ਪੱਤਰ ਪ੍ਰੇਰਕ
ਦੇਵੀਗੜ੍ਹ, 28 ਜਨਵਰੀ
ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਦੀ ਚੋਣ ਮੁਹਿੰਮ ਨੂੰ ਅੱਜ ਉਦੋਂ ਹੋਰ ਬਲ ਮਿਲਿਆ ਜਦੋਂ ਪਿੰਡ ਹਾਜ਼ੀਪੁਰ ਵਿੱਚ ਦੋ ਦਰਜਨ ਦੇ ਕਰੀਬ ਪਰਿਵਾਰਾਂ ਨੇ ਕਾਂਗਰਸ ਛੱਡ ਕੇ ਅਕਾਲੀ ਦਲ ਵਿਚ ਸ਼ਾਮਲ ਹੋਣ ਦਾ ਐਲਾਨ ਕੀਤਾ। ਅਕਾਲੀ ਦਲ ਵਿਚ ਸ਼ਾਮਲ ਹੋਣ ਵਾਲਿਆਂ ਵਿਚ ਅਮਨਮੋਲ ਸਿੰਘ, ਸੰਨੀ ਸਿੰਘ, ਗੁਰਸੇਵਕ ਸਿੰਘ, ਗੁਰਵਿੰਦਰ ਸਿੰਘ, ਹਰਮਨਦੀਪ ਸਿੰਘ, ਦਲੇਰ ਸਿੰਘ, ਮਹਿੰਦਰ ਸਿੰਘ, ਰਵਿੰਦਰ ਸਿੰਘ ਪ੍ਰਮੁੱਖ ਹਨ। ਇਨ੍ਹਾਂ ਸਾਰੇ ਪਰਿਵਾਰਾਂ ਦਾ ਪਾਰਟੀ ’ਚ ਆਉਣ ’ਤੇ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਾਰ ਨੇ ਸਵਾਗਤ ਕੀਤਾ।
ਸੰਗਰੂਰ (ਪੱਤਰ ਪ੍ਰੇਰਕ): ਹਲਕਾ ਸੰਗਰੂਰ ਤੋਂ ਅਕਾਲੀ ਦਲ ਤੇ ਬਸਪਾ ਦੇ ਉਮੀਦਵਾਰ ਵਿਨਰਜੀਤ ਸਿੰਘ ਗੋਲਡੀ ਨੂੰ ਲੋਕਾਂ ਤੋਂ ਮਿਲਦੇ ਸਹਿਯੋਗ ਕਾਰਨ ਉਨ੍ਹਾਂ ਦੀ ਸਥਿਤੀ ਮਜ਼ਬੂਤ ਹੁੰਦੀ ਜਾ ਰਹੀ ਹੈ| ਹੈਪੀ ਠੇਕੇਦਾਰ ਨੇ ਦੱਸਿਆ ਕਿ ਉਨ੍ਹਾਂ ਨੂੰ ਗੁਮਰਾਹ ਕਰ ਕੇ ਭਾਜਪਾ ਵਿਚ ਸ਼ਾਮਲ ਕੀਤਾ ਗਿਆ ਸੀ, ਪਰ ਹੁਣ ਉਹ ਘਰ ਵਾਪਸੀ ਕਰਦਿਆਂ ਅਕਾਲੀ ਦਲ ਵਿਚ ਫ਼ਿਰ ਤੋਂ ਆ ਚੁੱਕੇ ਹਨ|
ਅਕਾਲੀ ਪਰਿਵਾਰ ਕਾਂਗਰਸ ਵਿੱਚ ਸ਼ਾਮਲ
ਘਨੌਰ (ਪੱਤਰ ਪ੍ਰੇਰਕ): ਹਲਕਾ ਘਨੌਰ ਦੇ ਪਿੰਡ ਚਮਾਰੂ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਉਸ ਵੇਲੇ ਵੱਡਾ ਸਿਆਸੀ ਝਟਕਾ ਲੱਗਿਆ ਜਦੋਂ ਪਿੰਡ ਦੇ ਸਾਬਕਾ ਅਕਾਲੀ ਸਰਪੰਚ ਮਾਨ ਸਿੰਘ ਪਰਿਵਾਰ ਸਮੇਤ ਕਾਂਗਰਸ ਵਿੱਚ ਸ਼ਾਮਲ ਹੋ ਗਏ। ਇਸ ਮੌਕੇ ਜ਼ਿਲ੍ਹਾ ਪਰਿਸ਼ਦ ਮੈਂਬਰ ਗਗਨਦੀਪ ਸਿੰਘ ਜੌਲੀ ਅਤੇ ਜ਼ਿਲ੍ਹਾ ਕਾਂਗਰਸ ਕਮੇਟੀ ਪ੍ਰਧਾਨ ਗੁਰਦੀਪ ਸਿੰਘ ਊਂਟਸਰ ਨੇ ਸਿਰਪਾਓ ਪਾ ਕੇ ਪਰਿਵਾਰ ਦਾ ਸਨਮਾਨ ਕੀਤਾ।
‘ਆਪ’ ਆਗੂ ਦਿਨੇਸ਼ ਬਾਂਸਲ ਸਾਥੀਆਂ ਸਮੇਤ ਕਾਂਗਰਸ ਵਿੱਚ ਸ਼ਾਮਲ
ਸੰਗਰੂਰ (ਨਿੱਜੀ ਪੱਤਰ ਪ੍ਰੇਰਕ): ਸੰਗਰੂਰ ਵਿਧਾਨ ਸਭਾ ਹਲਕੇ ਤੋਂ ‘ਆਪ’ ਦੀ ਟਿਕਟ ਨਾ ਮਿਲਣ ਤੋਂ ਨਾਰਾਜ਼ ਦਿਨੇਸ਼ ਬਾਂਸਲ ਆਪਣੇ ਸਾਥੀਆਂ ਸਮੇਤ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋ ਗਏ ਹਨ। ਸ੍ਰੀ ਬਾਂਸਲ ਨੇ ‘ਆਪ’ ਦੀ ਟਿਕਟ ’ਤੇ ਪਿਛਲੀ ਵਿਧਾਨ ਸਭਾ ਚੋਣ ਲੜ ਕੇ 36498 ਵੋਟਾਂ ਹਾਸਲ ਕੀਤੀਆਂ ਸਨ ਜੋ ਕਾਂਗਰਸ ਉਮੀਦਵਾਰ ਵਿਜੈਇੰਦਰ ਸਿੰਗਲਾ ਤੋਂ ਚੋਣ ਹਾਰ ਗਏ ਸਨ। ਦਿਨੇਸ਼ ਬਾਂਸਲ ਨੇ ਸਾਥੀਆਂ ਸਮੇਤ ਲੰਘੇ ਕੱਲ੍ਹ ਸ੍ਰੀ ਅੰਮ੍ਰਿਤਸਰ ਵਿਖੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਅਤੇ ਕੈਬਨਿਟ ਮੰਤਰੀ ਵਿਜੈਇੰਦਰ ਸਿੰਗਲਾ ਦੀ ਮੌਜੂਦਗੀ ਵਿੱਚ ਕਾਂਗਰਸ ਵਿੱਚ ਸ਼ਾਮਿਲ ਹੋਣ ਦਾ ਐਲਾਨ ਕੀਤਾ। ਦਿਨੇਸ਼ ਬਾਂਸਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਹੁਣ ਪਹਿਲਾਂ ਵਰਗੀਆਂ ਨਹੀਂ ਰਹੀਆਂ, ਇਨ੍ਹਾਂ ਦੀ ਸੋਚ ਵਪਾਰਕ ਹੋ ਚੁੱਕੀ ਹੈ। ਵਿਜੈਇੰਦਰ ਸਿੰਗਲਾ ਨੇ ਕਿਹਾ ਹੈ ਕਿ ਦਿਨੇਸ਼ ਬਾਂਸਲ ਦੇ ਕਾਂਗਰਸ ਪਾਰਟੀ ਵਿੱਚ ਆਉਣ ਨਾਲ ਕਾਂਗਰਸ ਨੂੰ ਹਲਕਾ ਸੰਗਰੂਰ ਵਿੱਚ ਮਜ਼ਬੂਤੀ ਮਿਲੀ ਹੈ।
ਪਿੰਡ ਖੁਰਦ ਦੇ ਪਰਿਵਾਰ ‘ਆਪ’ ਵਿੱਚ ਸ਼ਾਮਲ
ਸੰਦੌੜ (ਪੱਤਰ ਪ੍ਰੇਰਕ): ਪਿੰਡ ਖੁਰਦ ਵਿੱਚ ਆਮ ਆਦਮੀ ਪਾਰਟੀ ਨੂੰ ਉਸ ਸਮੇਂ ਹੁਲਾਰਾ ਮਿਲਿਆ ਜਦੋਂ ਸਾਬਕਾ ਜ਼ਿਲ੍ਹਾ ਪਰਿਸ਼ਦ ਮੈਂਬਰ ਬੀਬੀ ਸੁਖਵਿੰਦਰ ਕੌਰ ਕਾਂਗਰਸ ਪਾਰਟੀ ਛੱਡ ਕੇ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋ ਗਏ। ਉਨ੍ਹਾਂ ਤੋਂ ਇਲਾਵਾ 25 ਦੇ ਕਰੀਬ ਪਰਿਵਾਰ ਵੀ ‘ਆਪ’ ਵਿਚ ਸ਼ਾਮਲ ਹੋਏ ਹਨ। ‘ਆਪ’ ਉਮੀਦਵਾਰ ਡਾ. ਜਮੀਲ ਉਰ ਰਹਿਮਾਨ ਨੇ ਸਾਰਿਆਂ ਨੂੰ ਜੀ ਆਇਆਂ ਆਖਦੇ ਹੋਏ ਪਾਰਟੀ ਵਿਚ ਮਾਣ ਸਨਮਾਨ ਦੇਣ ਦਾ ਭਰੋਸਾ ਦਿੱਤਾ। ਇਸ ਮੌਕੇ ਲਾਡੀ ਬੋਪਾਰਾਏ, ਯਾਮੀਨ ਖੁਰਦ, ਸੰਤੋਖ ਸਿੰਘ, ਕਰਮਜੀਤ ਸਿੰਘ ਕੁਠਾਲਾ, ਜਗਤਾਰ ਸਿੰਘ ਜੱਸਲ, ਚਰਨਜੀਤ ਸਿੰਘ ਚੀਮਾ, ਹਰਪ੍ਰੀਤ ਸਿੰਘ ਤੇ ਸਰਬਜੀਤ ਸਿੰਘ ਹਾਜ਼ਰ ਸਨ।
ਯੂਥ ਅਕਾਲੀ ਦਲ ਆਗੂ ਤੇ ਸਾਥੀ ਭਾਜਪਾ ਵਿੱਚ ਸ਼ਾਮਲ
ਪਟਿਆਲਾ (ਖੇਤਰੀ ਪ੍ਰਤੀਨਿਧ): ਭਾਜਪਾ ਦੇ ਸੀਨੀਅਰ ਆਗੂ ਗੁਰਤੇਜ ਸਿੰਘ ਢਿੱਲੋਂ ਦੀ ਅਗਵਾਈ ’ਚ ਅੱਜ ਯੂਥ ਅਕਾਲੀ ਦਲ ਦੀ ਸ਼ਹਿਰੀ ਇਕਾਈ ਪਟਿਆਲਾ ਦੇ ਜਨਰਲ ਸਕੱਤਰ ਟਿੰਕੂ ਪੁਰੀ ਸਾਥੀਆਂ ਸਮੇਤ ਭਾਜਪਾ ’ਚ ਸ਼ਮਲ ਹੋ ਗਏ| ਇਨ੍ਹਾਂ ਨੂੰ ਭਾਜਪਾ ’ਚ ਸ਼ਾਮਲ ਕਰਦਿਆਂ, ਗੁਰਤੇਜ ਢਿੱਲੋਂ ਨੇ ਸਿਰੋਪਾ ਪਾ ਕੇ ਸਵਾਗਤ ਕੀਤਾ।