ਰਮੇਸ਼ ਭਾਰਦਵਾਜ
ਲਹਿਰਾਗਾਗਾ, 16 ਸਤੰਬਰ
ਪਿੰਡ ਸੰਗਤਪੁਰਾ ਦੇ ਸਰਪੰਚ ਬਲਦੇਵ ਸਿੰਘ ਨੇ ਦੱਸਿਆ ਕਿ ਪਿੰਡ ਦੇ ਵੱਖ ਵੱਖ ਵਿਕਾਸਾਂ ਨੂੰ ਲੈ ਕੇ ਅੱਜ ਪੰਚਾਇਤ ਘਰ ਸੰਗਤਪੁਰਾ ’ਚ ਪੰਚਾਇਤ ਮੀਟਿੰਗ ਰੱਖੀ ਗਈ ਸੀ ਪ੍ਰੰਤੂ ਪੰਚਾਂ ਦੀ ਹਾਜ਼ਰੀ ਪੂਰੀ ਨਾ ਹੋਣ ਕਰਕੇ ਅੱਜ ਦੀ ਮੀਟਿੰਗ ਬੇਸਿੱਟਾ ਰਹੀ। ਉਨ੍ਹਾਂ ਦੱਸਿਆ ਕਿ ਅੱਜ ਦੀ ਮੀਟਿੰਗ ਵਿੱਚ ਪੰਚ ਕਾਲਾ ਸਿੰਘ, ਪੰਚ ਰਾਣੀ ਕੌਰ ਅਤੇ ਪੰਚ ਜਤਿੰਦਰ ਕੌਰ ਹੀ ਹਾਜ਼ਰ ਹੋਏ ਸਨ ਪਰ 6 ਪੰਚ ਮੇਲਾ ਸਿੰਘ, ਪਰਮਜੀਤ ਕੌਰ, ਜਤਿੰਦਰ ਕੌਰ, ਸੰਦੀਪ ਸਿੰਘ ਵਾਰਡ ਨੰ. 7, ਅਮਰੀਕ ਸਿੰਘ ਅਤੇ ਸੰਦੀਪ ਸਿੰਘ ਵਾਰਡ ਨੰਬਰ 9 ਦੇ ਗੈਰ ਹਾਜ਼ਰ ਹੋਣ ਕਰਕੇ ਕੋਈ ਵੀ ਮਤਾ ਪਿਛਲੀਆਂ ਕਈ ਮੀਟਿੰਗਾਂ ’ਚ ਪਾਸ ਨਾ ਹੋਣ ਕਰਕੇ ਵਿਕਾਸ ਕਾਰਜਾਂ ’ਚ ਅੜਿੱਕਾ ਪੈ ਰਿਹਾ ਹੈ। ਦੂਜੇ ਪਾਸੇ ਕੰਮ ਤੋਂ ਵਿਹਲੇ ਹੋਏ ਨਰੇਗਾ ਮਜ਼ਦੂਰਾਂ ਨੇ ਵੀ ਪਿੰਡ ਅੰਦਰ ਕੰਮ ਨਾ ਚੱਲਣ ਕਰਕੇ ਰੋਸ ਜ਼ਾਹਿਰ ਕਰਦਿਆਂ ਕਿਹਾ ਕਿ ਪੰਚਾਂ ਦੀ ਗੁੱਟਬੰਦੀ ਕਰਕੇ ਨਰੇਗਾ ਕਾਮੇ ਵਿਹਲੇ ਹੋ ਗਏ ਹਨ ਤੇ ਉਨ੍ਹਾਂ ਨੂੰ ਘਰ ਦਾ ਗੁਜ਼ਾਰਾ ਚਲਾਉਣਾ ਔਖਾ ਹੋ ਗਿਆ ਹੈ। ਉੱਧਰ ਗੈਰ-ਹਾਜ਼ਰ ਰਹਿਣ ਵਾਲੇ ਪੰਚਾਂ ਦਾ ਕਹਿਣਾ ਹੈ ਕਿ ਸਰਪੰਚ ਨੇ ਪਹਿਲਾਂ 12 ਸਤੰਬਰ ਨੂੰ ਮੀਟਿੰਗ ਸੱਦੀ ਸੀ ਜਿਸ ਦੀ ਤਾਰੀਕ ਬਾਅਦ ’ਚ ਕਥਿਤ ਤਕਨੀਕੀ ਕਾਰਨਾਂ ਕਰਕੇ ਬਦਲ ਦਿੱਤੀ ਗਈ ਜਿਸ ਬਾਰੇ ਉਨ੍ਹਾਂ ਡੀਡੀਪੀਓ ਨੂੰ ਲਿਖਤੀ ਸ਼ਿਕਾਇਤ ਕੀਤੀ ਹੈ। ਇਸ ਸਮੇਂ ਨਰੇਗਾ ਮਜ਼ਦੂਰ ਮੇਲਾ ਸਿੰਘ, ਮੇਜਰ ਸਿੰਘ, ਸੱਜਣ ਸਿੰਘ, ਰੂਪ ਸਿੰਘ, ਗੁਰਦਿਆਲ ਸਿੰਘ, ਕਰਨ ਸਿਂਘ, ਗਿਆਨੀ ਸਿੰਘ, ਨਿੱਕਾ ਸਿੰਘ, ਮਿੱਠੂ ਸਿਂਘ, ਹਰਨੇਕ ਸਿੰਘ ਨੇਕਲੀ, ਗਿੰਦੋ ਕੌਰ, ਮੇਲੋ ਕੌਰ, ਜਸਵੀਰ ਕੌਰ, ਗੀਤਾਂ ਕੌਰ, ਮੇਲੋ ਕੌਰ, ਗੁਰਮੀਤ ਕੌਰ ਹਾਜ਼ਰ ਸਨ।