ਗੁਰਦੀਪ ਸਿੰਘ ਲਾਲੀ
ਸੰਗਰੂਰ, 23 ਸਤੰਬਰ
ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਅਤੇ ਦਿ ਕਲਾਸ ਫੋਰ ਗੌਰਮਿੰਟ ਐਂਪਲਾਈਜ਼ ਯੂਨੀਅਨ ਦੀ ਅਗਵਾਈ ਹੇਠ ਦਰਜਾ-3, ਦਰਜਾ-4, ਠੇਕਾ ਅਤੇ ਆਊਟ ਸੋਰਸਿਜ਼ ਮੁਲਾਜ਼ਮਾਂ ਦੀਆਂ ਮੰਗਾਂ ਨਾ ਮੰਨੇ ਜਾਣ ਦੇ ਰੋਸ ਵਜੋਂ ਮੁਲਾਜ਼ਮਾਂ ਨੇ ਇੱਥੇ ਸਿਵਲ ਸਿਰਜਨ ਦਫ਼ਤਰ ਅੱਗੇ ਰੋਸ ਧਰਨਾ ਦਿੱਤਾ ਅਤੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ।
ਧਰਨੇ ਨੂੰ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਦੇ ਸੂਬਾਈ ਜਨਰਲ ਸਕੱਤਰ ਰਣਜੀਤ ਸਿੰਘ ਰਾਣਵਾਂ, ਜ਼ਿਲ੍ਹਾ ਚੇਅਰਮੈਨ ਜੀਤ ਸਿੰਘ ਬੰਗਾ, ਜ਼ਿਲ੍ਹਾ ਪ੍ਰਧਾਨ ਸੀਤਾ ਰਾਮ ਸ਼ਰਮਾ, ਜਨਰਲ ਸਕੱਤਰ ਕੰਵਰਜੀਤ ਸਿੰਘ, ਸੀਨੀਅਰ ਮੀਤ ਪ੍ਰਧਾਨ ਗੁਰਪ੍ਰੀਤ ਸਿੰਘ ਮੰਗਵਾਲ ਅਤੇ ਦਰਜਾ ਚਾਰ ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਮੇਲਾ ਸਿੰਘ ਪੁੰਨਾਂਵਾਲ ਨੇ ਦੋਸ਼ ਲਾਇਆ ਕਿ ਸਰਕਾਰ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀਆਂ ਮੰਗਾਂ ਨੂੰ ਨਜ਼ਰ-ਅੰਦਾਜ਼ ਕਰ ਰਹੀ ਹੈ। ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ 20 ਸਤੰਬਰ ਨੂੰ ਸਾਂਝੇ ਫਰੰਟ ਦੇ ਆਗੂਆਂ ਨਾਲ ਮੰਗਾਂ ਦੇ ਨਿਪਟਾਰੇ ਸਬੰਧੀ ਕੋਈ ਠੋਸ ਭਰੋਸਾ ਨਹੀਂ ਦਿੱਤਾ ਗਿਆ ਜਿਸ ਕਾਰਨ ਮੁਲਾਜ਼ਮਾਂ ’ਚ ਰੋਸ ਹੈ।
ਉਨ੍ਹਾਂ ਕਿਹਾ ਕਿ ਠੇਕਾ ਆਧਾਰ ਮੁਲਾਜ਼ਮਾਂ ਨੂੰ ਰੈਗਲੂਰ ਕਰਨਾ, ਪੁਰਾਣੀ ਪੈਨਸ਼ਨ ਸਕੀਮ ਦੀ ਬਹਾਲੀ, ਛੇਵੇ ਤਨਖਾਹ ਕਮਿਸ਼ਨ ਦਾ ਏਰੀਅਰ ਅਤੇ 2016 ਤੋਂ ਬਾਅਦ ਦੇ ਮੁਲਾਜ਼ਮਾਂ ’ਤੇ ਏਰੀਅਰ ਸਮੇਤ ਛੇਵਾਂ ਤਨਖਾਹ ਕਮਿਸ਼ਨ ਲਾਗੂ ਕਰਨਾ, ਡੀਏ ਦੀਆਂ ਕਿਸ਼ਤਾਂ ਜਾਰੀ ਕਰਨ, ਸਫਰੀ ਭੱਤਾ, ਪੇਂਡੂ ਭੱਤਾ, ਬਾਰਡਰ ਭੱਤਾ ਸਮੇਤ ਬੰਦ ਕੀਤੇ 37 ਭੱਤੇ ਬਹਾਲ ਕਰਨਾ, ਸਮੁੱਚੇ ਮੁਲਾਜ਼ਮਾਂ/ਪੈਨਸ਼ਨਰਾਂ ਤੇ ਛੇਵੇ ਤਨਖਾਹ ਕਮਿਸ਼ਨ ਦੀ ਸਿਫਾਰਿਸ਼ਾਂ 2.71 ਗੁਣਾਂਕ ਮੁਤਾਬਕ ਲਾਗੂ ਕਰਨ ਸਮੇਤ ਹੋਰ ਮੰਗਾਂ ਸ਼ਾਮਲ ਹਨ। ਉਨ੍ਹਾਂ ਮੰਗ ਕੀਤੀ ਕਿ ਸਿਵਲ ਸਰਜਨ ਦਫਤਰ ਵਿੱਚ ਪੱਖਪਾਤੀ ਰਵੱਈਏ ਦੇ ਆਧਾਰ ’ਤੇ ਦਖਲ-ਅੰਦਾਜ਼ੀ ਬੰਦ ਕੀਤੀ ਜਾਵੇ, ਮੈਡੀਕਲ ਅਫਸਰਾਂ ਦੀਆਂ ਸੇਵਾ ਪੱਤਰੀਆਂ ਬਲਾਕ ਪੱਧਰ ’ਤੇ ਭੇਜਣ ਸਮੇਤ ਹੋਰ ਮੰਗਾਂ ਦਾ ਨਬਿੇੜਾ ਕੀਤਾ ਜਾਵੇ।
ਇਸ ਮੌਕੇ ਯੂਨੀਅਨ ਆਗੂ ਸਾਥੀ ਬਿੱਕਰ ਸਿੰਘ ਸਬਿੀਆ, ਪਰਮਿੰਦਰ ਕੁਮਾਰ , ਹਰਪ੍ਰੀਤ ਵਾਲੀਆ, ਨਿਗਾਹੀ ਰਾਮ, ਹੰਸ ਰਾਜ ਦੀਦਾਰਗੜ੍ਹ, ਗੁਰਮੀਤ ਸਿੰਘ ਮਿੱਡਾ, ਸੱਤਪਾਲ ਮੌੜ, ਰਮੇਸ਼ ਕੁਮਾਰ, ਅਵਤਾਰ ਗੰਢੂਆ, ਰਵਿੰਦਰ ਸ਼ਰਮਾ, ਤੋਤਾ ਖਾਨ, ਕੇਵਲ ਸਿੰਘ ਗੁਜਰਾ, ਕੁਲਵਿੰਦਰ ਸਿੱਧੂ ਤੇ ਭਿੱਲਾ ਸਿੰਘ ਮੌੜਾਂ ਨੇ ਵੀ ਸੰਬੋਧਨ ਕੀਤਾ। ਧਰਨੇ ’ਚ ਪ੍ਰਸ਼ਾਸਨ ਵੱਲੋਂ ਪੁੱਜੇ ਤਹਿਸੀਲਦਾਰ ਸੰਦੀਪ ਕੁਮਾਰ ਨੇ ਮੰਗ ਪੱਤਰ ਲਿਆ ਅਤੇ ਸਰਕਾਰ ਤੱਕ ਪਹੁੰਚਾਉਣ ਦਾ ਭਰੋਸਾ ਦਿੱਤਾ।