ਬੀਰਬਲ ਰਿਸ਼ੀ
ਸ਼ੇਰਪੁਰ, 26 ਮਈ
ਲੋਕ ਸੰਘਰਸ਼ ਕਮੇਟੀ ਵੱਲੋਂ ਗੰਨਾ ਮਿੱਲ ਵੱਲ ਪੰਜਾਬ ਤੇ ਹਰਿਆਣਾ ਦੇ ਕਿਸਾਨਾਂ ਦੀ ਕਰੋੜਾਂ ਰੁਪਏ ਦੀ ਬਕਾਇਆ ਰਾਸ਼ੀ ਦੇਣ ’ਚ ਲਗਾਤਾਰ ਆਨਾਕਾਨੀ ਕਰਨ ਵਿਰੁੱਧ ਲੋਕ ਸੰਘਰਸ਼ ਕਮੇਟੀ ਨੇ ਮਿੱਲ ਮੈਨੇਜਮੈਂਟ ਅਤੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਚਾਰ ਦਿਨਾਂ ਦਾ ਅਲਟੀਮੇਟਮ ਦਿੰਦਿਆਂ 2 ਜੂਨ ਨੂੰ ਗੁਰਦੁਆਰਾ ਸਾਹਿਬ ਜਹਾਂਗੀਰ ਵਿਖੇ ਭਰਾਤਰੀ ਕਿਸਾਨ ਜਥੇਬੰਦੀਆਂ ਦੀ ਮੀਟਿੰਗ ਸੱਦੀ ਹੈ। ਇਹ ਖੁਲਾਸਾ ਕਰਦਿਆਂ ਸੰਘਰਸ਼ ਕਮੇਟੀ ਦੇ ਪ੍ਰਧਾਨ ਸਰਬਜੀਤ ਸਿੰਘ ਅਲਾਲ ਅਤੇ ਸ਼ੂਗਰਕੇਨ ਸੁਸਾਇਟੀ ਦੇ ਸਾਬਕਾ ਚੇਅਰਮੈਨ ਅਵਤਾਰ ਸਿੰਘ ਤਾਰੀ ਭੁੱਲਰਹੇੜੀ ਨੇ ਦੱਸਿਆ ਕਿ ਹਰਿਆਣਾ ਦੇ ਕਿਸਾਨਾਂ ਦੀ ਪਿਛਲੇ ਵਰ੍ਹੇ ਦੀ 60 ਲੱਖ, ਪੰਜਾਬ ਦੇ ਕਿਸਾਨਾਂ ਦੇ 13 ਕਰੋੜ ਰੁਪਏ ਮਿੱਲ ਵੱਲ ਜਦੋਂ ਕਿ 1.86 ਲੱਖ ਰੁਪਏ ਪੰਜਾਬ ਸਰਕਾਰ ਵੱਲ ਬਕਾਇਆ ਖੜ੍ਹਾ ਹੈ। ਆਗੂ ਨੇ ਹੈਰਾਨੀ ਪ੍ਰਗਟ ਕਰਦਿਆਂ ਦੱਸਿਆ ਕਿ ਗੰਨਾ ਐਕਟ ਤਹਿਤ ਭਾਵੇਂ ਕਿਸਾਨਾਂ ਨੂੰ 14 ਦਿਨਾਂ ਤੱਕ ਗੰਨੇ ਦੀ ਰਾਸ਼ੀ ਨਾ ਦਿੱਤੇ ਜਾਣ ’ਤੇ ਮਿੱਲ ਵਿਆਜ ਲਈ ਵਚਨਬੱਧ ਹੈ ਪਰ ਅੱਜ ਤੱਕ ਗੰਨਾ ਮਿੱਲ ਨੇ ਬਕਾਇਆ ਨਹੀਂ ਦਿੱਤਾ। ਆਗੂਆਂ ਨੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਮੰਗ ਕੀਤੀ ਕਿ ਕਿਸਾਨਾਂ ਨੂੰ ਉਲਝਾਉਣ ਵਾਲਿਆਂ ਦੀ ਜਾਂਚ ਕਰਕੇ ਅਸਲ ਸਚਾਈ ਸਾਹਮਣੇ ਲਿਆਂਦੀ ਜਾਵੇ ਅਤੇ ਬਕਾਇਆ ਰਾਸ਼ੀ ਵਿਆਜ ਸਮੇਤ ਜਾਰੀ ਕੀਤੀ ਜਾਵੇ।