ਮੇਜਰ ਸਿੰਘ ਮੱਟਰਾਂ
ਭਵਾਨੀਗੜ੍ਹ, 30 ਅਕਤੂਬਰ
ਇੱਥੇ ਅੱਜ ਨਵੇਂ ਬੱਸ ਅੱਡੇ ਵਿਖੇ ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਵੱਲੋਂ ਸਰਕਾਰੀ ਬੱਸਾਂ ਅਤੇ ਬੱਸ ਅੱਡੇ ’ਤੇ ਲੱਗੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਫਲੈਕਸ ਬੋਰਡਾਂ ਉੱਤੇ ਸਿਆਹੀ ਫੇਰ ਕੇ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਯੂਨੀਅਨ ਦੇ ਸੂਬਾ ਆਗੂ ਜਗਤਾਰ ਸਿੰਘ ਕਾਲਾਝਾੜ, ਜਗਤਾਰ ਸਿੰਘ ਲੱਡੀ, ਹਰਜਿੰਦਰ ਸਿੰਘ ਘਰਾਚੋਂ, ਕਰਮ ਚੰਦ ਪੰਨਵਾਂ ਅਤੇ ਗੁਰਦੇਵ ਸਿੰਘ ਆਲੋਅਰਖ ਨੇ ਕਿਹਾ ਕਿ ਜਿੱਥੇ ਕੇਂਦਰ ਦੀ ਮੋਦੀ ਸਰਕਾਰ ਤਿੰਨ ਕਾਲੇ ਕਾਨੂੰਨ ਲਾਗੂ ਕਰ ਕੇ ਵੱਡੇ ਘਰਾਣਿਆਂ ਦੇ ਹਿੱਤਾਂ ਦੀ ਰਾਖੀ ਕਰ ਰਹੀ ਹੈ, ਉੱਥੇ ਹੀ ਪੰਜਾਬ ਦੀ ਕਾਂਗਰਸ ਸਰਕਾਰ ਝੂਠੇ ਵਾਅਦੇ ਕਰ ਕੇ ਲੋਕਾਂ ਨੂੰ ਮੂਰਖ ਬਣਾ ਰਹੀ ਹੈ। ਉਨ੍ਹਾਂ ਕਿਹਾ ਕਿ ਚੰਨੀ ਸਰਕਾਰ ਨਰਮੇ ਦੇ ਸੁੰਡੀ ਨਾਲ ਹੋਏ ਨੁਕਸਾਨ ਸਬੰਧੀ ਮੁਆਵਜ਼ਾ ਦੇਣ ਤੋਂ ਭੱਜ ਰਹੀ ਹੈ। ਇਸ ਮੌਕੇ ਕਿਸਾਨਾਂ ਵੱਲੋਂ ਕਾਂਗਰਸ ਪਾਰਟੀ ਦੇ ਨਰਮੇ ਦੇ ਖ਼ਰਾਬੇ ਲਈ ਮੁਆਵਜ਼ਾ ਦੇਣ ਬਾਰੇ ਮਸ਼ਹੂਰੀ ਲਈ ਲਾਏ ਫਲੈਕਸਾਂ ’ਤੇ ਕਾਲਖ਼ ਮਲੀ ਗਈ।
ਲਹਿਰਾਗਾਗਾ (ਰਮੇਸ਼ ਭਾਰਦਵਾਜ): ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਨੇ ਸੂਬਾ ਸਰਕਾਰ ਵੱਲੋਂ ਨਰਮੇ ਦੇ ਨੁਕਸਾਨ ਲਈ ਐਲਾਨੀ ਗਈ ਮੁਆਵਜ਼ਾ ਰਾਸ਼ੀ ਨੂੰ ਰੱਦ ਕਰਦੇ ਹੋਏ ਸਰਕਾਰ ਦੇ ਮਸ਼ਹੂਰੀ ਵਾਲੇ ਬੋਰਡਾਂ ’ਤੇ ਕਾਲਖ ਮਲੀ ਗਈ ਅਤੇ ਐਲਾਨ ਕੀਤਾ ਗਿਆ ਕਿ ਜਦੋਂ ਤੱਕ ਗੁਲਾਬੀ ਸੂੰਡੀ ਨਾਲ ਖ਼ਰਾਬ ਹੋਏ ਨਰਮੇ ਦਾ ਘੱਟੋ-ਘੱਟ 50 ਹਜ਼ਾਰ ਰੁਪਏ ਪ੍ਰਤੀ ਏਕੜ ਮੁਆਵਜ਼ਾ ਨਹੀਂ ਮਿਲਦਾ ਉਦੋਂ ਤੱਕ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਵੱਲੋਂ ਕਾਂਗਰਸ ਸਰਕਾਰ ਦੇ ਨੁਮਾਇੰਦਿਆਂ ਨੂੰ ਪਿੰਡਾਂ ਵਿੱਚ ਨਹੀਂ ਵੜਨ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਵੱਲੋਂ 12 ਹਜ਼ਾਰ ਰੁਪਏ ਪ੍ਰਤੀ ਏਕੜ ਮੁਆਵਜ਼ਾ ਸਿਰਫ਼ ਦਿਖਾਵਾ ਕਰਨ ਲਈ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਗੁਲਾਬੀ ਸੁੰਡੀ ਦੇ ਕਹਿਰ ਨੇ ਕਿਸਾਨਾਂ ਤੇ ਮਜ਼ਦੂਰਾਂ ਨੂੰ ਮਾਰ ਕੇ ਰੱਖ ਦਿੱਤਾ ਹੈ। ਮਹਿੰਗੇ ਠੇਕੇ ’ਤੇ ਜ਼ਮੀਨਾਂ ਲੈ ਕੇ ਕਿਸਾਨਾਂ ਨੇ ਨਰਮਾ ਲਗਾਇਆ ਸੀ ਪਰ ਬੀਜ, ਖਾਦਾਂ ਅਤੇ ਸਪਰੇਅ ਮਾੜੀਆਂ ਮਿਲਣ ਕਰ ਕੇ ਪੁੱਤਾਂ ਵਾਂਗ ਪਾਲੀ ਫ਼ਸਲ ਬਦਲੇ ਜਦੋਂ ਕੁਝ ਪੱਲੇ ਨਹੀਂ ਪਿਆ ਤਾਂ ਕਿਸਾਨਾਂ ਨੂੰ ਉਹ ਫ਼ਸਲ ਆਪਣੇ ਹੱਥੀਂ ਵਾਹੁਣੀ ਪਈ। ਕਿਸਾਨ ਆਗੂਆਂ ਨੇ ਕਿਹਾ ਕਿ 25 ਤੋਂ 29 ਅਕਤੂਬਰ ਤੱਕ ਬਠਿੰਡਾ ਦੇ ਮਿਨੀ ਸਕੱਤਰੇਤ ਦੇ ਲਗਾਤਾਰ ਘਿਰਾਓ ਤੋਂ ਬਾਅਦ ਸਰਕਾਰ ਨੇ ਕੁਝ ਵੀ ਪੱਲੇ ਨਹੀਂ ਪਾਇਆ। ਸਰਕਾਰ ਦੇ ਅਜਿਹੇ ਵਤੀਰੇ ਨੂੰ ਦੇਖਦਿਆਂ ਕਿਸਾਨਾਂ ਤੇ ਮਜ਼ਦੂਰਾਂ ਦੇ ਮਨਾਂ ਵਿਚ ਭਾਰੀ ਰੋਸ ਹੈ। ਉਨ੍ਹਾਂ ਕਿਹਾ ਕਿ ਓਨਾਂ ਚਿਰ ਕਾਂਗਰਸ ਦਾ ਵਿਰੋਧ ਕੀਤਾ ਜਾਵੇਗਾ ਜਦੋਂ ਤੱਕ ਕੇ ਢੁੱਕਵਾਂ ਮੁਆਵਜ਼ਾ ਨਹੀਂ ਮਿਲਦਾ। ਇਸ ਮੌਕੇ ਸੂਬਾ ਸਿੰਘ ਸੰਗਤਪੁਰਾ, ਬਹਾਦਰ ਸਿੰਘ ਭੁਟਾਲ ਖੁਰਦ, ਮੱਖਣ ਸਿੰਘ ਪਾਪੜਾ, ਹਰਜਿੰਦਰ ਸਿੰਘ ਨੰਗਲਾ, ਰਾਮਾ ਸਿੰਘ ਢੀਂਡਸਾ, ਜਗਦੀਪ ਸਿੰਘ ਲਹਿਲ ਖੁਰਦ, ਜੈਦੀਪ ਸਿੰਘ ਲਹਿਲ ਖੁਰਦ, ਜਸਵੰਤ ਕੌਰ ਰਾਏਧਰਾਣਾ, ਦਰਸ਼ਨਾ ਕੌਰ ਲਦਾਲ ਤੇ ਦਲੀਪ ਕੌਰ ਗਾਗਾ ਨੇ ਵੀ 393ਵੇਂ ਦਿਨ ਧਰਨੇ ਨੂੰ ਸੰਬੋਧਨ ਕੀਤਾ।
ਬੱਸਾਂ ਪਿੱਛੇ ਲੱਗੇ ਮੁੱਖ ਮੰਤਰੀ ਦੇ ਪੋਸਟਰਾਂ ’ਤੇ ਕਾਲਖ ਪੋਚੀ
ਪਟਿਆਲਾ (ਸਰਬਜੀਤ ਸਿੰਘ ਭੰਗੂ): ਨਰਮੇ ਦੀ ਫਸਲ ’ਤੇ ਗੁਲਾਬੀ ਸੁੰਡੀ ਦੇ ਹਮਲੇ ਕਾਰਨ ਹੋਏ ਨੁਕਸਾਨ ਲਈ ਪੰੰਜਾਬ ਸਰਕਾਰ ਵੱਲੋਂ ਐਲਾਨੇ ਗਏ ਮੁਆਵਜ਼ੇ ਨੂੰ ਕਿਸਾਨਾਂ ਨੇ ਨਿਗੂਣਾ ਕਰਾਰ ਦਿੱਤਾ ਹੈ। ਕਿਸਾਨਾਂ ਨੇ ਇਸ ਨੂੰ ਕੋਝਾ ਮਜ਼ਾਕ ਕਰਾਰ ਦਿੰਦਿਆਂ ਅੱਜ ਵਿਰੋਧ ਵਜੋਂ ਇੱਥੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀਆਂ ਤਸਵੀਰਾਂ ਵਾਨੇ ਪੋਸਟਰਾਂ ’ਤੇ ਉਤਾਰਿਆ। ਕਿਸਾਨਾਂ ਨੇ ਪੀਆਰਟੀਸੀ ਦੀਆਂ ਬੱਸਾਂ ਪਿੱਛੇ ਲੱਗੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀਆਂ ਫੋਟੋਆਂ ਵਾਲੇ ਪੋਸਟਰਾਂ ’ਤੇ ਕਾਲਖ ਫੇਰੀ। ਅਜਿਹਾ ਸੱਦਾ ਦੇਣ ਵਾਲੇ ਕੁਝ ਕਿਸਾਨ ਆਗੂਆਂ ਨੇ ਭਾਵੇਂ ਕਿ ਮੁੱਖ ਮੰਤਰੀ ਦੇ ਸਿਰਫ ਉਨ੍ਹਾਂ ਪੋਸਟਰਾਂ ’ਤੇ ਹੀ ਕਾਲਖ ਫੇਰਨ ਲਈ ਆਖਿਆ ਸੀ ਜੋ ਕਿ ਕਿਸਾਨਾਂ ਨੂੰ ਸੁਵਿਧਾਵਾਂ ਦੇਣ ਦੀ ਗੱਲ ਕਰਦੇ ਹੋਣ ਪਰ ਕਾਲਖ ਫੇਰਨ ਸਬੰਧੀ ਇਹ ਮੁਹਿੰਮ ਆਪ ਮੁਹਾਰੇ ਹੀ ਬਦਲਵਾਂ ਰੁਖ਼ ਅਖਤਿਆਰ ਕਰਦੀ ਗਈ ਅਤੇ ਚੰਨੀ ਦੇ ਸਰਕਾਰੀ ਸਕੀਮਾਂ ਦੀ ਬਾਤ ਪਾਉਂਦੇ ਹਰ ਤਰ੍ਹਾਂ ਦੇ ਪੋਸਟਰਾਂ ’ਤੇ ਕਾਲਖ ਦੇ ਪੋਚੇ ਫੇਰ ਦਿੱਤੇ ਗਏ। ਇਸ ਦੌਰਾਨ ਬੱਸਾਂ ਦੇ ਪਿੱਛੇ ਲੱਗੇ ਪੋਸਟਰਾਂ ਨੂੰ ਹੀ ਮੁੱਖ ਤੌਰ ’ਤੇ ਨਿਸ਼ਾਨਾ ਬਣਾਇਆ ਗਿਆ। ਇਸ ਦੌਰਾਨ ਕਿਸਾਨਾਂ ਨੇ ਅੱਜ ਪਟਿਆਲਾ ਸਣੇ ਹੋਰਨਾ ਖੇਤਰਾਂ ’ਚ ਕਈ ਥਾਈਂ ਤਾਂ ਬੱਸਾਂ ਨੂੰ ਘੇਰ ਕੇ ਅਜਿਹੇ ਪੋਸਟਰਾਂ ’ਤੇ ਕਾਲਖ ਦੇ ਪੋਚੇ ਫੇਰੇ ਗਏ। ਇਸ ਦੌਰਾਨ ਵੱਖ ਵੱਖ ਟੌਲ ਪਲਾਜਿਆਂ ਤੋਂ ਬੱਸਾਂ ਦੇ ਲੰਘਣ ਮੌਕੇ ਵੀ ਕਿਸਾਨਾਂ ਨੇ ਅਜਿਹੀ ਕਾਰਵਾਈ ਨੂੰ ਅੰਜਾਮ ਦਿੱਤਾ। ਕਿਸਾਨ ਯੂਨੀਅਨ ਡਕੌਂਦਾ ਦੇ ਸੂਬਾ ਜਨਰਲ ਸਕੱਤਰ ਜਗਮੋਹਣ ਸਿੰਘ ਪਟਿਆਲਾ ਨੇ ਕਿ ਸਰਕਾਰ ਵੱਲੋਂ ਐਲਾਨੀ ਮੁਆਵਜ਼ੇ ਦੀ ਤਿੰਨ ਪੜਾਵੀ ਰਾਸ਼ੀ ਨਿਗੂਣੀ ਹੈ।