ਕੁਲਵਿੰਦਰ ਸਿੰਘ ਗਿੱਲ
ਕੁੱਪ ਕਲਾਂ 12 ਮਈ
ਪਿੰਡ ਖਾਨਪੁਰ ਵਿੱਚ ਬਿਜਲੀ ਵਿਭਾਗ ਵੱਲੋਂ ਇਕ ਨਿੱਜੀ ਪੋਲਟਰੀ ਫ਼ਾਰਮ ਨੂੰ ਬਿਜਲੀ ਦੇਣ ਦੇ ਲਈ ਕੱਢੀ ਜਾ ਰਹੀ 24 ਘੰਟੇ ਬਿਜਲੀ ਲਾਈਨ ਨੂੰ ਲੈ ਕੇ ਕਿਸਾਨਾਂ ਅਤੇ ਪੋਲਟਰੀ ਫਾਰਮ ਦੇ ਮਾਲਕਾਂ ਵਿਚਕਾਰ ਚੱਲ ਰਹੀ ਕਸ਼ਮਕਸ਼ ਦੌਰਾਨ ਬਿਜਲੀ ਦੀ ਲਾਈਨ ਦਾ ਕੰਮ 2 ਹਫਤੇ ਬੀਤ ਜਾਣ ਦੇ ਬਾਅਦ ਵੀ ਸ਼ੁਰੂ ਨਾ ਹੋ ਸਕਿਆ। ਅੱਜ ਕਾਂਗਰਸ ਪਾਰਟੀ ਦੀ ਸੀਨੀਅਰ ਆਗੂ ਮਾਈ ਰੂਪ ਕੌਰ ਬਾਗੜੀਆਂ ਨੇ ਕਿਸਾਨਾਂ ਦੇ ਹੱਕ ’ਚ ਮੋਰਚਾ ਸੰਭਾਲਦਿਆਂ ਖੇਤਾਂ ਵਿੱਚ ਪਹੁੰਚ ਕੇ ਗੱਲਬਾਤ ਦੌਰਾਨ ਆਖਿਆ ਕਿ ਉਹ ਇਸ ਸਮੇਂ ਕਿਸਾਨਾਂ ਦੇ ਨਾਲ ਹਨ ਤੇ ਕਿਸੇ ਵੀ ਕੀਮਤ ’ਤੇ ਬਿਜਲੀ ਦੀ ਲਾਈਨ ਨੂੰ ਨਿਕਲਣ ਨਹੀਂ ਦੇਣਗੇ। ਪੋਲਟਰੀ ਫਾਰਮ ਦੇ ਮਾਲਕ ਵੱਲੋਂ ਆਖਿਆ ਜਾ ਚੁੱਕਾ ਹੈ ਕਿ ਉਸ ਵੱਲੋਂ ਆਪਣੇ ਪੂਰੇ ਕਾਗਜ਼ਾਤ ਸਹਿਤ ਕਾਨੂੰਨੀ ਕਾਰਵਾਈ ਦੇ ਨਾਲ ਖਰਚਾ ਭਰ ਕੇ ਇਸ ਲਾਈਨ ਨੂੰ ਕਢਵਾਇਆ ਜਾ ਰਿਹਾ ਹੈ। ਕਿਸਾਨ ਸਤਬੀਰ ਸਿੰਘ ਤੇ ਕੰਵਰਬੀਰ ਸਿੰਘ ਗਰੇਵਾਲ ਦਾ ਕਹਿਣਾ ਹੈ ਕਿ ਪੋਲਟਰੀ ਫਾਰਮ ਦੀ ਵਜ੍ਹਾ ਨਾਲ ਪਿੰਡ ਵਿਚ ਮੱਖੀ, ਮੱਛਰ ਤੇ ਪ੍ਰਦੂਸ਼ਣ ਇੰਨਾ ਵਧ ਗਿਆ ਹੈ ਕਿ ਸਾਹ ਲੈਣਾ ਔਖਾ ਹੈ ਬਿਮਾਰੀਆਂ ਲੱਗ ਰਹੀਆਂ ਹਨ।