ਮੇਜਰ ਸਿੰਘ ਮੱਟਰਾਂ
ਭਵਾਨੀਗੜ੍ਹ,18 ਫਰਵਰੀ
ਬੀਤੀ ਰਾਤ ਇੱਥੇ ਸ਼ਹਿਰ ਦੀ ਨੈਸ਼ਨਲ ਹਾਈਵੇਅ ’ਤੇ ਪੁਰਾਣੇ ਅਤੇ ਨਵੇਂ ਅੱਡੇ ਨੇੜੇ ਸਥਿੱਤ 3 ਮੈਡੀਕਲ ਸਟੋਰਾਂ ਦੇ ਸ਼ਟਰ ਤੋੜ ਕੇ ਚੋਰ ਨਕਦੀ ਚੋਰੀ ਕਰਕੇ ਰਫ਼ੂ ਚੱਕਰ ਹੋ ਗਏ।ਇਸ ਸਬੰਧੀ ਘੁੰਮਣ ਮੈਡੀਕਲ ਹਾਲ ਦੇ ਮਾਲਕ ਗਗਨ ਘੁੰਮਣ ਨੇ ਦੱਸਿਆ ਕਿ ਬੀਤੀ ਦੇਰ ਰਾਤ ਕਰੀਬ 3: 25 ਮਿੰਟ ’ਤੇ ਦੋ ਅਣਪਛਾਤੇ ਚੋਰ ਉਸ ਦੀ ਦੁਕਾਨ ਦਾ ਸ਼ਟਰ ਤੋੜ ਕੇ ਦੁਕਾਨ ’ਚ ਦਾਖਲ ਹੋਏ ਅਤੇ ਗੱਲੇ ’ਚ ਪਈ 70 ਹਜ਼ਾਰ ਦੇ ਕਰੀਬ ਨਕਦੀ ਚੋਰੀ ਕਰਕੇ ਲੈ ਗਏ। ਉਨ੍ਹਾਂ ਦੱਸਿਆ ਕਿ ਇਹ ਸਾਰੀ ਘਟਨਾ ਦੁਕਾਨ ’ਚ ਲੱਗੇ ਸੀ.ਸੀ.ਟੀ.ਵੀ ਕੈਮਰਿਆਂ ’ਚ ਕੈਦ ਹੋ ਗਈ ਹੈ। ਦੋਵੇ ਅਣਪਛਾਤੇ ਮੋਨੇ ਵਿਅਕਤੀ ਸਨ, ਜਿਨ੍ਹਾਂ ਨੇ ਆਪਣੇ ਮੂੰਹ ਢੱਕੇ ਹੋਏ ਸਨ, ਜਿਨ੍ਹਾਂ ਨੇ ਬੇਖ਼ੌਫ ਹੋ ਕੇ ਚੋਰੀ ਦੀ ਘਟਨਾ ਨੂੰ ਅੰਜ਼ਾਮ ਦਿੱਤਾ। ਇਸ ਤਰ੍ਹਾਂ ਉਕਤ ਚੋਰਾਂ ਨੇ ਕੁਝ ਦੁਕਾਨਾਂ ਦੇ ਫਰਕ ਨਾਲ ਰਾਜ ਮੈਡੀਕਲ ਸਟੋਰ ਦਾ ਵੀ ਸ਼ਟਰ ਤੋੜ ਕੇ ਚੋਰੀ ਦੀ ਘਟਨਾ ਨੂੰ ਅੰਜ਼ਾਮ ਦਿੱਤਾ। ਦੁਕਾਨ ਦੇ ਮਾਲਕ ਪਿੰਟੂ ਨੇ ਦੱਸਿਆ ਕਿ ਚੋਰ ਉਸ ਦੀ ਦੁਕਾਨ ਦੇ ਗੱਲੇ ’ਚ ਪਈ 4 ਤੋਂ 5 ਹਜ਼ਾਰ ਰੁਪਏ ਦੀ ਨਗਦੀ ਚੋਰੀ ਕਰਕੇ ਲੈ ਗਏ। ਦੁਕਾਨਦਾਰ ਨੇ ਦੱਸਿਆ ਕਿ ਉਸ ਦੀ ਦੁਕਾਨ ’ਚ ਚੋਰੀ ਦੀ ਇਹ ਤੀਜੀ ਚੌਥੀ ਘਟਨਾ ਹੈ ਪਰ ਪੁਲੀਸ ਵੱਲੋਂ ਇਕ ਵਾਰ ਵੀ ਚੋਰਾਂ ਨੂੰ ਕਾਬੂ ਨਹੀਂ ਕੀਤਾ ਜਾ ਸਕਿਆ।
ਇਸੇ ਤਰ੍ਹਾਂ ਚੋਰ ਗਿਰੋਹ ਨੇ ਨਵੇ ਬੱਸ ਅੱਡੇ ਨੇੜੇ ਮੁੱਖ ਮਾਰਗ ’ਤੇ ਸਥਿਤ ਸਿੰਗਲਾ ਮੈਡੀਕਲ ਹਾਲ ਦਾ ਸ਼ਟਰ ਤੋੜ ਕੇ ਚੋਰੀ ਕੀਤੀ। ਦੁਕਾਨ ਦੇ ਮਾਲਕ ਨੇ ਦੱਸਿਆ ਕਿ ਚੋਰ ਉਸ ਦੇ ਗੱਲੇ ’ਚ ਸਾਰੀ ਨਕਦੀ ਲੈ ਗਏ। ਉਨ੍ਹਾਂ ਇਸ ਘਟਨਾ ਦੀ ਸੂਚਨਾ ਭਵਾਨੀਗੜ੍ਹ ਪੁਲੀਸ ਨੂੰ ਦੇ ਦਿੱਤੀ ਹੈ। ਪੁਲੀਸ ਨੇ ਤਿੰਨੋਂ ਦੁਕਾਨਾਂ ਤੇ ਪਹੁੰਚ ਕੇ ਜਾਇਜ਼ਾ ਲੈਣ ਉਪਰੰਤ ਆਪਣੀ ਕਾਰਵਾਈ ਸ਼ੁਰੂ ਕਰ ਦਿੱਤੀ।