ਹਰਦੀਪ ਸਿੰਘ ਸੋਢੀ
ਧੂਰੀ, 16 ਅਪਰੈਲ
ਸਾਬਕਾ ਵਿਧਾਇਕ ਤੇ ਕਾਂਗਰਸ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਦਲਵੀਰ ਸਿੰਘ ਗੋਲਡੀ ਨੇ ਅਪਣੇ ਸਮਰਥਕਾਂ ਨਾਲ ਮੀਟਿੰਗ ਮਗਰੋਂ ਲੋਕ ਸਭਾ ਹਲਕਾ ਸੰਗਰੂਰ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਸੁਖਪਾਲ ਸਿੰਘ ਖਹਿਰਾ ਦੀ ਹਮਾਇਤ ਕਰਨ ਦਾ ਫੈਸਲਾ ਕੀਤਾ ਹੈ। ਇਸ ਤੋਂ ਪਹਿਲਾਂ ਸ੍ਰੀ ਗੋਲਡੀ ਕਾਂਗਰਸ ਪਾਰਟੀ ਤੋਂ ਕਾਫੀ ਨਾਰਾਜ਼ ਦੱਸੇ ਜਾ ਰਹੇ ਸਨ ਪਰ ਅੱਜ ਉਨ੍ਹਾਂ ਦੇ ਇਸ ਫੈਸਲੇ ਤੋਂ ਬਾਅਦ ਉਨ੍ਹਾਂ ਦੇ ਸਿਆਸੀ ਵਿਰੋਧੀ ਜੋ ਗੋਲਡੀ ਬਾਰੇ ਕਈ ਤਰ੍ਹਾਂ ਦੀਆਂ ਟਿੱਪਣੀਆਂ ਕਰ ਰਹੇ ਸਨ ਉਨ੍ਹਾਂ ਦਾ ਉੱਤਰ ਉਨ੍ਹਾਂ ਨੂੰ ਮਿਲ ਗਿਆ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਰਦਾਰ ਗੋਲਡੀ ਨੇ ਕਿਹਾ ਕਿ ਉਹ ਕਾਂਗਰਸ ਪਾਰਟੀ ਦੇ ਵਫਾਦਾਰ ਸਿਪਾਹੀ ਹਨ ਤੇ ਭਵਿੱਖ ਵਿੱਚ ਵੀ ਰਹਿਣਗੇ। ਉਨ੍ਹਾਂ ਕਿਹਾ ਕਿ ਸੰਗਰੂਰ ਲੋਕ ਸਭਾ ਹਲਕੇ ਤੋਂ ਕਾਂਗਰਸ ਪਾਰਟੀ ਨੇ ਕਾਂਗਰਸ ਦੇ ਸੀਨੀਅਰ ਨੇਤਾ ਸੁਖਪਾਲ ਸਿੰਘ ਖਹਿਰਾ ਨੂੰ ਟਿਕਟ ਦੇ ਕੇ ਮੈਦਾਨ ਵਿੱਚ ਉਤਾਰਿਆ ਹੈ, ਦੀ ਪੂਰਨ ਹਮਾਇਤ ਕੀਤੀ ਜਾਵੇਗੀ ਹਾਲਾਂਕਿ ਸ੍ਰੀ ਖਹਿਰਾ ਨੂੰ ਟਿਕਟ ਦੇਣ ਤੋਂ ਪਹਿਲਾਂ ਕਾਂਗਰਸ ਪਾਰਟੀ ਨੇ ਉਨ੍ਹਾਂ ਨਾਲ ਕੋਈ ਸਲਾਹ ਮਸ਼ਵਰਾ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਲੋਕ ਸਭਾ ਚੋਣਾਂ ਵਿੱਚ ਪੰਜਾਬ ਤੋਂ ਇਲਾਵਾ ਪੂਰੇ ਦੇਸ਼ ਵਿੱਚ ਚੰਗਾ ਪ੍ਰਦਰਸ਼ਨ ਕਰਦੇ ਹੋਏ ਦੇਸ਼ ਅੰਦਰ ਆਪਣੀ ਸਰਕਾਰ ਬਣਾਏਗੀ। ਇਸ ਮੌਕੇ ਡਾ. ਨਵੀਨ ਸੇਠ, ਸਰਪੰਚ ਮਿੱਠੂ ਲੱਡਾ ਗੁਰਪਿਆਰ ਸਿੰਘ ਨੂਰਾਂ, ਇੰਦਰਜੀਤ ਸਿੰਘ ਗੋਲਡੀ ਤੇ ਹੋਰ ਹਾਜ਼ਰ ਸਨ। ਦੂਸਰੇ ਪਾਸੇ ਸੁਖਪਾਲ ਸਿੰਘ ਖਹਿਰਾ ਨੇ ਗੱਲਬਾਤ ਕਰਦਿਆਂ ਦਲਵੀਰ ਸਿੰਘ ਗੋਲਡੀ ਦੇ ਇਸ ਫੈਸਲੇ ਦਾ ਸਵਾਗਤ ਕੀਤਾ। ਉਨ੍ਹਾਂ ਕਿਹਾ ਕਿ ਗੋਲਡੀ ਉਨ੍ਹਾਂ ਦੇ ਛੋਟੇ ਭਰਾਵਾਂ ਵਾਂਗ ਹਨ। ਇਹ ਲੋਕ ਸਭਾ ਚੋਣ ਉਹ ਨਹੀਂ ਗੋਲਡੀ ਹੀ ਲੜ ਰਿਹਾ ਹੈ।