ਐੱਸਐੱਸ ਸੱਤੀ
ਮਸਤੂਆਣਾ ਸਾਹਿਬ, 11 ਦਸੰਬਰ
ਇਤਿਹਾਸਕ ਨਗਰ ਅਕੋਈ ਸਾਹਿਬ ਦੇ ਅਗਾਂਹਵਧੂ ਕਿਸਾਨ ਗੁਰਮੀਤ ਸਿੰਘ ਵੱਲੋਂ ਫਸਲੀ ਵਿਭਿੰਨਤਾ ਅਤੇ ਵਾਤਾਵਰਨ ਨੂੰ ਸ਼ੁੱਧ ਰੱਖਣ ਵਿੱਚ ਆਪਣਾ ਅਹਿਮ ਯੋਗਦਾਨ ਪਾਇਆ ਜਾ ਰਿਹਾ ਹੈ। ਲਗਪਗ 20 ਏਕੜ ਰਕਬੇ ਵਿੱਚ ਖੇਤੀ ਕਰਨ ਵਾਲਾ ਇਹ ਕਿਸਾਨ 4 ਏਕੜ ਰਕਬੇ ਵਿੱਚ ਗੰਨਾ, 12 ਏਕੜ ਰਕਬੇ ਵਿੱਚ ਸਰ੍ਹੋਂ ਅਤੇ ਬਾਕੀ ਰਕਬੇ ਵਿੱਚ ਕਣਕ ਅਤੇ ਪਸ਼ੂਆਂ ਲਈ ਹਰੇ ਚਾਰੇ ਆਦਿ ਦੀ ਖੇਤੀ ਕਰਦਾ ਹੈ। ਉਹ ਸਾਲ 2015 ਤੋ ਲਗਾਤਾਰ ਝੋਨੇ ਦੀ ਪਰਾਲੀ ਦੀ ਨੂੰ ਅੱਗ ਨਾ ਲਗਾ ਕੇ ਕਣਕ ਅਤੇ ਹੋਰ ਫਸਲਾਂ ਦੀ ਬਿਜਾਈ ਕਰ ਰਿਹਾ ਹੈ। ਉਨ੍ਹਾਂ ਦੱਸਿਆ ਕਿ ਉਹ ਰਸਾਇਣਿਕ ਖਾਦਾਂ ਦੀ ਵਰਤੋਂ ਨਹੀਂ ਕਰਦਾ। ਖੇਤਾਂ ਵਿੱਚ ਗੰਨਾ, ਕਣਕ, ਸਬਜ਼ੀਆਂ, ਦਾਲਾਂ, ਪਸ਼ੂਆਂ ਦਾ ਚਾਰਾ ਆਦਿ ਫਸਲਾਂ ਨੂੰ ਜੈਵਿਕ ਖੇਤੀ ਦੀ ਤਕਨੀਕ ਅਪਣਾ ਕੇ ਜੈਵਿਕ ਖੇਤੀ ਕਰ ਰਿਹਾ ਹਾਂ। ਇਸ ਵਿਧੀ ਰਾਹੀਂ ਹੀ ਫਸਲਾਂ ਨੂੰ ਲੱਗਣ ਵਾਲੀਆਂ ਬਿਮਾਰੀਆਂ ਦੀ ਰੋਕਥਾਮ ਕਰਦਾ ਹੈ। ਇਸ ਮੌਕੇ ਖੇਤ ਵਿਚ ਪਹੁੰਚੇ ਡਾ. ਜਸਵਿੰਦਰਪਾਲ ਸਿੰਘ ਗਰੇਵਾਲ ਮੁੱਖ ਖੇਤੀਬਾੜੀ ਅਫਸਰ ਨੇ ਦੱਸਿਆ ਕਿ ਇਹ ਕਿਸਾਨ ਫਸਲੀ ਵਿਭਿੰਨਤਾ ਤਹਿਤ ਆਪਣੇ ਖੇਤਾਂ ਵਿੱਚ ਉਗਾਏ ਗਏ ਜੈਵਿਕ ਗੰਨੇ ਦੇ ਰਸ ਤੋਂ ਵੱਖ ਵੱਖ ਤਰ੍ਹਾਂ ਦੇ ਸਿਰਕਾ ਜਿਵੇਂ ਕਿ ਸੇਬ ਦਾ ਸਿਰਕਾ, ਜਾਮਨ, ਪੁਦੀਨੇ, ਚਕੰਦਰ, ਗਲੋਅ, ਲਸਣ, ਅਦਰਕ, ਅਰਜਨ ਅਤੇ ਕਿੱਕਰ ਦਾ ਸਿਰਕਾ ਆਦਿ ਆਪਣੇ ਪੱਧਰ ’ਤੇ ਤਿਆਰ ਕਰਦਾ ਹੈ। ਵੱਖ ਵੱਖ ਜ਼ਿਲ੍ਹਾ ਅਤੇ ਬਲਾਕ ਪੱਧਰੀ ਕੈਂਪਾਂ ਅਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵੱਲੋਂ ਕਿਸਾਨ ਮੇਲੇ ਵਿੱਚ ਵਿਸ਼ੇਸ਼ ਤੌਰ ’ਤੇ ਇਸ ਦਾ ਸਨਮਾਨ ਹੋ ਚੁੱਕਿਆ ਹੈ।