ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 13 ਨਵੰਬਰ
ਸਿੱਖ ਕੌਮ ਦੇ ਮਹਾਨ ਜਰਨੈਲ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਜਨਮ ਦਿਹਾੜੇ ’ਤੇ ਪਿੰਡ ਬਡਰੁੱਖਾਂ ’ਚ ਸਮਾਗਮ ਕਰਵਾਇਆ ਗਿਆ ਜਿਸ ਦੌਰਾਨ ਪੰਜਾਬ ਸਰਕਾਰ ਵੱਲੋਂ ਕੈਬਨਿਟ ਮੰਤਰੀ ਵਿਜੈ ਇੰਦਰ ਸਿੰਗਲਾ ਨੇ ਐਲਾਨ ਕੀਤਾ ਕਿ ਸ਼ੇਰ-ਏ-ਪੰਜਾਬ ਦਾ ਬੁੱਤ ਨਵੇਂ ਸਿਰੇ ਤੋਂ ਤਿਆਰ ਕਰਵਾ ਕੇ ਇੱਕ ਸਾਲ ’ਚ ਸਮਾਰਕ ਵਾਲੀ ਥਾਂ ’ਤੇ ਸਥਾਪਿਤ ਕੀਤਾ ਜਾਵੇਗਾ। ਉਨ੍ਹਾਂ ਪਿੰਡ ਦੇ ਸਰਕਾਰੀ ਪ੍ਰਾਇਮਰੀ ਸਕੂਲ ਦਾ ਨਾਮ ਜਨਰਲ ਹਰਬਖ਼ਸ਼ ਸਿੰਘ ਦੇ ਨਾਂ ’ਤੇ ਰੱਖਣ ਦਾ ਐਲਾਨ ਵੀ ਕੀਤਾ। ਉਨ੍ਹਾਂ ਕਿਹਾ ਕਿ ਇਸ ਸਾਲ ਦੇ ਬਜਟ ’ਚ ਵੀ ਇੱਕ ਕਰੋੜ ਰੁਪਏ ਦੀ ਰਕਮ ਮਹਾਰਾਜਾ ਰਣਜੀਤ ਸਿੰਘ ਦੀ ਯਾਦਗਾਰ ਬਣਾਉਣ ਤੇ ਨਿਸ਼ਾਨੀਆਂ ਸੰਭਾਲਣ ਲਈ ਰਾਖਵੀਂ ਰੱਖੀ ਗਈ ਹੈ। ਉਨ੍ਹਾਂ ਕਿਹਾ ਕਿ ਪ੍ਰਾਇਮਰੀ ਸਕੂਲ ਦਾ ਨਾਂ ਜਨਰਲ ਹਰਬਖ਼ਸ਼ ਸਿੰਘ ਦੇ ਨਾਂ ’ਤੇ ਰੱਖਣ ਲਈ ਲੋੜੀਂਦਾ ਨੋਟੀਫਿਕੇਸ਼ਨ ਜਾਰੀ ਕਰਵਾ ਦਿੱਤਾ ਜਾਵੇਗਾ। ਸਰਪੰਚ ਕੁਲਜੀਤ ਸਿੰਘ ਤੂਰ ਵਲੋਂ ਪਿੰਡ ਦੇ ਸੁਧਾਰ ਲਈ ਮੰਗਾਂ ਦੱਸੀਆਂ ਗਈਆਂ ਜਿਨ੍ਹਾਂ ਨੂੰ ਹੱਲ ਕਰਨ ਦਾ ਮੰਤਰੀ ਨੇ ਭਰੋਸਾ ਦਿੱਤਾ। ਐਸਜੀਪੀਸੀ ਪ੍ਰਧਾਨ ਲੌਂਗੋਵਾਲ ਨੇ ਸ਼ੇਰ-ਏ-ਪੰਜਾਬ ਦੀ ਯਾਦ ’ਚ ਬਣੇ ਗੁਰਦੁਆਰਾ ਸਾਹਿਬ ਦੇ ਲੰਗਰ ਦੀ ਇਮਾਰਤ ਲਈ ਇੱਕ ਲੱਖ ਰੁਪਏ ਦੇਣ ਦਾ ਐਲਾਨ ਕੀਤਾ।