ਰਮੇਸ਼ ਭਾਰਦਵਾਜ
ਲਹਿਰਾਗਾਗਾ, 4 ਅਕਤੂਬਰ
ਇੱਥੇ ਰਿਲਾਇੰਸ ਦੇ ਪੈਟਰੋਲ ਪੰਪ ਉੱਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਲਹਿਰਾਗਾਗਾ ਦੇ ਜਰਨਲ ਸੈਕਟਰੀ ਬਹਾਦਰ ਸਿੰਘ ਭੁਟਾਲ ਖੁਰਦ ਦੀ ਅਗਵਾਈ ਹੇਠ ਖੇਤੀ ਵਿਰੋਧੀ ਕਾਨੂੰਨਾਂ ਖ਼ਿਲਾਫ਼ ਪੱਕਾ ਮੋਰਚਾ ਅੱਜ ਲਗਾਤਾਰ 368ਵੇਂ ਦਿਨ ਜਾਰੀ ਰਿਹਾ। ਇਸ ਮੌਕੇ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੇ ਕੇਂਦਰ ਸਰਕਾਰ ਤੇ ਯੂਪੀ ਦੇ ਮੁੱਖ ਮੰਤਰੀ ਦਾ ਪੁਤਲਾ ਸਾੜ ਕੇ ਪਿੱਟ ਸਿਆਪਾ ਕੀਤਾ। ਇਸ ਮੌਕੇ ਸ਼ਿਵਰਾਜ ਸਿੰਘ ਗੁਰਨੇ ਕਲਾਂ ਨੇ ਕਿਹਾ ਕਿ ਪਿੰਡਾਂ ਵਿਚ ਹਰ ਵਰਗ ਜਾਗਰੂਕ ਹੋ ਚੁੱਕਿਆ ਹੈ। ਭਾਜਪਾ ਸਰਕਾਰ ਦੇ ਲੀਡਰ ਪਿੰਡਾਂ ਵਿਚ ਬਿਲਕੁਲ ਵੀ ਦਾਖਲ ਨਹੀਂ ਹੋਣ ਦਿੱਤੇ ਜਾਣਗੇ। ਉਨ੍ਹਾਂ ਕਿਹਾ ਕਿ ਖੇਤੀ ਕਾਨੂੰਨਾਂ ਨੂੰ ਕਿਸੇ ਵੀ ਹਾਲਤ ਵਿੱਚ ਲਾਗੂ ਨਹੀਂ ਹੋਣ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪਿੰਡਾਂ ਵਿਚ ਚਿੱਪ ਵਾਲੇ ਮੀਟਰ ਕਿਸੇ ਵੀ ਹਾਲ ਵਿੱਚ ਨਹੀਂ ਲੱਗਣ ਦਿੱਤੇ ਜਾਣਗੇ। ਅੱਜ ਧਰਨੇ ਨੂੰ ਪ੍ਰੀਤਮ ਸਿੰਘ ਲਹਿਲ ਕਲਾਂ, ਨਛੱਤਰ ਸਿੰਘ ਚੰਗਾਲੀਵਾਲਾ, ਗੁਰਚਰਨ ਸਿੰਘ ਬਖੋਰਾ, ਗੁਰਮੇਲ ਸਿੰਘ ਭੁਟਾਲ ਕਲਾਂ, ਬਲਦੇਵ ਸਿੰਘ ਡਸਕਾ, ਜਸਪਾਲ ਕੌਰ ਗੋਬਿੰਦਗੜ੍ਹ ਜੇਜੀਆਂ, ਗੁਰਮੇਲ ਕੌਰ ਕਾਲਵਣਜਾਰਾ, ਗੁਰਤੇਜ ਸਿੰਘ ਪਾਪੜਾ, ਜਗਤਾਰ ਸਿੰਘ ਬਖੋਰਾ ਖ਼ੁਰਦ, ਜਸਵਿੰਦਰ ਕੌਰ ਗਾਗਾ, ਹਰਮੇਸ਼ ਕੌਰ ਗਾਗਾ ਸੁਖਵੰਤ ਕੌਰ ਸੰਗਤੀਵਾਲਾ ਨੇ ਕਿਹਾ ਕਿ ਝੋਨੇ ਦੇ ਨਾੜ ਨੂੰ ਅੱਗ ਵੀ ਲਗਾਈ ਜਾਵੇਗੀ ਕਿਉਂਕਿ ਇਹ ਉਨ੍ਹਾਂ ਦੀ ਮਜਬੂਰੀ ਹੈ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਪ੍ਰਤੀ ਕੁਇੰਟਲ ਪਿੱਛੇ 200 ਰੁਪਏ ਦੇਵੇ ਤਾਂ ਕਿਸਾਨ ਉਸ ਰਕਮ ਨਾਲ ਪਰਾਲੀ ਦਾ ਕੋਈ ਹੀਲਾ ਕਰ ਸਕਦੇ ਹਨ।
ਇਸੇ ਦੌਰਾਨ ਲੋਕ ਚੇਤਨਾ ਮੰਚ ਲਹਿਰਾਗਾਗਾ ਅਤੇ ਭਰਾਤਰੀ ਜਥੇਬੰਦੀਆਂ ਨੇ ਲਖੀਮਪੁਰ ਖੀਰੀ ਦੀ ਘਟਨਾ ਦੀ ਸ਼ਬਦਾਂ ਵਿਚ ਨਿਖੇਧੀ ਕੀਤੀ ਹੈ। ਉਨ੍ਹਾਂ ਕਿਹਾ ਤਿੰਨੇ ਖੇਤੀ ਕਾਨੂੰਨਾਂ ਖ਼ਿਲਾਫ਼ ਸੰਘਰਸ਼ ਕਰ ਰਹੇ ਕਿਸਾਨਾਂ ਦੀ ਸ਼ਹਾਦਤ ਇਸ ਸੰਘਰਸ਼ ਦੇ ਰੋਹ ਨੂੰ ਹੋਰ ਤੇਜ਼ ਕਰੇਗੀ। ਲੋਕ ਚੇਤਨਾ ਮੰਚ, ਲਹਿਰਾਗਾਗਾ ਅਤੇ ਭਰਾਤਰੀ ਜਥੇਬੰਦੀਆਂ ਦੇ ਬੁਲਾਰਿਆਂ ਮਾਸਟਰ ਹਰਭਗਵਾਨ ਗੁਰਨੇ, ਪੂਰਨ ਸਿੰਘ ਖਾਈ, ਸੁਖਦੇਵ ਚੰਗਾਲੀਵਾਲਾ, ਨਾਮਦੇਵ ਭੁਟਾਲ, ਜਸਵਿੰਦਰ ਗਾਗਾ ਨੇ ਕਿਹਾ ਕਿ ਮੋਦੀ ਸਰਕਾਰ ਕਿਸਾਨ ਅੰਦੋਲਨ ਤੋਂ ਬੁਖਲਾ ਗਈ ਹੈ ਅਤੇ ਕਿਸਾਨਾਂ ਵਿੱਚ ਭੜਕਾਹਟ ਪੈਦਾ ਕਰਨ ਲਈ ਅਜਿਹੇ ਹਥਕੰਡੇ ਵਰਤ ਰਹੀ ਹੈ। ਅੱਜ ਦੇ ਇਸ ਪ੍ਰਦਰਸ਼ਨ ਵਿੱਚ ਮਾਲਵਾ ਹੇਕ ਦੇ ਜਗਦੀਸ਼ ਪਾਪੜਾ, ਸ਼ਮਿੰਦਰ ਸਿੰਘ, ਸੀਨੀਅਰ ਸਿਟੀਜ਼ਨਜ਼ ਐਸੋਸੀਏਸ਼ਨ ਦੇ ਪ੍ਰਿੰਸੀਪਲ ਪਿਆਰਾ ਲਾਲ, ਰਘਬੀਰ ਭੁਟਾਲ, ਸਫ਼ਾਈ ਮਜਦੂਰ ਯੂਨੀਅਨ ਦੇ ਪ੍ਰਧਾਨ ਜਗਸੀਰ ਸਿੰਘ, ਬਿਜਲੀ ਮੁਲਾਜ਼ਮ ਏਕਤਾ ਮੰਚ ਦੇ ਰਾਮਚੰਦਰ ਖਾਈ, ਬੀਕੇਯੂ (ਉਗਰਾਹਾਂ) ਦੇ ਡਾਕਟਰ ਗੁਰਜੀਤ ਸਿੰਘ, ਵੈਟਰਨਰੀ ਇੰਸਪੈਕਟਰ ਐਸੋਸੀਏਸ਼ਨ ਦੇ ਸੁਖਜਿੰਦਰ ਲਾਲੀ, ਕਿਸਾਨ ਵਿਕਾਸ ਫਰੰਟ ਦੇ ਮਹਿੰਦਰ ਸਿੰਘ, ਮੈਂਗਲ ਸਿੰਘ ਗਾਗਾ, ਵਰਿੰਦਰ ਭੁਟਾਲ, ਬਲਦੇਵ ਚੀਮਾ, ਕਿਰਨਪਾਲ ਸਿੰਘ, ਬਲਦੇਵ ਜਵਾਹਰਵਾਲਾ, ਹੌਲਦਾਰ ਤੇਜਾ ਸਿੰਘ, ਤਰਸੇਮ ਸਿੰਘ, ਜਗਸੀਰ ਸਿੰਘ ਕਾਲਵਣਜਾਰਾ ਹਾਜ਼ਰ ਸਨ।