ਐੱਸ.ਐੱਸ. ਸੱਤੀ
ਮਸਤੂਆਣਾ ਸਾਹਿਬ, 25 ਜੂਨ
ਇਲਾਕੇ ਵਿਚ ਪਿਛਲੇ ਕਈ ਦਿਨਾਂ ਤੋਂ ਪੈ ਰਹੀ ਅਤਿ ਦੀ ਗਰਮੀ ਕਾਰਨ ਹਾਲੋਂ-ਬੇਹਾਲ ਹੋਏ ਲੋਕਾਂ ਨੂੰ ਅੱਜ ਉਸ ਸਮੇਂ ਰਾਹਤ ਮਿਲੀ ਜਦੋਂ ਇਲਾਕੇ ਵਿੱਚ ਭਰਵਾਂ ਮੀਂਹ ਪਿਆ। ਅੱਜ ਇਲਾਕੇ ਵਿੱਚ ਪਏ ਤੇਜ਼ ਮੀਂਹ ਅਤੇ ਤੇਜ ਚੱਲੀ ਹਨੇਰੀ-ਝੱਖੜ ਨੇ ਕਈ ਥਾਵਾਂ ’ਤੇ ਦਰੱਖਤਾਂ ਨੂੰ ਜੜ੍ਹੋਂ ਪੁੱਟ ਦਿੱਤਾ। ਮੀਂਹ ਨਾਲ ਜਿੱਥੇ ਲੋਕਾਂ ਨੂੰ ਅਤਿ ਦੀ ਪੈ ਰਹੀ ਗਰਮੀ ਤੋਂ ਰਾਹਤ ਮਿਲੀ, ਉੱਥੇ ਹੀ ਇਹ ਬਾਰਿਸ਼ ਫ਼ਸਲਾਂ, ਸਬਜ਼ੀਆਂ ਅਤੇ ਹਰੇ-ਚਾਰੇ ਲਈ ਲਾਹੇਵੰਦ ਸਾਬਿਤ ਹੋਵੇਗੀ।
ਇਸ ਬਰਸਾਤ ਨਾਲ ਜਿੱਥੇ ਕਿਸਾਨਾਂ ਨੂੰ ਬਿਜਲੀ ਕੱਟਾਂ ਤੋਂ ਰਾਹਤ ਮਿਲੇਗੀ, ਉੱਥੇ ਹੀ ਕਿਸਾਨਾਂ ਨੂੰ ਕੱਦੂ ਕਰਨਾ ਵੀ ਸੁਖਾਲਾ ਹੋ ਗਿਆ ਹੈ। ਇਸ ਤੋਂ ਇਲਾਵਾ ਸੜਕਾਂ ’ਤੇ ਦਰੱਖਤ ਡਿੱਗਣ ਕਾਰਨ ਜਿੱਥੇ ਆਵਾਜਾਈ ਵਿੱਚ ਵਿਘਨ ਪਿਆ, ਉੱਥੇ ਹੀ ਸੜਕਾਂ ਦੇ ਕਿਨਾਰਿਆਂ ਤੋਂ ਮਿੱਟੀ ਦੀ ਖਾਰ ਪੈਣ ਕਾਰਨ ਰਾਤ-ਬਰਾਤੇ ਸੜਕ ਹਾਦਸੇ ਵਾਪਰਣ ਦਾ ਡਰ ਬਣਿਆ ਹੋਇਆ ਹੈ। ਪਿੰਡ ਕਾਂਝਲਾ ਦੇ ਜਨ ਸਹਾਰਾ ਕਲੱਬ ਦੇ ਚੇਅਰਮੈਨ ਜੱਗੀ ਢਿੱਲੋਂ ਕਾਹਨਗੜ੍ਹੀਆ, ਵਾਈਸ ਚੇਅਰਮੈਨ ਭਗਵੰਤ ਰਾਏ ਜ਼ੋਸੀ, ਜੱਗਾ ਸਿੰਘ, ਕਾਕਾ ਸਿੰਘ, ਮਲਕੀਤ ਸਿੰਘ ਫ਼ੌਜੀ, ਕੁਲਵੰਤ ਸਿੰਘ, ਤਰਸੇਮ ਹਸਨਪੁਰ, ਪਾਲਾ ਸਿੰਘ ਕਾਹਨਗੜ੍ਹੀਆ, ਜਸਵੀਰ ਸਿੰਘ ਖੀਪਲ, ਸਰਬਜੀਤ ਸਿੰਘ ਪੱਪੂ, ਜਗਤਾਰ ਸਿੰਘ ਅਤੇ ਹੋਰ ਪਿੰਡ ਦੀਆਂ ਮੋਹਤਬਰ ਵਿਅਕਤੀਆਂ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਗਈ ਕਿ ਕਾਂਝਲਾ ਤੋਂ ਮਸਤੂਆਣਾ ਸਾਹਿਬ ਮੇਨ ਸੜਕ ਦੇ ਆਲੇ-ਦੁਆਲੇ ਕਾਫੀ ਖਾਰ ਪੈ ਗਈ ਹੈ, ਇਸ ਕਰ ਕੇ ਸੜਕ ਦੇ ਨਾਲ ਬਰਮਾਂ ’ਤੇ ਮਿੱਟੀ ਪਵਾਈ ਜਾਵੇ ਤਾਂ ਜੋ ਤੇਜ਼ ਬਾਰਿਸ਼ ਕਾਰਨ ਸੜਕਾਂ ਦੇ ਕਿਨਾਰਿਆਂ ’ਤੇ ਖਾਰ ਨਾ ਪੈ ਸਕੇ।
ਇਸੇ ਤਰ੍ਹਾਂ ਪਿੰਡ ਕੁੰਨਰਾਂ ਤੋਂ ਬਹਾਦਰਪੁਰ, ਬਡਰੁੱਖਾਂ ਤੋਂ ਉਭਾਵਾਲ, ਚੰਗਾਲ ਤੋਂ ਹਰੇੜੀ ਅਤੇ ਮਸਤੂਆਣਾ ਸਾਹਿਬ ਨੂੰ ਆਉਣ ਵਾਲੀ ਸੜਕ ਦੇ ਕਿਨਾਰਿਆਂ ’ਤੇ ਵੀ ਕਈ ਥਾਵਾਂ ’ਤੇ ਖਾਰ ਪੈ ਗਈ ਹੈ। ਇਸ ਨਾਲ ਸੜਕ ’ਤੇ ਕਦੇ ਵੀ ਕੋਈ ਵੱਡਾ ਹਾਦਸਾ ਵਾਪਰ ਸਕਦਾ ਹੈ। ਉਪਰੋਕਤ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਪ੍ਰਸ਼ਾਸਨ ਨੂੰ ਇਧਰ ਧਿਆਨ ਦੇਣ ਦੀ ਲੋੜ ਹੈ।