ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 14 ਅਗਸਤ
ਫਰੀਡਮ ਫਾਈਟਰ ਉਤਰਾਅਧਿਕਾਰੀ ਜਥੇਬੰਦੀ ਪੰਜਾਬ ਨੇ ਭਲਕੇ 15 ਅਗਸਤ ਨੂੰ ਆਜ਼ਾਦੀ ਦਿਵਸ ਸਮਾਗਮਾਂ ਵਿੱਚ ਸ਼ਾਮਲ ਨਾ ਹੋਣ ਅਤੇ ਆਜ਼ਾਦੀ ਦਿਹਾੜਾ ਆਪਣੇ ਪੱਧਰ ’ਤੇ ਮਨਾਉਣ ਦਾ ਫੈਸਲਾ ਕੀਤਾ ਹੈ।
ਉਧਰ ਅੱਜ ਸਰਕਾਰ ਵੱਲੋਂ ਫਰੀਡਮ ਫਾਈਟਰਾਂ ਨੇ ਉਨ੍ਹਾਂ ਦੇ ਘਰ ਸਨਮਾਨ ਵਜੋਂ ਭੇਜੇ ਸਾਮਾਨ ਨੂੰ ਲੈਣ ਤੋਂ ਇਨਕਾਰ ਕਰ ਦਿੱਤਾ ਹੈ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਬੇਰੰਗ ਮੋੜ ਦਿੱਤਾ ਹੈ। ਜਥੇਬੰਦੀ ਦੇ ਸੂਬਾ ਪ੍ਰਧਾਨ ਹਰਿੰਦਰਪਾਲ ਸਿੰਘ ਖਾਲਸਾ ਨੇ ਦੱਸਿਆ ਕਿ ਭਲਕੇ 15 ਅਗਸਤ ਨੂੰ ਫਰੀਡਮ ਫਾਈਟਰ ਤੇ ਉਨ੍ਹਾਂ ਦੇ ਵਾਰਸ ਆਪਣੇ ਪੱਧਰ ’ਤੇ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਵਿੱਚ ਤਿਰੰਗੇ ਝੰਡੇ ਨੂੰ ਸਲਾਮੀ ਦੇਣਗੇ ਅਤੇ ਸਰਕਾਰੀ ਸਮਾਗਮਾਂ ਵਿਚ ਸ਼ਾਮਲ ਨਹੀਂ ਹੋਣਗੇ। ਸ੍ਰੀ ਖਾਲਸਾ ਨੇ ਸਰਕਾਰ ’ਤੇ ਗਿਲ੍ਹਾ ਜ਼ਾਹਰ ਕਰਦਿਆਂ ਕਿਹਾ ਕਿ ਪਿਛਲੇ 75 ਸਾਲ ਤੋਂ ਸਰਕਾਰਾਂ ਨੇ ਫਰੀਡਮ ਫਾਈਟਰਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਲੱਡੂਆਂ ਦੇ ਡੱਬਿਆਂ ਤੱਕ ਹੀ ਸੀਮਤ ਰੱਖਿਆ ਹੈ ਅਤੇ ਕਿਸੇ ਸਰਕਾਰ ਨੇ ਬਣਦਾ ਮਾਣ ਸਨਮਾਨ ਨਹੀਂ ਦਿੱਤਾ ਸਗੋਂ ਦੇਸ਼ ਭਗਤਾਂ ਦੇ ਨਾਂ ਤੇ ਸਿਆਸਤ ਕਰ ਆਪਣੇ ਪਰਿਵਾਰ ਪਾਲੇ ਹਨ। ਸੂਬਾ ਪ੍ਰਧਾਨ ਨੇ ਦਾਅਵਾ ਕੀਤਾ ਕਿ ਇਸ ਵਾਰ ਫਰੀਡਮ ਫਾਈਟਰ ਉਤਰਾਅਧਿਕਾਰੀ ਜਥੇਬੰਦੀ ਦੇ ਮੈਂਬਰਾਂ ਨੂੰ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਵਿੱਚ ਪੰਜਾਬ ਸਰਕਾਰ ਵੱਲੋਂ ਘਰ ਮਾਣ ਸਨਮਾਨ ਲਈ ਭੇਜਿਆ ਸਾਮਾਨ ਲੈਣ ਤੋਂ ਇਨਕਾਰ ਕਰ ਦਿੱਤਾ ਹੈ ਅਤੇ ਅਧਿਕਾਰੀਆਂ ਨੂੰ ਵਾਪਸ ਮੋੜ ਦਿੱਤਾ ਹੈ।
ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਸੰਗਰੂਰ ’ਚ ਜਿਨ੍ਹਾਂ ਫਰੀਡਮ ਫਾਈਟਰ ਪਰਿਵਾਰਾਂ ਨੇ ਅੱਜ ਸਰਕਾਰ ਵੱਲੋਂ ਘਰ ਭੇਜਿਆ ਸਾਮਾਨ ਲੈਣ ਤੋਂ ਇਨਕਾਰ ਕੀਤਾ ਹੈ ਉਨ੍ਹਾਂ ਵਿਚ ਫਰੀਡਮ ਫਾਈਟਰ ਬੀਬੀ ਸ਼ਮਿੰਦਰ ਕੌਰ ਲੌਂਗੋਵਾਲ, ਫਰੀਡਮ ਫਾਈਟਰ ਗੁਰਦੇਵ ਸਿੰਘ ਦੇ ਪੁੱਤਰ ਸਵਰਨਜੀਤ ਸਿੰਘ ਵਾਸੀ ਸੁਨਾਮ, ਦਲਜੀਤ ਸਿੰੰਘ ਸੇਖੋਂ ਐਡਵੋਕੇਟ, ਪਰਮਜੀਤ ਸਿੰਘ ਟਿਵਾਣਾ, ਗੁਰਇੰੰਦਰਪਾਲ ਸਿੰਘ, ਹਰਿੰਦਰਪਾਲ ਸਿੰਘ ਖਾਲਸਾ, ਸੁਖਮਿੰਦਰ ਸਿੰਘ ਭੋਲਾ ਸਮੇਤ 14 ਪਰਿਵਾਰ ਸ਼ਾਮਲ ਹਨ। ਉਨ੍ਹਾਂ ਕਿਹਾ,‘ਸਾਨੂੰ ਸਾਮਾਨ ਨਹੀਂ ਚਾਹੀਦਾ ਜੋ ਸਰਕਾਰਾਂ ਦਿੰਦੀਆਂ ਹਨ, ਸਗੋਂ ਸਾਨੂੰ ਸਨਮਾਨ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਵਿੱਚ ਜਥੇਬੰਦੀ ਦੇ ਮੈਂਬਰਾਂ ਵੱਲੋਂ ਆਪਣੇ ਪੱਧਰ ’ਤੇ ਅਜ਼ਾਦੀ ਦਿਵਸ ਦੀ 75ਵੀਂ ਵਰ੍ਹੇਗੰਢ ਮਨਾਈ ਜਾਵੇਗੀ ਅਤੇ ਤਿਰੰਗੇ ਝੰਡੇ ਨੂੰ ਸਲਾਮੀ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਉਦੋਂ ਤੱਕ ਸਰਕਾਰ ਦਾ ਕੋਈ ਮਾਣ ਸਨਮਾਨ ਜਾਂ ਸਮਾਨ ਨਹੀਂ ਲਿਆ ਜਾਵੇਗਾ ਜਦੋਂ ਤੱਕ ਸਰਕਾਰ ਕੀਤੇ ਐਲਾਨਾਂ ਦਾ ਨੋਟੀਫਿਕੇਸ਼ਨ ਜਾਰੀ ਨਹੀਂ ਕਰਦੀ ਅਤੇ ਬਾਕੀ ਮੰਗਾਂ ਪੂਰੀਆਂ ਨਹੀਂ ਕਰਦੀ। ਉਨ੍ਹਾਂ ਦੱਸਿਆ ਕਿ ਭਲਕੇ 15 ਅਗਸਤ ਨੂੰ ਅਜ਼ਾਦੀ ਦਿਵਸ ਮੌਕੇ ਸੰਗਰੂਰ ’ਚ ਨੇਤਾ ਜੀ ਸੁਭਾਸ਼ ਚੰਦਰ ਬੋਸ ਚੌਂਕ ਵਿਚ ਆਪਣੇ ਪੱਧਰ ’ਤੇ ਅਜ਼ਾਦੀ ਦਿਹਾੜਾ ਮਨਾਵਾਂਗੇ ਅਤੇ ਤਿਰੰਗਾ ਝੰਡਾ ਲਹਿਰਾਵਾਂਗੇ।