ਨਿੱਜੀ ਪੱਤਰ ਪੇ੍ਰਕ
ਸੰਗਰੂਰ, 27 ਅਪਰੈਲ
ਕਿਸਾਨ ਜਥੇਬੰਦੀਆਂ ਵਲੋਂ ਕੇਂਦਰ ਸਰਕਾਰ ਨੂੰ ਲੋਕ ਵਿਰੋਧੀ ਅਤੇ ਹਰ ਫਰੰਟ ’ਤੇ ਫੇਲ੍ਹ ਹੋਈ ਸਰਕਾਰ ਕਰਾਰ ਦਿੰਦਿਆਂ ਹਰ ਵਰਗ ਦੇ ਲੋਕਾਂ ਨੂੰ ਸੱਦਾ ਦਿੱਤਾ ਹੈ ਕਿ ਦੇਸ਼ ਨੂੰ ਮੁੜ ਗੁਲਾਮ ਹੋਣ ਤੋਂ ਬਚਾਉਣ ਲਈ ਚੱਲ ਰਹੇ ਕਿਸਾਨ ਸੰਘਰਸ਼ ਵਿਚ ਸ਼ਾਮਲ ਹੋਣ। ਕਿਸਾਨ ਜਥੇਬੰਦੀਆਂ ਨੇ ਦਾਅਵਾ ਕੀਤਾ ਕਿ ਹਾੜ੍ਹੀ ਦੇ ਸੀਜ਼ਨ ਤੋਂ ਵਿਹਲੇ ਹੋ ਕੇ ਪੰਜਾਬ ਤੋਂ ਵੱਡੀ ਤਾਦਾਦ ’ਚ ਲੋਕਾਂ ਦਾ ਦਿੱਲੀ ਪੁੱਜਣਾ ਇਹ ਸਾਬਤ ਕਰਦਾ ਹੈ ਕਿ ਕਿਸਾਨ ਸੰਘਰਸ਼ ਪੂਰੀ ਚੜ੍ਹਦੀ ਕਲਾ ਅਤੇ ਬੁਲੰਦ ਹੌਸਲੇ ਵਿਚ ਹੈ। ਕਿਸਾਨ ਦਿੱਲੀ ਤੋਂ ਜਿੱਤ ਦੇ ਝੰਡੇ ਬੁਲੰਦ ਕਰਕੇ ਹੀ ਵਾਪਸ ਪਰਤਣਗੇ। ਇਥੇ ਭਾਜਪਾ ਆਗੂ ਦੇ ਘਰ ਅੱਗੇ ਅਤੇ ਰਿਲਾਇੰਸ ਪੰਪ ਖੇੜੀ ਅੱਗੇ ਭਾਕਿਯੂ ਏਕਤਾ ਉਗਰਾਹਾਂ ਦੀ ਅਗਵਾਈ ਹੇਠ ਕਿਸਾਨ ਅਤੇ ਕਿਸਾਨ ਬੀਬੀਆਂ ਪੱਕੇ ਰੋਸ ਧਰਨੇ ਵਿਚ ਡਟੀਆਂ ਹੋਈਆਂ ਹਨ ਜਦੋਂ ਕਿ 31 ਕਿਸਾਨ ਜਥੇਬੰਦੀਆਂ ਦਾ ਰੋਸ ਧਰਨਾ ਸਥਾਨਕ ਰੇਲਵੇ ਸਟੇਸ਼ਨ ਨੇੜੇ ਚੱਲ ਰਿਹਾ ਹੈ। ਭਾਕਿਯੂ ਏਕਤਾ ਉਗਰਾਹਾਂ ਦੇ ਰੋਸ ਧਰਨਿਆਂ ਨੂੰ ਗੋਬਿੰਦਰ ਸਿੰਘ ਮੰਗਵਾਲ, ਗੋਬਿੰਦਰ ਸਿੰਘ ਬਡਰੁੱਖਾ, ਲਾਭ ਸਿੰਘ ਖੁਰਾਣਾ, ਗੁਰਦੀਪ ਸਿੰਘ ਕੰਮੋਮਾਜਰਾ, ਸ਼ਿੰਦਰ ਸਿੰਘ ਬਡਰੁੱਖਾਂ, ਕਰਮਜੀਤ ਸਿੰਘ ਮੰਗਵਾਲ, ਹਰਦੇਵ ਸਿੰਘ ਕਲਾਰਾਂ, ਸਰੂਪ ਚੰਦ ਕਿਲਾਭਰੀਆਂ ਆਦਿ ਨੇ ਸੰਬੋਧਨ ਕੀਤਾ ਜਦੋਂ ਕਿ ਕਿਸਾਨ ਜਥੇਬੰਦੀਆਂ ਦੇ ਧਰਨੇ ਨੂੰ ਨਿਰਮਲ ਸਿੰਘ ਬਟੜਿਆਣਾ, ਇੰਦਰਪਾਲ ਸਿੰਘ ਪੁੰਨਾਂਵਾਲਾ, ਹਰਮੇਲ ਸਿੰਘ ਮਹਿਰੋਕ, ਲੱਖਮੀ ਚੰਦ, ਮੋਹਨ ਲਾਲ, ਰੋਹੀ ਸਿੰਘ ਮੰਗਵਾਲ, ਡਾ. ਹਰਪ੍ਰੀਤ ਕੌਰ ਖਾਲਸਾ, ਡਾ. ਅਮਨਦੀਪ ਕੌਰ ਗੋਸਲ ਆਦਿ ਨੇ ਸੰਬੋਧਨ ਕੀਤਾ।
ਹਰਪਾਲਪੁਰ ਤੋਂ ਕਿਸਾਨਾਂ ਦਾ ਜਥਾ ਸਿੰਘੂ ਬਾਰਡਰ ਲਈ ਰਵਾਨਾ
ਘਨੌਰ (ਪੱਤਰ ਪੇ੍ਰਕ): ਦਿੱਲੀ ਦੀਆਂ ਸਰਹੱਦਾਂ ’ਤੇ ਕਿਸਾਨ ਅੰਦੋਲਨ ਵਿੱਚ ਸ਼ਾਮਿਲ ਹੋਣ ਲਈ ਪਿੰਡ ਹਰਪਾਲਪੁਰ ਵਾਸੀ ਕਿਸਾਨ ਹਾੜ੍ਹੀ ਦੀ ਫਸਲ ਸਾਂਭਣ ਉਪਰੰਤ ਕਿਸਾਨ ਆਗੂਆਂ ਗੁਰਵਿੰਦਰ ਸਿੰਘ, ਹਰਮੇਸ਼ ਕੁਮਾਰ, ਅਜੈਬ ਸਿੰਘ, ਰਜਿੰਦਰ ਸਿੰਘ, ਕਰਮ ਸਿੰਘ, ਧਰਮਪਾਲ ਸਮੇਤ ਹੋਰਨਾਂ ਦੀ ਅਗਵਾਈ ਵਿੱਚ ਕਿਸਾਨਾਂ ਦਾ 25ਵਾਂ ਜਥਾ ਅੰਦੋਲਨ ਵਿੱਚ ਸ਼ਾਮਲ ਹੋਣ ਲਈ ਦਿੱਲੀ ਦੇ ਸਿੰਘੂ ਬਾਰਡਰ ਲਈ ਰਵਾਨਾ ਹੋਇਆ। ਇਸ ਮੌਕੇ ਕਿਸਾਨ ਆਗੂਆਂ ਨੇ ਆਖਿਆ ਕਿ ਉਨ੍ਹਾਂ ਆਪਣੀ ਹਾੜ੍ਹੀ ਦੀ ਫਸਲ ਸਾਂਭ ਲਈ ਹੈ ਤੇ ਹੁਣ ਕਿਸਾਨ ਅੰਦੋਲਨ ਵਿੱਚ ਫਤਿਹ ਪਾਉਣ ਲਈ ਦਿੱਲੀ ਦੇ ਸਿੰਘੂ ਬਾਰਡਰ ਅੰਦੋਲਨ ਵਿੱਚ ਸ਼ਾਮਲ ਹੋਣ ਲਈ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਜਦੋਂ ਤੱਕ ਮੋਦੀ ਸਰਕਾਰ ਕਾਲੇ ਖੇਤੀ ਕਾਨੂੰਨ ਰੱਦ ਕਰਕੇ ਐਮ.ਐਸ.ਪੀ ਦੀ ਕਾਨੂੰਨੀ ਗਰੰਟੀ ਨਹੀਂ ਦਿੰਦੀ। ਉਦੋਂ ਤੱਕ ਘਰ ਨਹੀਂ ਪਰਤਾਂਗੇ।