ਦੇਵਿੰਦਰ ਸਿੰਘ ਜੱਗੀ
ਪਾਇਲ, 8 ਮਈ
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸੱਦੇ ’ਤੇ ਅੱਜ ਹਲਕਾ ਪਾਇਲ ਦੇ ਸ਼ਹਿਰ ਮਲੌਦ, ਸਿਹੋੜਾ, ਧਮੋਟ ਕਲਾਂ, ਪਾਇਲ, ਦੋਰਾਹਾ, ਰਾੜਾ ਸਾਹਿਬ, ਘੁਡਾਣੀ ਕਲਾਂ ਆਦਿ ਥਾਵਾਂ ’ਤੇ ਕੇਂਦਰ ਅਤੇ ਪੰਜਾਬ ਸਰਕਾਰ ਵੱਲੋਂ ਕਰੋਨਾ ਦੇ ਡਰਾਵੇ ਥੱਲੇ ਬੰਦ ਕਰਵਾਈਆਂ ਦੁਕਾਨਾਂ ਦੇ ਵਿਰੋਧ ਵਿੱਚ ਨੌਜਵਾਨਾਂ ਤੇ ਬੀਬੀਆਂ ਸਮੇਤ ਕਿਸਾਨਾਂ ਨੇ ਰੋਸ ਮਾਰਚ ਕੀਤਾ ਤੇ ਮੋਦੀ ਅਤੇ ਕੈਪਟਨ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ। ਕਿਸਾਨ ਆਗੂ ਬਲਵੰਤ ਸਿੰਘ ਘੁਡਾਣੀ ਅਤੇ ਪਰਮਵੀਰ ਸਿੰਘ ਘਲੋਟੀ ਨੇ ਕਿਹਾ ਕਿ ਕਰੋਨਾ ਦੇ ਫੈਲਾਅ ਦਾ ਬਹਾਨਾ ਲਾ ਕੇ ਛੋਟੇ ਦੁਕਾਨਦਾਰਾਂ ਤੇ ਰੇਹੜੀ-ਫੜ੍ਹੀ ਵਾਲਿਆਂ ਦੀਆਂ ਦੁਕਾਨਾਂ ਬੰਦ ਕਰਵਾਈਆਂ ਗਈਆਂ ਹਨ, ਜਿਸ ਨਾਲ ਉਨ੍ਹਾਂ ਦੀ ਰੋਜ਼ੀ-ਰੋਟੀ ਦਾ ਜ਼ਰੀਆ ਬੰਦ ਹੋ ਗਿਆ ਹੈ। ਇਸੇ ਦੌਰਾਨ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਜ਼ਿਲ੍ਹਾ ਲੁਧਿਆਣਾ ਦੇ ਜ਼ਿਲ੍ਹਾ ਜਨਰਲ ਸਕੱਤਰ ਸੁਦਾਗਰ ਸਿੰਘ ਘੁਡਾਣੀ ਨੇ ਕਿਹਾ ਕਿ ਸਾਰੇ ਲੋਕ-ਮਾਰੂ ਹੱਲਿਆਂ ਨੂੰ ਪਛਾੜਨ ਲਈ ਕਿਸਾਨਾਂ ਮਜ਼ਦੂਰਾਂ ਸਮੇਤ ਸਾਰੇ ਕਿਰਤੀਆਂ ਦੀ ਵਿਸ਼ਾਲ ਜੁਝਾਰੂ ਏਕਤਾ ਸਮੇਂ ਦੀ ਅਣਸਰਦੀ ਲੋੜ ਹੈ।
ਰਾਏਕੋਟ (ਰਾਮ ਗੋਪਾਲ ਰਾਏਕੋਟੀ): ਸੰਯੁਕਤ ਕਿਸਾਨ ਮੋਰਚੇ ਵੱਲੋਂ ਲੌਕਡਾਊਨ ਦੇ ਵਿਰੋਧ ਦੇ ਸੱਦੇ ’ਤੇ ਅੱਜ ਇੱਥੇ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ, ਭਾਰਤੀ ਕਿਸਾਨ ਯੂਨੀਅਨ ਕਾਦੀਆ, ਭਾਰਤੀ ਕਿਸਾਨ ਯਨੀਅਨ ਲੱਖੋਵਾਲ, ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਵੱਲੋਂ ਸ਼ਹਿਰ ਵਿੱਚ ਮਾਰਚ ਕਰ ਕੇ ਦੁਕਾਨਦਾਰਾਂ ਨੂੰ ਦੁਕਾਨਾਂ ਖੋਲ੍ਹਣ ਲਈ ਕਿਹਾ, ਪਰ ਵਪਾਰੀਆਂ ਨੇ ਦੁਕਾਨਾਂ ਨਾ ਖੋਲ੍ਹੀਆਂ। ਇਸ ਮਾਰਚ ਵਿੱਚ ਰਾਏਕੋਟ ਤੋਂ ਵਿਧਾਇਕ ਜਗਤਾਰ ਸਿੰਘ ਜੱਗਾ ਵੀ ਸ਼ਾਮਲ ਸਨ। ਕਿਸਾਨਾਂ ਨੇ ਸਥਾਨਕ ਬਰਨਾਲਾ ਚੌਕ ਤੋਂ ਚੱਲ ਕੇ ਸ਼ਹਿਰ ਦੇ ਮੁੱਖ ਬਜ਼ਾਰਾਂ ਵਿੱਚ ਮਾਰਚ ਕੀਤਾ, ਪਰ ਇਸ ਮੌਕੇ ਬਾਜ਼ਾਰ ਪੂਰਨ ਤੌਰ ’ਤੇ ਬੰਦ ਸਨ। ਇਸੇ ਦੌਰਾਨ ਸੰਯੁਕਤ ਕਿਸਾਨ ਮੋਰਚਾ ਦੇ ਸੱਦੇ ਅਨੂਸਾਰ ਅੱਜ ਸਥਾਨਕ ਲੇਬਰ ਚੌਕ ’ਚ ਕਿਸਾਨ ਅਤੇ ਮਜ਼ਦੂਰ ਯੂਨੀਅਨਾਂ ਵੱਲੋਂ ਸਾਂਝੇ ਤੌਰ ’ਤੇ ਸੂਬਾ ਸਰਕਾਰ ਵੱਲੋਂ ਤਾਲਾਬੰਦੀ ਕਰਕੇ ਲੋਕਾਂ ਨੂੰ ਘਰਾਂ ਚ ਕੈਦ ਰੱਖਣ ਅਤੇ ਦੁਕਾਨਾਂ ਬੰਦ ਕਰਾਉਣ ਦੇ ਵਿਰੁੱਧ ਰੈਲੀ ਕੀਤੀ ਗਈ। ਰੈਲੀ ਨੂੰ ਸੰਬੋਧਨ ਕਰਦੇ ਹੋਏ ਪੰਜਾਬ ਕਿਸਾਨ ਆਗੂਆਂ ਨੇ ਕਿਹਾ ਕਿ ਸੂਬਾ ਸਰਕਾਰ ਵੱਲੋਂ ਤਾਲਾਬੰਦੀ ਕਰਕੇ ਲੋਕਾਂ ਨੂੰ ਪ੍ਰੇਸ਼ਾਨ ਤੇ ਦਹਿਸ਼ਤ ਦਾ ਮਾਹੌਲ ਬਣਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕਰੋਨਾ ਬਿਮਾਰੀ ਦੇ ਇਲਾਜ ਵੱਲ ਸੁਚੱਜਾ ਧਿਆਨ ਨਹੀਂ ਦਿੱਤਾ ਜਾ ਰਿਹਾ।
ਲੁਧਿਆਣਾ (ਗੁਰਿੰਦਰ ਸਿੰਘ/ ਸਤਵਿੰਦਰ ਬਸਰਾ): ਕਿਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤਹਿਤ ਅੱਜ ਫਿਰੋਜ਼ਪੁਰ ਰੋਡ ਸਥਿਤ ਐੱਮਬੀਡੀ ਮਾਲ ਦੇ ਬਾਹਰ ਲਗਾਏ ਪੱਕੇ ਕਿਸਾਨ ਮੋਰਚੇ ’ਤੇ ਰੈਲੀ ਕਰਕੇ ਦੁਕਾਨਦਾਰਾਂ ਦੇ ਹੱਕ ਵਿੱਚ ਆਵਾਜ਼ ਬੁਲੰਦ ਕੀਤੀ ਗਈ। ਇਸ ਮੌਕੇ ਬੁਲਾਰਿਆਂ ਨੇ ਕਿਹਾ ਕਿ ਸਰਕਾਰ ਕਰੋਨਾ ਦੇ ਖ਼ਾਤਮੇ ਲਈ ਲੋਕਡਾਊਨ ਅਤੇ ਹੋਰ ਪਾਬੰਦੀਆਂ ਲਗਾ ਕੇ ਹਰ ਵਰਗ ਉਪਰ ਮਾਰੂ ਅਸਰ ਪਾ ਰਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਕਰਫ਼ਿਊ ਲਗਾ ਕੇ ਦੁਕਾਨਾਂ ਬੰਦ ਕਰਨ ਦੀ ਥਾਂ ਹਸਪਤਾਲਾਂ ਵਿੱਚ ਇਲਾਜ ਲਈ ਪ੍ਰਬੰਧ ਕਰੇ। ਉਨ੍ਹਾਂ ਕਿਹਾ ਕਿ ਸਰਕਾਰ ਕਰੋਨਾ ਦੇ ਮੁਕਾਬਲੇ ਲਈ ਲੋਕਾਂ ਨੂੰ ਸਿਹਤ ਸਹੂਲਤਾਂ ਦੇਣ ਵਿਚ ਬੁਰੀ ਤਰ੍ਹਾਂ ਫੇਲ੍ਹ ਸਾਬਤ ਹੋਈ ਹੈ। ਇਸੇ ਦੌਰਾਨ ਪ੍ਰਸ਼ਾਸਨ ਵੱਲੋਂ ਕਰੋਨਾ ਬਹਾਨੇ ਲਗਾਏ ਕਰਫ਼ਿਊ ਤੇ ਹੋਰ ਪਾਬੰਦੀਆਂ ਖ਼ਿਲਾਫ਼ ਅੱਜ ਜਮਾਲਪੁਰ ਦੇ ਦੁਕਾਨਦਾਰਾਂ ਤੇ ਰੇਹੜੀ-ਫੜੀ ਕਿਰਤੀਆਂ ਵੱਲੋਂ ਚੰਡੀਗੜ੍ਹ ਰੋਡ ਵਿੱਖੇ ਰੋਹ ਭਰਪੂਰ ਮੁਜ਼ਾਹਰਾ ਕਰਕੇ ਪਾਬੰਦੀਆਂ ਖ਼ਤਮ ਕਰਨ ਦੀ ਮੰਗ ਕੀਤੀ ਗਈ।
ਦੋਰਾਹਾ (ਜੋਗਿੰਦਰ ਸਿੰਘ ਓਬਰਾਏ): ਅੱਜ ਇਥੇ ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਵੱਲੋਂ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਪੰਜਾਬ ’ਚ ਧੱਕੇਸ਼ਾਹੀ ਨਾਲ ਲਾਗੂ ਕੀਤਾ ਲੌਕਡਾਊਨ ਖੁੱਲ੍ਹਵਾਉਣ ਲਈ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਰਾਜਿੰਦਰ ਸਿੰਘ ਕੋਟ ਪਨੈਚ ਤੇ ਬਲਵੰਤ ਸਿੰਘ ਨੇ ਦੁਕਾਨਦਾਰਾਂ ਨੂੰ ਆਪਣੇ ਵਪਾਰ ਖੋਲ੍ਹਣ ਲਈ ਪ੍ਰੇਰਿਤ ਕੀਤਾ ਤਾਂ ਜੋ ਉਹ ਆਪਣੇ ਪਰਿਵਾਰਾਂ ਨੂੰ ਮੰਦਹਾਲੀ ਤੋਂ ਬਚਾ ਸਕਣ। ਕਿਸਾਨਾਂ ਨੇ ਮੋਦੀ ਸਰਕਾਰ ਮੁਰਦਾਬਾਦ ਦੇ ਨਾਅਰੇ ਲਾਉਂਦਿਆਂ ਦੁਕਾਨਦਾਰ ਭਾਈਚਾਰੇ ਨੂੰ ਇਕਜੁੱਟ ਹੋ ਕੇ ਧੱਕੇਸ਼ਾਹੀ ਖ਼ਿਲਾਫ਼ ਖੜ੍ਹਨ ਦਾ ਸੱਦਾ ਦਿੱਤਾ। ਇਸੇ ਦੌਰਾਨ ਅੱਜ ਜਮਾਲਪੁਰ ਇਲਾਕੇ ਦੇ ਦੁਕਾਨਦਾਰਾਂ ਤੇ ਰੇਹੜੀ-ਫੜ੍ਹੀ ਕਿਰਤੀਆਂ ਨੇ ਲੁਧਿਆਣਾ ਦੇ ਚੰਡੀਗੜ੍ਹ ਰੋਡ, ਜਮਾਲਪੁਰ ਵਿੱਚ ਰੋਹ ਭਰਪੂਰ ਮੁਜ਼ਾਹਰਾ ਕਰਕੇ ਕਰਫਿਊ ਅਤੇ ਹੋਰ ਪਾਬੰਦੀਆਂ ਖ਼ਤਮ ਕਰਨ ਦੀ ਮੰਗ ਕੀਤੀ। ਇਸ ਰੋਸ ਮੁਜ਼ਾਹਰੇ ਵਿੱਚ ਕਾਰਖਾਨਾ ਮਜ਼ਦੂਰ ਯੂਨੀਅਨ, ਟੈਕਸਟਾਈਲ-ਹੌਜ਼ਰੀ ਕਾਮਗਾਰ ਯੂਨੀਅਨ ਅਤੇ ਲੋਕ ਏਕਤਾ ਸੰਗਠਨ ਨੇ ਸ਼ਮੂਲੀਅਤ ਕੀਤੀ। ਬੁਲਾਰਿਆਂ ਨੇ ਕਿਹਾ ਕਿ ਸਰਕਾਰ ਦੀਆਂ ਜਾਬਰ ਪਾਬੰਦੀਆਂ ਤੇ ਫੈਲਾਈ ਦਹਿਸ਼ਤ ਕਾਰਨ ਪਹਿਲਾਂ ਤੋਂ ਲੋਕਾਂ ਨੂੰ ਮਿਲ ਰਹੀਆਂ ਸਹੂਲਤਾਂ ਦੇ ਪ੍ਰਬੰਧ ਦਾ ਵੀ ਭੱਠਾ ਬੈਠ ਗਿਆ ਹੈ ਅਤੇ ਆਰਥਿਕ, ਮਾਨਸਿਕ ਹਾਲਤ ਨਿੱਘਰ ਗਈ ਹੈ। ਇਸ ਕਰਕੇ ਕਰੋਨਾ ਅਤੇ ਹੋਰ ਬਿਮਾਰੀਆਂ ਕਾਰਨ ਲੋਕਾਂ ਦਾ ਵਧੇਰੇ ਨੁਕਸਾਨ ਹੋ ਰਿਹਾ ਹੈ। ਉਨ੍ਹਾਂ ਮੰਗ ਕੀਤੀ ਕਿ ਕਰਫਿਊ, ਲੌਕਡਾਊਨ ਤੇ ਹੋਰ ਪਾਬੰਦੀਆਂ ਤੁਰੰਤ ਹਟਾਈਆਂ ਜਾਣ, ਕਰੋਨਾ ਸਮੇਤ ਸਭਨਾ ਬਿਮਾਰੀਆਂ ਦੇ ਇਲਾਜ ਲਈ ਢੁੱਕਵੇਂ ਪ੍ਰਬੰਧ ਸਰਕਾਰੀ ਪੱਧਰ ਉੱਤੇ ਕੀਤੇ ਜਾਣ, ਦੁਕਾਨਦਾਰਾਂ, ਰੇਹੜੀ-ਫੜ੍ਹੀ ਵਾਲਿਆਂ, ਮਜ਼ਦੂਰਾਂ ਆਦਿ ਕਿਰਤੀ ਲੋਕਾਂ ਨੂੰ ਹੋਏ ਨੁਕਸਾਨ ਦਾ ਮੁਆਵਜ਼ਾ ਦਿੱਤਾ ਜਾਵੇ।
ਜਗਰਾਉਂ (ਨਿੱਜੀ ਪੱਤਰ ਪ੍ਰੇਰਕ): ਲੌਕਡਾਊਨ ਤੇ ਹੋਰ ਸਖ਼ਤ ਪਾਬੰਦੀਆਂ ਦੇ ਵਿਰੋਧ ’ਚ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਅੱਜ ਜਗਰਾਉਂ ਵਿੱਚ ਵੱਡਾ ਰੋਸ ਮਾਰਚ ਕੱਢਿਆ ਗਿਆ। ਇਸ ਤੋਂ ਇਲਾਵਾ ਸਿੱਧਵਾਂ ਬੇਟ ਵਿੱਚ ਜਗਰਾਉਂ-ਜਲੰਧਰ ਮੁੱਖ ਮਾਰਗ ’ਤੇ ਧਰਨਾ ਲੱਗਿਆ ਤੇ ਕਸਬਾ ਹਠੂਰ ਵਿੱਚ ਮੁਜ਼ਾਹਰਾ ਹੋਇਆ। ਇਥੇ ਰੇਲਵੇ ਪਾਰਕ ਵਿੱਚ ਧਰਨੇ ਦੇ 220ਵੇਂ ਦਿਨ ਬੁਲਾਰਿਆਂ ਨੇ ਕਿਹਾ ਕਿ ਲੋੜ ਕਰੋਨਾ ਤੋਂ ਬਚਾਅ ਲਈ ਜੰਗੀ ਪੱਧਰ ’ਤੇ ਵੈਕਸੀਨੇਸ਼ਨ ਕਰਨ। ਪਿੰਡ ਰਾਮਗੜ੍ਹ ਭੁੱਲਰ ਵਿੱਚ ਵੀ ਬੀਕੇਯੂ (ਡਕੌਂਦਾ) ਦੀ ਮੀਟਿੰਗ ਬਲਾਕ ਪ੍ਰਧਾਨ ਦਵਿੰਦਰ ਸਿੰਘ ਮਲਸੀਹਾਂ ਦੀ ਅਗਵਾਈ ਹੇਠ ਹੋਈ। ਜਿਸ ਵਿੱਚ ਪੁਲੀਸ ਪ੍ਰਸ਼ਾਸਨ ਵੱਲੋਂ ਦੁਕਾਨਦਾਰਾਂ ਨੂੰ ਕਰੋਨਾ ਪਾਬੰਦੀਆਂ ਦੇ ਮੱਦੇਨਜ਼ਰ ਪ੍ਰੇਸ਼ਾਨ ਕਰਨ ਦੀ ਨਿਖੇਧੀ ਕੀਤੀ ਗਈ। ਇਨ੍ਹਾਂ ਪਾਬੰਦੀਆਂ ਕਰਕੇ ਲੋਕਾਂ ਦੇ ਕਾਰੋਬਾਰ ਬੰਦ ਹੋਣ ਕੰਢੇ ਹਨ ਅਤੇ ਹਰੇਕ ਨੂੰ ਦੋ ਵਕਤ ਦੀ ਰੋਟੀ ਦਾ ਫਿਕਰ ਸਤਾ ਰਿਹਾ ਹੈ। ਕਰੋਨਾ ਦੀ ਆੜ ’ਚ ਮੱਚਾਈ ਜਾ ਰਹੀ ਲੁੱਟ ਦਾ ਕਿਸਾਨ ਜਥੇਬੰਦੀ ਨੇ ਡੱਟਵਾਂ ਵਿਰੋਧ ਕਰਨ ਦਾ ਐਲਾਨ ਕੀਤਾ।