ਬੀਰ ਇੰਦਰ ਸਿੰਘ ਬਨਭੌਰੀ/ਜਗਤਾਰ ਸਿੰਘ ਨਹਿਲ
ਸੁਨਾਮ ਊਧਮ ਸਿੰਘ ਵਾਲਾ/ਲੌਂਗੋਵਾਲ, 17 ਅਕਤੂਬਰ
ਪਿੰਡ ਨਮੋਲ ਵਿੱਚ ਪਰਾਲੀ ਦੇ ਧੂੰਏਂ ਦੀਆਂ ਹਾਨੀਆਂ ਦੱਸਣ ਆਏ ਪ੍ਰਸ਼ਾਸਨਿਕ ਅਧਿਕਾਰੀਆਂ ਦਾ ਕਿਸਾਨਾਂ ਵੱਲੋਂ ਘਿਰਾਓ ਕੀਤਾ ਗਿਆ। ਕਿਸਾਨਾਂ ਨੇ ਕਰੀਬ ਦੋ ਘੰਟੇ ਤੱਕ ਤਹਿਸੀਲਦਾ ਸੁਨਾਮ, ਨਾਇਬ ਤਹਿਸੀਲਦਾਰ, ਕਾਨੂੰਗੋ ਅਤੇ ਪਟਵਾਰੀ ਨੂੰ ਘੇਰੀ ਰੱਖਿਆ।
ਇਸ ਸਬੰਧੀ ਕ੍ਰਾਂਤੀਕਾਰੀ ਕਿਸਾਨ ਯੂਨੀਅਨ (ਪੰਜਾਬ) ਦੇ ਆਗੂ ਜਗਸੀਰ ਨਮੋਲ ਅਤੇ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਆਗੂ ਹੈਪੀ ਸਿੰਘ ਤੇ ਜੀਤ ਸਿੰਘ ਨੇ ਕਿਹਾ ਕਿ ਇਕ ਪਾਸੇ ਪੰਜਾਬ ਵਿੱਚ ਚੱਲ ਰਹੇ ਕਿਸਾਨੀ ਸੰਘਰਸ਼ ਵਿੱਚ ਸੂਬਾ ਸਰਕਾਰ ਕਿਸਾਨਾਂ ਨਾਲ ਖੜ੍ਹਨ ਦਾ ਢੌਂਗ ਕਰ ਰਹੀ ਹੈ, ਦੂਜੇ ਪਾਸੇ ਜਾਗਰੂਕਤਾ ਦੇ ਬਹਾਨੇ ਸੂਬਾ ਸਰਕਾਰ ਦੇ ਅਧਿਕਾਰੀ ਕਿਸਾਨਾਂ ਨੂੰ ਸਮਝਾਉਣ ਦੇ ਬਹਾਨੇ ਧਮਕਾ ਰਹੇ ਹਨ। ਆਗੂਆਂ ਕਿਹਾ ਕਿ ਕਿਸਾਨ ਪੰਜਾਬ ਸਰਕਾਰ ਦੀਆਂ ਚਲਾਕੀਆਂ ਨੂੰ ਚੱਲਣ ਨਹੀਂ ਦੇਣਗੇ। ਜੇਕਰ ਸਰਕਾਰ ਦੇ ਅਧਿਕਾਰੀ ਜਾਗਰੂਕਤਾ ਦੇ ਬਹਾਨੇ ਕਿਸਾਨਾਂ ਨੂੰ ਧਮਕਾਉਣ ਲਈ ਪਿੰਡਾਂ ਵਿੱਚ ਆਉਂਦੇ ਹਨ ਤਾਂ ਕਿਸਾਨਾਂ ਵੱਲੋਂ ਇਸ ਦਾ ਸਖ਼ਤ ਵਿਰੋਧ ਕੀਤਾ ਜਾਵੇਗਾ।
ਆਗੂਆਂ ਕਿਹਾ ਕਿ ਅੱਜ ਪ੍ਰਦੂਸ਼ਣ ਦਾ ਬਹਾਨਾ ਲਾ ਕੇ ਸਰਕਾਰ ਕਿਸਾਨਾਂ ਦੇ ਗਲ ਗੂਠਾ ਦੇ ਰਹੀ ਹੈ ਜਦੋਂ ਕਿ ਕਿਸਾਨ ਪਹਿਲਾਂ ਹੀ ਖੇਤੀ ਸੰਕਟ ਵਿੱਚ ਫਸ ਚੁੱਕੇ ਹਨ। ਉਨ੍ਹਾਂ ਕਿਹਾ ਕਿ ਪਰਾਲੀ ਦੀ ਖੇਤ ਵਿੱਚ ਹੀ ਖਪਤ ਕਰਨ ਲਈ ਗਰੀਬ ਕਿਸਾਨ ਮਹਿੰਗੇ ਭਾਅ ਦੀ ਮਸ਼ੀਨਰੀ ਖਰੀਦਣ ਅਸਮਰਥ ਹਨ। ਉੱਧਰ ਪੰਜਾਬ ਰੈਡੀਕਲ ਸਟੂਡੈਂਟਸ ਯੂਨੀਅਨ ਵੱਲੋਂ ਵੀ ਕਿਸਾਨਾਂ ਦੇ ਇਸ ਫੈਸਲੇ ਦੀ ਹਮਾਇਤ ਕੀਤੀ ਹੈ। ਇਸ ਮੌਕੇ ਸਰਬਜੀਤ ਸਿੰਘ, ਰਾਮ ਸਿੰਘ ਤੇ ਦਰਸ਼ਨ ਸਿੰਘ ਆਦਿ ਹਾਜ਼ਰ ਸਨ।
ਇਸ ਸਬੰਧੀ ਸੁਨਾਮ ਦੇ ਤਹਿਸੀਲਦਾਰ ਕੁਲਦੀਪ ਸਿੰਘ ਨੇ ਕਿਹਾ ਕਿ ਪਿੰਡ ਤੇ ਸਰਪੰਚ ਤੇ ਨੰਬਰਦਾਰ ਵੱਲੋਂ ਪਰਾਲੀ ਨਾ ਸਾੜਨ ਲਈ ਲੋਕਾਂ ਨੂੰ ਜਾਗਰੂਕ ਕਰਨ ਵਾਸਤੇ ਬੁਲਾਇਆ ਗਿਆ ਸੀ ਪਰ ਲੋਕਾਂ ਨੇ ਇਸ ਨੂੰ ਗਲਤ ਸਮਝਿਆ। ਉਨ੍ਹਾਂ ਕਿਹਾ ਕਿ ਬੇਸ਼ੱਕ ਲੋਕਾਂ ਵੱਲੋਂ ਅਧਿਕਾਰੀਆਂ ਦਾ ਵਿਰੋਧ ਕੀਤਾ ਗਿਆ ਪਰ ਉਹ ਫਿਰ ਵੀ ਅਪੀਲ ਕਰਦੇ ਹਨ ਕਿ ਪਰਾਲੀ ਨੂੰ ਬਿਨਾਂ ਸਾੜੇ ਹੀ ਕਣਕ ਦੀ ਬਿਜਾਈ ਕੀਤੀ ਜਾਵੇ।