ਮੁਕੰਦ ਸਿੰਘ ਚੀਮਾ
ਸੰਦੌੜ, 19 ਅਕਤੂਬਰ
ਭਾਰਤੀ ਕਿਸਾਨ ਯੂਨੀਅਨ (ਡਕੌਂਦਾ) ਦੀ ਮੀਟਿੰਗ ਗੁਰਦੁਆਰਾ ਸੰਤਪੁਰਾ ਸਾਹਿਬ ਵਿੱਚ ਹੋਈ। ਇਸ ਮੀਟਿੰਗ ਵਿਚ ਜਥੇਬੰਦੀ ਦੇ ਮੀਤ ਪ੍ਰਧਾਨ ਮਨਜੀਤ ਸਿੰਘ ਧਨੇਰ ਵੀ ਉਚੇਚੇ ਤੌਰ ’ਤੇ ਸ਼ਾਮਲ ਹੋਏ। ਮੀਟਿੰਗ ਦੌਰਾਨ ਦੋ ਦਰਜਨ ਪਿੰਡਾਂ ਦੇ ਕਿਸਾਨ ਸਾਬਕਾ ਬਲਾਕ ਪ੍ਰਧਾਨ ਸੇਰ ਸਿੰਘ ਮਹੋਲੀ ਦੀ ਅਗਵਾਈ ਹੇਠ ਉਗਰਾਹਾਂ ਜਥੇਬੰਦੀ ਨੂੰ ਛੱਡ ਕੇ ਡਕੌਂਦਾ ਜਥੇਬੰਦੀ ਵਿੱਚ ਸ਼ਾਮਲ ਹੋ ਗਏ।
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਬਲਾਕ ਅਹਿਮਦਗੜ੍ਹ ਦੇ ਪ੍ਰਧਾਨ ਰਹੇ ਸੇਰ ਸਿੰਘ ਮਹੋਲੀ ਨੇ ਕਿਹਾ ਕਿ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਵੱਲੋਂ ਭਾਈ ਅੰਮ੍ਰਿਤਪਾਲ ਸਿੰਘ ਦੇ ਖ਼ਿਲਾਫ਼ ਕੀਤੀ ਗਈ ਟਿੱਪਣੀ ਨੂੰ ਲੈ ਕੇ ਲੋਕਾਂ ਵਿਚ ਭਾਰੀ ਰੋਸ ਹੈ ਜਿਸ ਦੇ ਚਲਦਿਆਂ ਉਹ ਆਪਣੇ ਸਾਥੀਆਂ ਸਮੇਤ ਉਗਰਾਹਾਂ ਜਥੇਬੰਦੀ ਨੂੰ ਛੱਡਣ ਲਈ ਮਜਬੂਰ ਹੋ ਗਏ। ਉਨ੍ਹਾਂ ਕਿਹਾ ਕਿ ਉਗਰਾਹਾਂ ਜਥੇਬੰਦੀ ਦੇ ਆਗੂਆਂ ਨਾਲ ਉਨ੍ਹਾਂ ਦਾ ਕਈ ਮੁੱਦਿਆਂ ਨੂੰ ਲੈ ਕੇ ਵਖਰੇਵਾਂ ਹੋ ਗਿਆ ਸੀ ਪਰ ਜਥੇਬੰਦੀ ਨੇ ਉਨ੍ਹਾਂ ਵੱਲੋਂ ਉਠਾਏ ਮੁੱਦਿਆਂ ’ਤੇ ਗੌਰ ਨਹੀਂ ਕੀਤਾ। ਉਨ੍ਹਾਂ ਡਕੌਂਦਾ ਜਥੇਬੰਦੀ ਨੂੰ ਭਰੋਸਾ ਦਿੱਤਾ ਕਿ ਉਹ ਡੱਟ ਕੇ ਜਥੇਬੰਦੀ ਵੱਲੋਂ ਦਿੱਤੇ ਜਾਣ ਵਾਲੇ ਹਰ ਪ੍ਰੋਗਰਾਮ ਵਿੱਚ ਸ਼ਾਮਲ ਹੋਣਗੇ। ਇਸ ਮੌਕੇ ਗੁਰਦੇਵ ਸਿੰਘ ਮਾਂਗੇਵਾਲ, ਅਮਰਜੀਤ ਸਿੰਘ ਠੁੱਲੀਵਾਲ, ਪ੍ਰਿਥੀ ਸਿੰਘ ਠੁੱਲੀਵਾਲ, ਸੁਖਦੇਵ ਸਿੰਘ ਕੁਰੜ, ਜੁਗਰਾਜ ਸਿੰਘ ਹਰਦਾਸਪੁਰਾ, ਕਮਲਪ੍ਰੀਤ ਸਿੰਘ ਹੈਪੀ, ਹਰਦੀਪ ਸਿੰਘ ਟੂਸਾ, ਬਲਬੀਰ ਸਿੰਘ ਮਹੋਲੀ, ਬੂਟਾ ਖਾਂ ਮਾਲੇਰਕੋਟਲਾ ਆਦਿ ਕਿਸਾਨ ਆਗੂ ਹਾਜ਼ਰ ਸਨ।
ਉਧਰ, ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੇ ਵੱਖਰੇ ਤੌਰ ’ਤੇ ਮੀਟਿੰਗ ਕਰਕੇ ਪ੍ਰਧਾਨ ਸੇਰ ਸਿੰਘ ਮਹੋਲੀ ਵੱਲੋਂ ਉਗਰਾਹਾਂ ਜਥੇਬੰਦੀ ’ਤੇ ਲਗਾਏ ਗਏ ਦੋਸ਼ਾਂ ਨੂੰ ਬੇਬਨਿਆਦ ਦੱਸਿਆ। ਜਥੇਬੰਦੀ ਦੀ ਬਲਾਕ ਅਹਿਮਦਗੜ੍ਹ ਦੀ ਹੋਈ ਮੀਟਿੰਗ ਵਿੱਚ ਡਾ. ਅਮਰਜੀਤ ਸਿੰਘ ਧਲੇਰ ਕਲਾਂ, ਜ਼ਿਲ੍ਹਾ ਪ੍ਰਧਾਨ ਕੁਲਵਿੰਦਰ ਸਿੰਘ ਭੂਦਨ, ਰਾਜਿੰਦਰ ਸਿੰਘ ਭੋਗੀਵਾਲ, ਰਾਵਿੰਦਰ ਸਿੰਘ ਕਾਸਾਪੁਰ, ਗੁਰਮੇਲ ਸਿੰਘ ਮਹੋਲੀ ਆਦਿ ਕਿਸਾਨ ਆਗੂ ਸ਼ਾਮਲ ਹੋਏ। ਜ਼ਿਲ੍ਹਾ ਪ੍ਰਧਾਨ ਕੁਲਵਿੰਦਰ ਸਿੰਘ ਭੂਦਨ ਨੇ ਕਿਹਾ ਕਿ ਕਿਸਾਨ ਆਗੂ ਸੇਰ ਸਿੰਘ ਮਹੋਲੀ ਵੱਲੋਂ ਜਾਰੀ ਕੀਤੀ ਗਈ ਵੀਡੀਓ ਵਿੱਚ ਜੋ ਦੋਸ਼ ਸੂਬਾ ਕਮੇਟੀ ਅਤੇ ਜ਼ਿਲ੍ਹਾ ਕਮੇਟੀ ’ਤੇ ਲਗਾਏ ਗਏ ਹਨ, ਉਹ ਬੇਬੁਨਿਆਦ ਹਨ। ਉਨ੍ਹਾਂ ਕਿਹਾ ਕਿ ਸੇਰ ਸਿੰਘ ਮਹੋਲੀ ਫੰਡਾਂ ਦਾ ਸਹੀ ਹਿਸਾਬ ਜਥੇਬੰਦੀ ਨੂੰ ਨਹੀਂ ਦੇ ਰਿਹਾ ਅਤੇ ਉਹ ਜਥੇਬੰਦੀ ਵੱਲੋਂ ਬੁਲਾਈ ਮੀਟਿੰਗ ਵਿੱਚ ਵੀ ਨਹੀਂ ਪਹੁੰਚਿਆ।