ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 11 ਅਪਰੈਲ
ਖੇਤੀ ਕਾਨੂੰਨਾਂ ਖ਼ਿਲਾਫ਼ ਚੱਲ ਰਹੇ ਰੋਸ ਧਰਨਿਆਂ ਵਿਚ ਕੇਂਦਰ ਸਰਕਾਰ ਖ਼ਿਲਾਫ਼ ਕਿਸਾਨਾਂ ਦੀ ਗਰਜ ਬਰਕਰਾਰ ਹੈ ਅਤੇ ਲਗਾਤਰ ਮੋਦੀ ਸਰਕਾਰ ਦੇ ਕਿਸਾਨ ਵਿਰੋਧੀ ਫੈਸਲਿਆਂ ਨੂੰ ਕਿਸਾਨ ਭੰਡ ਰਹੇ ਹਨ। ਕਿਸਾਨਾਂ ਨੇ ਦੋਸ਼ ਲਾਇਆ ਕਿ ਭਾਜਪਾ ਸਰਕਾਰ ਦੇਸ਼ ਦੇ ਲੋਕਾਂ ਨੂੰ ਵਿਸਾਰ ਕੇ ਮੁੱਠੀ ਭਰ ਕਾਰਪੋਰੇਟ ਘਰਾਣਿਆਂ ਦੀ ਸਰਕਾਰ ਬਣ ਕੇ ਰਹਿ ਗਈ ਹੈ ਅਤੇ ਚੋਣਾਂ ਮੌਕੇ ਦੇਸ਼ ਦੇ ਲੋਕਾਂ ਨਾਲ ਕੀਤੇ ਸਾਰੇ ਵਾਲੇ ਜੁਮਲੇ ਸਾਬਤ ਹੋਏ ਹਨ। ਕਿਸਾਨ ਆਗੂਆਂ ਨੇ ਕਿਹਾ ਕਿ ਭਾਜਪਾ ਨੂੰ ਦੇਸ਼ ਦੇ ਲੋਕਾਂ ਉਪਰ ਜਬਰੀ ਥੋਪੇ ਕਾਲੇ ਕਾਨੂੰਨਾਂ ਦਾ ਖਮਿਆਜ਼ਾ ਭੁਗਤਣਾ ਪਵੇਗਾ।
ਇਥੇ ਰੇਲਵੇ ਸਟੇਸ਼ਨ ਨੇੜੇ 31 ਕਿਸਾਨ ਜਥੇਬੰਦੀਆਂ ਦਾ ਪੱਕਾ ਰੋਸ ਧਰਨਾ ਜਾਰੀ ਹੈ ਜਦੋਂ ਕਿ ਭਾਕਿਯੂ ਏਕਤਾ ਉਗਰਾਹਾਂ ਵਲੋਂ ਭਾਜਪਾ ਆਗੂ ਦੇ ਘਰ ਅੱਗੇ ਅਤੇ ਰਿਲਾਇੰਸ ਪੰਪ ਖੇੜੀ ਅੱਗੇ ਕਿਸਾਨ ਪੱਕੇ ਧਰਨਿਆਂ ’ਤੇ ਡਟੇ ਹੋਏ ਹਨ। ਕਿਸਾਨ ਜਥੇਬੰਦੀਆਂ ਦੇ ਆਗੂਆਂ ਨਿਰਮਲ ਸਿੰਘ ਬਟੜਿਆਣਾ, ਹਰਮੇਲ ਸਿੰਘ ਮਹਿਰੋਕ, ਰੋਹੀ ਸਿੰਘ ਮੰਗਵਾਲ, ਗੱਜਣ ਸਿੰਘ ਲੱਡੀ ਆਦਿ ਨੇ ਸੰਬੋਧਨ ਕੀਤਾ ਜਦੋਂ ਕਿ ਭਾਕਿਯੂ ਏਕਤਾ ਉਗਰਾਹਾਂ ਦੇ ਧਰਨਿਆਂ ਨੂੰ ਗੋਬਿੰਦਰ ਸਿੰਘ ਮੰਗਵਾਲ, ਸਰੂਪ ਚੰਦ ਕਿਲਾਭਰੀਆਂ, ਗੋਬਿੰਦਰ ਸਿੰਘ ਬਡਰੁੱਖਾਂ, ਗੁਰਦੀਪ ਕੰਮੋਮਾਜਰਾ, ਲਾਭ ਸਿੰਘ ਖੁਰਾਣਾ, ਗੁਰਮੇਲ ਕੌਰ, ਕਰਨੈਲ ਕੌਰ, ਕਰਮਜੀਤ ਕੌਰ, ਕੁਲਵੰਤ ਕੌਰ ਅਤੇ ਜਗਸੀਰ ਕੌਰ ਨੇ ਸੰਬੋਧਨ ਕੀਤਾ। ਬੁਲਾਰਿਆਂ ਨੇ ਦੋਸ਼ ਲਾਇਆ ਕਿ ਚੋਣਾਂ ਮੌਕੇ ਭਾਜਪਾ ਵਲੋਂ ਦੇਸ਼ ਦੇ ਲੋਕਾਂ ਨਾਲ ਕੀਤੇ ਸਾਰੇ ਵਾਅਦੇ ਜੁਮਲੇ ਬਣ ਗਏ ਹਨ ਅਤੇ ਮੋਦੀ ਸਰਕਾਰ ਮੁੱਠੀ ਭਰ ਕਾਰਪੋਰੇਟ ਘਰਾਣਿਆਂ ਦੀ ਸਰਕਾਰ ਬਣ ਕੇ ਰਹਿ ਗਈ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਦੇਸ਼ ਭਰ ਵਿਚ ਖੇਤੀ ਮਾਰੂ ਕਾਲੇ ਕਾਨੂੰਨਾਂ ਖ਼ਿਲਾਫ਼ ਚੱਲ ਰਿਹਾ ਅੰਦੋਲਨ ਹਰ ਹਾਲਤ ਵਿਚ ਜਿੱਤ ਪ੍ਰਾਪਤ ਕਰੇਗਾ ਅਤੇ ਕੇਂਦਰ ਸਰਕਾਰ ਨੂੰ ਕਾਲੇ ਕਾਨੂੰਨ ਵਾਪਸ ਲੈਣ ਲਈ ਮਜਬੂਰ ਹੋਣਾ ਪਵੇਗਾ।