ਨਿਜੀ ਪੱਤਰ ਪ੍ਰੇਰਕ
ਸੰਗਰੂਰ, 30 ਸਤੰਬਰ
ਜ਼ਿਲ੍ਹਾ ਸੰਗਰੂਰ ’ਚ ਚਾਰ ਕਰੋਨਾ ਪੀੜ੍ਹਤ ਮਰੀਜ਼ਾਂ ਦੀ ਮੌਤ ਹੋ ਗਈ ਹੈ। ਹੁਣ ਤੱਕ ਜ਼ਿਲ੍ਹੇ ’ਚ ਕਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ 147 ਤੱਕ ਜਾ ਪੁੱਜੀ ਹੈ। ਅੱਜ 27 ਨਵੇਂ ਕਰੋਨਾ ਪਾਜ਼ੇਟਿਵ ਕੇਸ ਸਾਹਮਣੇ ਆਏ ਹਨ ਜਦੋਂਕਿ 29 ਮਰੀਜ਼ਾਂ ਨੇ ਕਰੋਨਾ ਨੂੰ ਮਾਤ ਦਿੰਦਿਆਂ ਘਰ ਵਾਪਸੀ ਕੀਤੀ ਹੈ। ਹੁਣ ਤੱਕ ਜ਼ਿਲ੍ਹੇ ’ਚ ਕੁੱਲ ਪਾਜ਼ੇਟਿਵ ਕੇਸਾਂ ਦੀ ਗਿਣਤੀ 3543 ਹੋ ਚੁੱਕੀ ਹੈ ਜਿਨ੍ਹਾਂ ’ਚੋਂ 3056 ਮਰੀਜ਼ ਤੰਦਰੁਸਤ ਹੋ ਚੁੱਕੇ ਹਨ। ਹੁਣ ਜ਼ਿਲ੍ਹੇ ’ਚ 340 ਐਕਟਿਵ ਮਰੀਜ਼ ਹਨ ਜਿਨ੍ਹਾਂ ਵਿੱਚੋਂ 4 ਦੀ ਹਾਲਤ ਗੰਭੀਰ ਬਣੀ ਹੋਈ ਹੈ।
ਜ਼ਿਲ੍ਹਾ ਸਿਹਤ ਪ੍ਰਸ਼ਾਸ਼ਨ ਦੇ ਬੁਲਾਰੇ ਅਨੁਸਾਰ ਜ਼ਿਲ੍ਹੇ ’ਚ 4 ਕਰੋਨਾ ਪੀੜਤ ਮਰੀਜ਼ਾਂ ਦੀ ਮੌਤ ਹੋਈ ਹੈ ਜਿਨ੍ਹਾਂ ਵਿੱਚ 45 ਸਾਲਾ ਵਿਅਕਤੀ ਬਲਾਕ ਕੌਹਰੀਆਂ ਦਾ ਰਹਿਣ ਵਾਲਾ ਸੀ ਤੇ ਕਰੋਨਾ ਪੀੜਤ ਹੋਣ ਕਾਰਨ ਰਾਜਿੰਦਰਾ ਹਸਪਤਾਲ ਪਟਿਆਲਾ ਦਾਖਲ ਸੀ ਤੇ ਇਸਦੀ ਮੌਤ ਹੋ ਗਈ ਹੈ। 72 ਸਾਲਾ ਮਰੀਜ਼ ਬਲਾਕ ਧੂਰੀ ਦਾ ਰਹਿਣ ਵਾਲਾ ਸੀ ਜੋ ਕਿ ਕਰੋਨਾ ਪਾਜ਼ੇਟਿਵ ਸੀ। ਫੋਰਟਿਸ ਮੁਹਾਲੀ ਵਿੱਚ ਇਸ ਮਰੀਜ਼ ਦਾ ਇਲਾਜ ਚੱਲ ਰਿਹਾ ਸੀ ਜਿਸ ਦੌਰਾਨ ਮੌਤ ਹੋ ਗਈ ਹੈ। 54 ਸਾਲਾ ਮਰੀਜ਼ ਬਲਾਕ ਮਲੇਰਕੋਟਲਾ ਦਾ ਵਸਨੀਕ ਸੀ ਜੋ ਕਰੋਨਾ ਪਾਜ਼ੇਟਿਵ ਹੋਣ ਕਾਰਨ ਲੁਧਿਆਣਾ ਦੇ ਇੱਕ ਨਿੱਜੀ ਹਸਪਤਾਲ ’ਚ ਦਾਖਲ ਸੀ। ਇਹ ਮਰੀਜ਼ ਵੀ ਜ਼ਿੰਦਗੀ ਦੀ ਜੰਗ ਹਾਰ ਗਿਆ। 70 ਸਾਲਾ ਮਹਿਲਾ ਬਲਾਕ ਸੁਨਾਮ ਦੀ ਰਹਿਣ ਵਾਲੀ ਸੀ ਜੋ ਕਰੋਨਾ ਪਾਜ਼ੇਟਿਵ ਹੋਣ ਕਾਰਨ ਘਰ ਵਿਚ ਹੀ ਇਕਾਂਤਵਾਸ ਸੀ ਜਿਸ ਦੌਰਾਨ ਇਸ ਮਹਿਲਾ ਦੀ ਵੀ ਮੌਤ ਹੋ ਗਈ ਹੈ।