ਗੁਰਦੀਪ ਸਿੰਘ ਲਾਲੀ
ਸੰਗਰੂਰ, 14 ਅਕਤੂਬਰ
ਐਸ.ਸੀ./ਬੀ.ਸੀ.ਅਧਿਆਪਕ ਯੂਨੀਅਨ ਦੀ ਅਗਵਾਈ ਹੇਠ ਅਧਿਆਪਕਾਂ ਵੱਲੋਂ ‘ਆਪ’ ਸਰਕਾਰ ’ਚ ਐਸਸੀ/ਬੀਸੀ ਮੁਲਾਜ਼ਮਾਂ ਤੇ ਵਿਦਿਆਰਥੀਆਂ ਨਾਲ ਕੀਤੇ ਜਾ ਰਹੇ ਵਿਤਕਰੇ ਅਤੇ ਧੋਖੇ ਦੇ ਖ਼ਿਲਾਫ਼ ਰੋਸ ਧਰਨਾ ਦਿੰਦਿਆਂ ਮੁੱਖ ਮੰਤਰੀ ਪੰਜਾਬ ਦਾ ਪੁਤਲਾ ਫ਼ੂਕਿਆ ਗਿਆ। ਭਾਵੇਂ ਕਿ ਅਧਿਆਪਕਾਂ ਵਲੋਂ ਮੁੱਖ ਮੰਤਰੀ ਦੀ ਕੋਠੀ ਦੇ ਘਿਰਾਓ ਦਾ ਪ੍ਰੋਗਰਾਮ ਉਲੀਕਿਆ ਸੀ ਪਰ ਕਿਸਾਨਾਂ ਦੇ ਚੱਲ ਰਹੇ ਪੱਕੇ ਮੋਰਚੇ ਕਾਰਨ ਅਧਿਆਪਕਾਂ ਵੱਲੋਂ ਮੁੱਖ ਮੰਤਰੀ ਦੀ ਕੋਠੀ ਨੂੰ ਜਾਂਦੀ ਸੜਕ ’ਤੇ ਯਾਦਵਿੰਦਰਾ ਹੋਟਲ ਨਜ਼ਦੀਕ ਟੀ-ਪੁਆਇੰਟ ’ਤੇ ਰੋਸ ਧਰਨਾ ਦਿੱਤਾ ਗਿਆ ਅਤੇ ਪੰਜਾਬ ਸਰਕਾਰ ’ਤੇ ਵਿਤਕਰੇਬਾਜ਼ੀ ਦੇ ਦੋਸ਼ ਲਾਉਂਦਿਆਂ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ ਗਿਆ।
ਰੋਸ ਧਰਨੇ ਨੂੰ ਸੰਬੋਧਨ ਕਰਦਿਆਂ ਯੂਨੀਅਨ ਦੇ ਸੂਬਾ ਪ੍ਰਧਾਨ ਬਲਜੀਤ ਸਿੰਘ ਸਲਾਣਾ ਅਤੇ ਕਾਰਜਕਾਰੀ ਪ੍ਰਧਾਨ ਕ੍ਰਿਸ਼ਨ ਸਿੰਘ ਦੁੱਗਾਂ ਨੇ ਦੱਸਿਆ ਕਿ ਵਿਭਾਗ ਦੇ ਅਧਿਕਾਰੀਆਂ ਨੂੰ ਮਿਲ ਕੇ ਲਿਖਤੀ ਸਬੂਤਾਂ ਤੇ ਤੱਥਾਂ ਸਮੇਤ ਸੀਨੀਆਰਤਾ ਸੂਚੀਆਂ ਵਿੱਚ ਵੱਡੀਆਂ ਤਰੁੱਟੀਆਂ ਬਾਰੇ ਜਾਣੂ ਕਰਵਾਇਆ ਜਾ ਚੁੱਕਿਆ ਹੈ ਪਰ ਇਨਸਾਫ਼ ਨਹੀਂ ਮਿਲ ਰਿਹਾ। ਸਿਰਫ਼ ਕੌਮੀ ਐਸ.ਸੀ.ਐਸ.ਟੀ. ਕਮਿਸ਼ਨ ਭਾਰਤ ਸਰਕਾਰ ਨੇ ਜਥੇਬੰਦੀ ਦਾ ਪੱਖ ਸੁਣ ਕੇ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨੂੰ ਸੀਨੀਆਰਤਾ ਸੂਚੀਆਂ ਸੋਧ ਕੇ ਤਰੱਕੀਆਂ ਕਰਨ ਦੇ ਆਦੇਸ਼ ਦਿੱਤੇ ਹਨ ਪਰ ਇਹ ਆਦੇਸ਼ਾਂ ਨੂੰ ਵੀ ਲਾਗੂ ਨਹੀਂ ਕੀਤਾ ਜਾ ਰਿਹਾ। ਉਨ੍ਹਾਂ ਦੋਸ਼ ਲਾਇਆ ਕਿ 1993, 1995, 1997 ਦੇ ਲੈਕਚਰਾਰਾਂ ਨੂੰ ਛੱਡ ਕੇ 2000, 2001 ਤੇ 2006 ਵਾਲਿਆਂ ਨੂੰ ਤਰੱਕੀ ਦੇ ਕੇ ਪ੍ਰਿੰਸੀਪਲ ਬਣਾਇਆ ਜਾ ਰਿਹਾ ਹੈ ਜੋ ਕਿ ਐਸ.ਸੀ. ਬੀ.ਸੀ. ਲੈਕਚਰਾਰਾਂ ਨਾਲ ਸ਼ਰੇਆਮ ਧੱਕੇਸ਼ਾਹੀ ਹੈ। ਬੁਲਾਰਿਆਂ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਜੇ ਸਰਕਾਰ ਨੇ ਐਸ.ਸੀ. ਬੀ.ਸੀ ਵਰਗ ਦੇ ਮੁਲਾਜ਼ਮਾਂ ਨੂੰ ਇਨਸਾਫ਼ ਨਾ ਦਿੱਤਾ ਤਾਂ ਆਉਣ ਵਾਲੇ ਦਿਨਾਂ ’ਚ ਵੱਡਾ ਸੰਘਰਸ਼ ਵਿੱਢਿਆ ਜਾਵੇਗਾ।
ਰੋਸ ਧਰਨੇ ਨੂੰ ਯੂਨੀਅਨ ਆਗੂ ਲਛਮਣ ਸਿੰਘ ਨਬੀਪੁਰ, ਬਲਵਿੰਦਰ ਲਤਾਲਾ, ਹਰਬੰਸ ਲਾਲ ਪਰਜੀਆਂ, ਗੁਰਸੇਵਕ ਸਿੰਘ ਕਲੇਰ, ਪਰਵਿੰਦਰ ਭਾਰਤੀ, ਗੁਰਪ੍ਰੀਤ ਸਿੰਘ ਗੁਰੂ, ਹਰਪਾਲ ਤਰਨਤਾਰਨ, ਵੀਰ ਸਿੰਘ ਮੋਗਾ, ਰਾਜ ਚੌਹਾਨ ਰੋਪੜ, ਨਰਿੰਦਰਜੀਤ ਕਪੂਰਥਲਾ, ਜਸਵੀਰ ਸਿੰਘ ਬਰਨਾਲਾ, ਹਰਬੰਸ ਲਾਲ ਜਲੰਧਰ, ਗੁਰਟੇਕ ਫਰੀਦਕੋਟ, ਅਮਿੰਦਰਪਾਲ ਮੁਕਤਸਰ, ਪਰਸਨ ਬਠਿੰਡਾ, ਵਿਜੈ ਮਾਨਸਾ, ਹਰਜਿੰਦਰ ਸਿੰਘ ਮਲੇਰਕੋਟਲਾ ਆਦਿ ਨੇ ਵੀ ਸੰਬੋਧਨ ਕੀਤਾ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਯੂਨੀਅਨ ਦੀ 29 ਅਕਤੂਬਰ ਨੂੰ ਸਿੱਖਿਆ ਮੰਤਰੀ ਪੰਜਾਬ ਨਾਲ ਪੈਨਲ ਮੀਟਿੰਗ ਤੈਅ ਕਰਾਉਣ ਮਗਰੋਂ ਧਰਨਾ ਸਮਾਪਤ ਹੋਇਆ।
ਲੋੜਵੰਦ ਵਿਦਿਆਰਥੀਆਂ ਨੂੰ ਵਜ਼ੀਫ਼ੇ ਤੋਂ ਵਾਂਝਾ ਕਰਨ ਦਾ ਦੋਸ਼
ਰੋਸ ਧਰਨੇ ਨੂੰ ਸੰਬੋਧਨ ਕਰਦਿਆਂ ਯੂਨੀਅਨ ਦੇ ਸੂਬਾ ਪ੍ਰਧਾਨ ਬਲਜੀਤ ਸਿੰਘ ਸਲਾਣਾ ਅਤੇ ਕਾਰਜਕਾਰੀ ਪ੍ਰਧਾਨ ਕ੍ਰਿਸ਼ਨ ਸਿੰਘ ਦੁੱਗਾਂ ਨੇ ਦੋਸ਼ ਲਾਇਆ ਕਿ ਜਦੋਂ ਦੀ ‘ਆਪ’ ਸਰਕਾਰ ਸੱਤਾ ’ਚ ਆਈ ਹੈ ਉਦੋਂ ਤੋਂ ਹੀ ਐਸ.ਸੀ. ਬੀ.ਸੀ. ਵਰਗ ਦੇ ਲੋਕਾਂ ਉਪਰ ਅੱਤਿਆਚਾਰ ਵਧ ਗਿਆ ਹੈ। ਐਸ.ਸੀ. ਬੀ.ਸੀ. ਵਰਗ ਦੇ ਵਿਦਿਆਰਥੀਆਂ ਨੂੰ ਦਿੱਤੇ ਜਾਂਦੇ ਵਜ਼ੀਫ਼ੇ ਵਿੱਚ ਆਮਦਨ ਸਰਟੀਫਿਕੇਟ ਦੀ ਸ਼ਰਤ ਲਗਾ ਕੇ ਲੋੜਵੰਦ ਵਿਦਿਆਰਥੀਆਂ ਨੂੰ ਵਜ਼ੀਫ਼ੇ ਤੋਂ ਵਾਂਝਾ ਕੀਤਾ ਜਾ ਰਿਹਾ ਹੈ। ਵੱਖ-ਵੱਖ ਲੈਕਚਰਾਰ ਕਾਡਰ, ਮਾਸਟਰ ਕਾਡਰ, ਪੀਈਐਸ ਕਾਡਰ, ਹੈੱਡ ਟੀਚਰ, ਸੈਂਟਰ ਹੈਡ ਟੀਚਰ ਦੀਆਂ ਤਰੱਕੀਆਂ ਸਮੇਂ 10-10-2014 ਨੂੰ ਜਾਰੀ ਹੋਏ ਗੈਰਸੰਵਿਧਾਨਕ ਪੱਤਰ ਦੀ ਆੜ ਵਿੱਚ ਗਲਤ ਸੀਨੀਆਰਤਾ ਸੂਚੀਆਂ ਦੇ ਆਧਾਰ ’ਤੇ ਸੀਨੀਅਰ ਐਸ.ਸੀ. ਮੁਲਾਜ਼ਮਾਂ ਨੂੰ ਤਰੱਕੀ ਤੋਂ ਵਾਂਝਾ ਕੀਤਾ ਜਾ ਰਿਹਾ ਹੈ।