ਨਿਜੀ ਪੱਤਰ ਪ੍ਰੇਰਕ
ਸੰਗਰੂਰ, 13 ਨਵੰਬਰ
ਅੱਠ ਦਿਨ ਪਹਿਲਾਂ ਲੌਂਗੋਵਾਲ ਕੋਲ ਪਿੰਡੀ ਢਿੱਲਵਾਂ ’ਚ ਘਰ ਵਿਚ ਸੁੱਤੇ ਪਏ ਇੱਕ ਵਿਅਕਤੀ ਸਤਬੀਰ ਸਿੰਘ ਦੀ ਤੇਜ਼ਧਾਰ ਹਥਿਆਰਾਂ ਨਾਲ ਬੇਰਹਿਮੀ ਨਾਲ ਸੱਟਾਂ ਮਾਰ ਕੇ ਕਤਲ ਕਰਨ ਦੇ ਮਾਮਲੇ ਵਿਚ ਮ੍ਰਿਤਕ ਦੀ ਪਤਨੀ ਸਮੇਤ ਚਾਰ ਜਣਿਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਜਦੋਂਕਿ ਦੋ ਜਣੇ ਅਜੇ ਫ਼ਰਾਰ ਹਨ।
ਜ਼ਿਲ੍ਹਾ ਪੁਲੀਸ ਮੁਖੀ ਵਿਵੇਕ ਸੀਲ ਸੋਨੀ ਨੇ ਦੱਸਿਆ ਕਿ 5 ਨਵੰਬਰ ਰਾਤ ਨੂੰ ਅਣਪਛਾਤੇ ਵਿਅਕਤੀਆਂ ਵੱਲੋਂ ਆਪਣੇ ਘਰ ’ਚ ਸੁੱਤੇ ਪਏ ਸਤਬੀਰ ਸਿੰਘ ਪਿੰਡੀ ਢਿੱਲਵਾਂ ਥਾਣਾ ਲੌਂਗੋਵਾਲ ਦਾ ਉਸ ਦੇ ਘਰ ’ਚ ਦਾਖਲ ਹੋ ਕੇ ਕਤਲ ਕਰ ਦਿੱਤਾ ਸੀ। ਮ੍ਰਿਤਕ ਦੀ ਭੈਣ ਹਰਪ੍ਰੀਤ ਕੌਰ ਦੇ ਬਿਆਨਾਂ ’ਤੇ ਥਾਣਾ ਲੌਂਗੋਵਾਲ ’ਚ ਕੇਸ ਦਰਜ ਕਰ ਲਿਆ ਸੀ।
ਕਤਲ ਨੂੰ ਟਰੇਸ ਕਰਦੇ ਹੋਏ ਪਤਾ ਲੱਗਾ ਕਿ ਮ੍ਰਿਤਕ ਸਤਬੀਰ ਸਿੰਘ ਦੀ ਪਤਨੀ ਵੀਰਪਾਲ ਕੌਰ ਦੇ ਆਪਣੇ ਗੁਆਂਢੀ ਰਾਜਿੰਦਰ ਸਿੰਘ ਉਰਫ ਵਿੱਕੀ ਨਾਲ ਸਬੰਧ ਸਨ। ਜੋ ਰਾਜਿੰਦਰ ਸਿੰਘ ਉਰਫ ਵਿੱਕੀ ਸਾਈਪ੍ਰਸ (ਵਿਦੇਸ਼) ਚਲਾ ਗਿਆ ਸੀ। ਉਸ ਮਗਰੋਂ ਵੀਰਪਾਲ ਕੌਰ ਵੀ ਸਾਈਪ੍ਰਸ਼, ਰਾਜਿੰਦਰ ਸਿੰਘ ਉਰਫ ਵਿੱਕੀ ਕੋਲ ਚਲੀ ਗਈ। ਇਹ ਦੋਵੇਂ 1 ਸਾਲ ਸਾਈਪ੍ਰਸ ਇਕੱਠੇ ਰਹੇ। ਵੀਰਪਾਲ ਕੌਰ ਪਤੀ ਸਤਬੀਰ ਸਿੰਘ ਨਾਲ ਝਗੜੇ ਕਾਰਨ ਉਸ ’ਤੇ ਉਸ ਦੇ ਭਰਾ ਬਲਜੀਤ ਸਿੰਘ ਆਦਿ ਖ਼ਿਲਾਫ਼ ਪਹਿਲਾਂ ਤੋਂ ਦਰਜ ਕੇਸ ’ਚ ਆਪਸੀ ਸਮਝੌਤੇ ਕਾਰਨ ਕੇਸ ਰੱਦ ਕਰਾਉਣ ਲਈ ਵਾਪਸ ਭਾਰਤ ਸਹੁਰੇ ਘਰ ਆ ਗਈ ਸੀ ਪਰ ਰਾਜਿੰਦਰ ਸਿੰਘ ਉਰਫ ਵਿੱਕੀ ਨਾਲ ਵੀਰਪਾਲ ਕੌਰ ਦਾ ਸੰਪਰਕ ਜਾਰੀ ਰਿਹਾ। ਉਸ ਤੋਂ ਬਾਅਦ ਰਾਜਿੰਦਰ ਸਿੰਘ ਉਰਫ ਵਿੱਕੀ ਵੀ ਕੁਝ ਸਮੇਂ ਬਾਅਦ ਵੀਰਪਾਲ ਕੌਰ ਪਿੱਛੇ ਭਾਰਤ ਵਾਪਸ ਆ ਗਿਆ।
ਸਤਬੀਰ ਸਿੰਘ ਨੂੰ ਪ੍ਰੇਮ ਸਬੰਧਾਂ ’ਚ ਰੋੜਾ ਸਮਝਦੇ ਹੋਏ ਆਪਣੇ ਘਰ ਵਿੱਚ ਸੁੱਤੇ ਪਏ ਦਾ ਕਤਲ ਕਰ ਦਿੱਤਾ। ਪੁਲੀਸ ਨੇ ਵੀਰਪਾਲ ਕੌਰ ਨੂੰ ਗ੍ਰਿਫ਼ਤਾਰ ਕਰ ਲਿਆ ਸੀ ਜਦੋਂਕਿ ਉਭਾਵਾਲ ਰੋਡ ਬਡੂਰੱਖਾਂ ਤੋਂ ਮੁੱਖ ਦੋਸ਼ੀ ਰਾਜਿੰਦਰ ਸਿੰਘ ਉਰਫ ਵਿੱਕੀ ਵਾਸੀ ਪਿੰਡੀ ਢਿੱਲਵਾਂ, ਗੁਰਪ੍ਰੀਤ ਸਿੰਘ ਵਾਸੀ ਬਡਰੁੱਖਾਂ, ਸੁਖਦੀਪ ਸਿੰਘ ਉਰਫ ਭੂਤ ਵਾਸੀ ਬਡਰੁੱਖਾਂ ਨੂੰ ਵਾਰਦਾਤ ਸਮੇਂ ਵਰਤੀ ਕਾਰ ਅਤੇ ਮਾਰੂ ਹਥਿਆਰਾਂ ਸਣੇ ਗ੍ਰਿਫ਼ਤਾਰ ਕਰ ਲਿਆ ਹੈ।