ਮੇਜਰ ਸਿੰਘ ਮੱਟਰਾਂ
ਭਵਾਨੀਗੜ੍ਹ, 24 ਅਪਰੈਲ
ਇੱਥੋਂ ਨੇੜਲੇ ਪਿੰਡ ਗਹਿਲਾਂ ਵਿੱਚ ਕਿਸਾਨ ਦੀ ਮੋਟਰ ਦੇ ਟਰਾਂਸਫਾਰਮਰ ਨੂੰ ਤਬਦੀਲ ਕਰਨ ਤੋਂ ਟਾਲ-ਮਟੋਲ ਕਰਨ ’ਤੇ ਪ੍ਰੇਸ਼ਾਨ ਹੋਏ ਕਿਸਾਨਾਂ ਨੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੀ ਅਗਵਾਈ ਹੇਠ ਖੇਤ ਵਿੱਚ ਆਏ ਪਾਵਰਕੌਮ ਦੇ ਐੱਸਡੀਓ ਅਤੇ ਜੇਈ ਦਾ ਘਿਰਾਓ ਕੀਤਾ। ਯੂਨੀਅਨ ਦੇ ਪ੍ਰੈੱਸ ਸਕੱਤਰ ਹਰਜਿੰਦਰ ਸਿੰਘ ਘਰਾਚੋਂ, ਕਰਮ ਚੰਦ ਪੰਨਵਾਂ, ਗੁਰਦੇਵ ਸਿੰਘ ਆਲੋਅਰਖ, ਰਛਪਾਲ ਸਿੰਘ, ਤਰਲੋਕ ਸਿੰਘ, ਮੇਜਰ ਸਿੰਘ, ਸੁਖਦੇਵ ਸਿੰਘ ਅਤੇ ਗੁਰਜੰਟ ਸਿੰਘ ਨੇ ਕਿਹਾ ਕਿ ਪਿੰਡ ਗਹਿਲਾਂ ਦੇ ਕਿਸਾਨ ਜਸਵਿੰਦਰ ਸਿੰਘ ਨੇ ਖੇਤ ਵਾਲੀ ਮੋਟਰ ਦਾ ਪੁਰਾਣਾ ਬੋਰ ਖੜ੍ਹ ਜਾਣ ਕਾਰਨ ਨਵਾਂ ਬੋਰ ਲਗਵਾਇਆ ਹੈ। ਕਿਸਾਨ ਨੇ ਛੇ ਮਹੀਨੇ ਪਹਿਲਾਂ ਪਾਵਰਕੌਮ ਭਵਾਨੀਗੜ੍ਹ ਦੇ ਦਫ਼ਤਰ ਟਰਾਂਸਫਾਰਮਰ ਅਤੇ ਲਾਈਨ ਤਬਦੀਲ ਕਰਕੇ ਨਵੇਂ ਬੋਰ ’ਤੇ ਲਗਾਉਣ ਲਈ ਦਰਖ਼ਾਸਤ ਦਿੱਤੀ ਗਈ ਸੀ ਪਰ ਪਾਵਰਕੌਮ ਦੇ ਅਧਿਕਾਰੀ ਕਿਸਾਨ ਨੂੰ ਪੈਸੇ ਭਰਨ ਲਈ ਮਜਬੂਰ ਕਰ ਰਹੇ ਹਨ।
ਉਨ੍ਹਾਂ ਕਿਹਾ ਕਿ ਅੱਜ ਖੇਤ ਵਿੱਚ ਮੌਕਾ ਦੇਖਣ ਆਏ ਐੱਸਡੀਓ ਅਤੇ ਜੇਈ ਨੇ ਕਿਸਾਨ ਨੂੰ ਖਰਚਾ ਭਰਨ ਲਈ ਕਿਹਾ ਤਾਂ ਪ੍ਰੇਸ਼ਾਨ ਹੋਏ ਕਿਸਾਨਾਂ ਨੇ ਅਧਿਕਾਰੀਆਂ ਦਾ ਘਿਰਾਓ ਕੀਤਾ।
ਅਖੀਰ ਪਾਵਰਕੌਮ ਦੇ ਅਧਿਕਾਰੀਆਂ ਵੱਲੋਂ ਦੋ ਦਿਨ ਦੀ ਮੋਹਲਤ ਲੈਣ ਮਗਰੋਂ ਘਿਰਾਓ ਸਮਾਪਤ ਕੀਤਾ ਗਿਆ।
ਨਿਯਮਾਂ ਅਨੁਸਾਰ ਭਰਨਾ ਪਵੇਗਾ ਖਰਚਾ: ਐੱਸਡੀਓ
ਐੱਸਡੀਓ ਮਹਿੰਦਰ ਸਿੰਘ ਨੇ ਦੱਸਿਆ ਕਿ ਵਿਭਾਗ ਦੇ ਨਿਯਮਾਂ ਅਨੁਸਾਰ ਟਰਾਂਸਫਾਰਮਰ ਜਾਂ ਲਾਈਨ ਨੂੰ ਤਬਦੀਲ ਕਰਵਾਉਣ ਲਈ ਖ਼ਰਚਾ ਭਰਨਾ ਪੈਂਦਾ ਹੈ।