਈ। ਇਸ ਮੌਕੇ ਬਿੱਕਰ ਸਿੰਘ ਸਿਬੀਆ, ਬਲਵੰਤ ਸਿੰਘ ਢਿੱਲੋਂ, ਮੇਲਾ ਸਿੰਘ ਪੁੰਨਾਵਾਲ, ਭਰਥਰੀ ਸਿੰਘ ਸ਼ਰਮਾ ਅਤੇ ਸੀਤਾ ਰਾਮ ਸਰਮਾ ਨੇ ਦੋਸ਼ ਲਾਇਆ ਪੰਜਾਬ ਸਰਕਾਰ ਵਲੋਂ ਪੈਨਸ਼ਨਰਾਂ ਦੀਆਂ ਮੰਗਾਂ ਨੂੰ ਲਗਾਤਾਰ ਅਣਗੌਲਿਆ ਕਰਕੇ ਟਾਲ ਮਟੋਲ ਦੀ ਨੀਤੀ ਅਪਣਾਈ ਜਾ ਰਹੀ ਹੈ, ਜਿਸ ਕਾਰਨ ਪੈਨਸ਼ਨਰ ਵਰਗ ਵਿਚ ਸਰਕਾਰ ਪ੍ਰਤੀ ਭਾਰੀ ਰੋਸ ਹੈ। ਪੰਜਾਬ ਸਰਕਾਰ ਵੱਲੋਂ 1/2015 ਤੋਂ 1/2023 ਤੱਕ 113 ਮਹੀਨਿਆਂ ਦੇ ਬਕਾਏ, 7/22 ਦੀ 4 ਫੀਸਦ ਡੀਏ ਦੀ ਕਿਸ਼ਤ, ਲੀਵ ਇਨਕੈਸ਼ਮੈਂਟ ਦਾ ਬਕਾਇਆ 2016 ਤੋਂ ਪਹਿਲਾ ਸੇਵਾਮੁਕਤ ਪੈਨਸ਼ਨਰਾਂ ਨੂੰ ਪੈਨਸ਼ਨ ਫਿਕਸ਼ੇਸਨ ਕਰਨ ਲਈ 2.59 ਦਾ ਗੁਣਾਂਕ, ਨੋਸ਼ਨਲ ਫਿਕਸਿੰਗ ਦਾ ਫਾਰਮੂਲਾ ਨਾ ਦੇਣਾ ਅਤੇ ਅਦਾਲਤਾਂ ਵੱਲੋਂ ਪੈਨਸ਼ਨਰਾਂ ਦੇ ਹੱਕ ਵਿੱਚ ਦਿੱਤੇ ਫੈਸਲੇ ਲਾਗੂ ਨਾ ਕਰਨਾ, 119 ਫੀਸਦ ਡੀਏ ਮਰਜ ਕਰਕੇ ਪੈਨਸ਼ਨ ਰੀਵਾਇਜ਼ਡ ਨਾ ਕਰਨਾ ਸਰਕਾਰ ਦੀ ਪੈਨਸ਼ਨ ਵਿਰੋਧੀ ਨੀਤੀ ਦਾ ਪਰਦਾਫਾਸ਼ ਕਰਦਾ ਹੈ। ਸਰਕਾਰ ਬਣਨ ਤੋਂ ਹੁਣ ਤੱਕ ਐੱਮਐੱਲਏ, ਮੰਤਰੀ ਅਤੇ ਜ਼ਿਲ੍ਹਾ ਸੰਗਰੂਰ ਨਾਲ ਸੰਬੰਧਤ ਵਿੱਤ ਮੰਤਰੀ ਨੂੰ ਕਈ ਵਾਰ ਮੰਗਾਂ ਦੇ ਯਾਦ ਪੱਤਰ ਦਿੱਤੇ ਗਏ ਪਰ ਸਰਕਾਰ ਦਾ ਮੰਗਾਂ ਪ੍ਰਤੀ ਰਵੱਈਆਂ ਨਾ-ਪੱਖੀ ਹੀ ਰਿਹਾ ਹੈ। ਉਨ੍ਹਾਂ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਮੰਗਾਂ ਨਾ ਮੰਨੀਆਂ ਤਾਂ ਪੰਜਾਬ ਪੈਨਸ਼ਨਰ ਜੁਆਇੰਟ ਫਰੰਟ ਪੰਜਾਬ ਦੇ ਫੈਸਲੇ ਅਨੁਸਾਰ 15 ਫਰਵਰੀ 2023 ਨੂੰ ਸਾਰੇ ਡਿਪਟੀ ਕਮਿਸ਼ਨਰ ਦਫਤਰਾਂ ਅੱਗੇ ਰੋਸ ਮੁਜਾਹਾਰੇ ਕੀਤੇ ਜਾਣਗੇ। ਜੇ ਫਿਰ ਵੀ ਚੁੱਪ ਧਾਰੀ ਰੱਖੀ ਤਾਂ ਪੰਜਾਬ ਦੇ ਪੈਨਸਨ 19 ਫਰਵਰੀ ਨੂੰ ਚੰਡੀਗੜ੍ਹ ਵਿਖੇ ਮੁਜਾਹਾਰਾ ਕਰਕੇ ਸਰਕਾਰ ਦੀ ਵਾਅਦਾ ਖ਼ਿਲਾਫ਼ੀ ਦਾ ਪਰਦਾਫਾਸ਼ ਕਰਨਗੇ। ਇਸ ਮੌਕੇ ਸੱਤਪਾਲ ਕਲਸੀ, ਬਲਵੀਰ ਸਿੰਘ ਰਤਨ, ਅਮਰਨਾਥ ਸਰਮਾ, ਭਰਥਰੀ ਸਰਮਾ, ਸ਼ਿਵ ਕੁਮਾਰ, ਮੰਗਲ ਰਾਣਾ, ਕੁਲਵੰਤ ਸਿੰਘ, ਜਸਪਾਲ ਸਿੰਘ, ਮੇਲਾ ਸਿੰਘ, ਅਮਰਜੀਤ ਸਿੰਘ, ਹਰਬੰਸ ਜਿੰਦਲ, ਸਵਰਨਜੀਤ ਸਿੰਘ ਮੈਂਬਰ ਜਮਹੂਰੀ ਸਭਾ, ਜੈ ਸਿੰਘ ਤੇ ਸਤਨਾਮ ਬਾਜਵਾ ਨੇ ਸੰਬੋਧਨ ਕੀਤਾ।
ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ