ਗੁਰਦੀਪ ਸਿੰਘ ਲਾਲੀ
ਸੰਗਰੂਰ, 19 ਮਾਰਚ
ਪੰਜਾਬ ਦੀ ਸੱਤਾ ’ਚ ਜ਼ਿਲ੍ਹਾ ਸੰਗਰੂਰ ਦੀ ਨੁਮਾਇੰਦਗੀ ਪੱਖ ਤੋਂ ਝੰਡੀ ਰਹੇਗੀ। ਵਿਧਾਨ ਸਭਾ ਹਲਕਾ ਧੂਰੀ ਤੋਂ ਚੋਣ ਜਿੱਤੇ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਭਗਵੰਤ ਮਾਨ ਨੇ ਜਿਥੇ ਬਤੌਰ ਮੁੱਖ ਮੰਤਰੀ, ਸੂਬੇ ਦੀ ਸੱਤਾ ਦੀ ਕਮਾਨ ਸੰਭਾਲੀ ਹੈ ਉੱਥੇ ਅੱਜ ਨਵੀਂ ਬਣੀ ਪੰਜਾਬ ਕੈਬਨਿਟ ਵਿੱਚ ਰਿਜ਼ਰਵ ਹਲਕਾ ਦਿੜ੍ਹਬਾ ਨੂੰ ਵੀ ਨੁਮਾਇੰਦਗੀ ਮਿਲੀ ਹੈ ਜਿਥੋਂ ‘ਆਪ’ ਦੇ ਸੀਨੀਅਰ ਆਗੂ ਤੇ ਪੰਜਾਬ ਵਿਧਾਨ ਸਭਾ ’ਚ ਵਿਰੋਧੀ ਧਿਰ ਦੇ ਆਗੂ ਰਹਿ ਚੁੱਕੇ ਐਡਵੋਕੇਟ ਹਰਪਾਲ ਸਿੰਘ ਚੀਮਾਂ ਕੈਬਨਿਟ ਮੰਤਰੀ ਬਣੇ ਹਨ। ਜ਼ਿਲ੍ਹਾ ਸੰਗਰੂਰ ਦੇ ਪੰਜ ਵਿਧਾਨ ਸਭਾ ਹਲਕਿਆਂ ਵਿੱਚੋਂ ਦੋ ਹਲਕਿਆਂ ਧੂਰੀ ਅਤੇ ਦਿੜ੍ਹਬਾ ਦਾ ਪੰਜਾਬ ਸਰਕਾਰ ’ਚ ਦਬਦਬਾ ਕਾਇਮ ਰਹੇਗਾ।
ਦੇਸ਼ ਦੀ ਸੰਸਦ ਵਿੱਚ ਪਿਛਲੇ ਕਰੀਬ ਸੱਤ ਸਾਲਾਂ ਤੋਂ ਸੰਗਰੂਰ ਲੋਕ ਸਭਾ ਹਲਕੇ ਦੀ ਆਵਾਜ਼ ਗੂੰਜਦੀ ਰਹੀ ਹੈ। ਹੁਣ ਜਦੋਂ ਪੰਜਾਬ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਵੱਡਾ ਫ਼ਤਵਾ ਦਿੱਤਾ ਹੈ ਅਤੇ ਪੰਜਾਬ ਦੀ ਸੱਤਾ ਦੀ ਵਾਗਡੋਰ ਭਗਵੰਤ ਮਾਨ ਦੇ ਹੱਥ ਵਿੱਚ ਸੌਂਪ ਦਿੱਤੀ ਹੈ।
ਲਗਾਤਾਰ ਦੋ ਵਾਰ ਸੰਗਰੂਰ ਸੰਸਦੀ ਹਲਕੇ ਤੋਂ ਚੋਣ ਜਿੱਤਣ ਵਾਲੇ ਭਗਵੰਤ ਮਾਨ ਐਤਕੀਂ ਧੂਰੀ ਹਲਕੇ ਤੋਂ ਵਿਧਾਨ ਸਭਾ ਚੋਣ ਜਿੱਤੇ ਹਨ ਜਿਨ੍ਹਾਂ ਤੋਂ ਜਿਥੇ ਧੂਰੀ ਹਲਕੇ ਦੇ ਲੋਕਾਂ ਨੂੰ ਵੱਡੀਆਂ ਉਮੀਦਾਂ ਹਨ ਉੱਥੇ ਪੰਜਾਬ ਦੇ ਲੋਕ ਵੀ ਨਵੇਂ ਬਣੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਪੰਜਾਬ ਦੀ ਤਰੱਕੀ ਤੇ ਖੁਸ਼ਹਾਲੀ ਦਾ ਰਾਹ ਤੱਕ ਰਹੇ ਹਨ।
ਐਡਵੋਕੇਟ ਹਰਪਾਲ ਸਿੰਘ ਚੀਮਾ ਰਿਜ਼ਰਵ ਵਿਧਾਨ ਸਭਾ ਹਲਕਾ ਦਿੜ੍ਹਬਾ ਤੋਂ ਲਗਾਤਾਰ ਦੂਜੀ ਵਾਰ ਚੋਣ ਜਿੱਤੇ ਹਨ। ਸ੍ਰੀ ਚੀਮਾ ਪਿਛਲੇ ਪੰਜ ਸਾਲ ਵਿਰੋਧੀ ਧਿਰ ’ਚ ਰਹੀ ਆਮ ਆਦਮੀ ਪਾਰਟੀ ਦੇ ਵਿਧਾਇਕ ਦਲ ਦੇ ਆਗੂ ਰਹੇ ਹਨ ਜਦੋਂ ਕਿ ਇਸ ਵਾਰ ਪੰਜਾਬ ਸਰਕਾਰ ’ਚ ਕੈਬਨਿਟ ਮੰਤਰੀ ਬਣੇ ਹਨ। ਬਰਨਾਲਾ ਹਲਕੇ ਤੋਂ ਗੁਰਮੀਤ ਸਿੰਘ ਮੀਤ ਹੇਅਰ ਵੀ ਕੈਬਨਿਟ ਮੰਤਰੀ ਬਣੇ ਹਨ।
ਭਾਵੇਂ ਬਰਨਾਲਾ ਵੱਖਰਾ ਜ਼ਿਲ੍ਹਾ ਹੈ ਪਰ ਪਹਿਲਾਂ ਸੰਗਰੂਰ ਜ਼ਿਲ੍ਹੇ ਦੀ ਹੀ ਤਹਿਸੀਲ ਸੀ।
ਭਾਵੇਂ ਸੁਨਾਮ ਵਿਧਾਨ ਸਭਾ ਹਲਕੇ ਤੋਂ ਲਗਾਤਾਰ ਦੂਜੀ ਵਾਰ ਅਤੇ ਪੰਜਾਬ ’ਚ ਸਭ ਤੋਂ ਵੱਧ ਵੋਟਾਂ ਦੇ ਫ਼ਰਕ ਨਾਲ ਚੋਣ ਜਿੱਤੇ ਅਮਨ ਅਰੋੜਾ ਦੇ ਵੀ ਕੈਬਨਿਟ ਮੰਤਰੀ ਬਣਨ ਦੀ ਸੋਸ਼ਲ ਮੀਡੀਆ ’ਤੇ ਖੂਬ ਚਰਚਾ ਚੱਲ ਰਹੀ ਸੀ ਪਰ ਅਮਨ ਅਰੋੜਾ ਦਾ ਨਾਂ ਕੈਬਨਿਟ ਵਿੱਚ ਨਹੀਂ ਆਇਆ ਜਿਸ ਤੋਂ ਅਰੋੜਾ ਦੇ ਸਮਰਥਕ ਅਤੇ ਲੋਕ ਹੈਰਾਨ ਹਨ।
ਸੁਨਾਮ ਹਲਕੇ ਤੋਂ ਹੀ ਅਰੋੜਾ ਦੇ ਸਿਆਸੀ ਵਿਰੋਧੀ ਰਾਜਿੰਦਰ ਸਿੰਘ ਰਾਜਾ ਬੀਰ ਕਲਾਂ ਨੇ ਵੀ ਸੋਸ਼ਲ ਮੀਡੀਆ ’ਤੇ ਅਰੋੜਾ ਨੂੰ ਮੰਤਰੀ ਬਣਾਉਣ ਦੀ ਮੰਗ ਕੀਤੀ ਹੈ ਅਤੇ ਅਰੋੜਾ ਦੇ ਸਮਰਥਕ ਤੇ ਹਲਕੇ ਦੇ ਲੋਕ ਵੀ ਮੰਗ ਕਰ ਰਹੇ ਹਨ। ਜੇਕਰ ਬਾਕੀ ਬਣਨ ਵਾਲੇ ਮੰਤਰੀਆਂ ’ਚ ਅਮਨ ਅਰੋੜਾ ਦਾ ਨਾਂ ਸ਼ਾਮਲ ਹੋਇਆ ਤਾਂ ਜ਼ਿਲ੍ਹਾ ਸੰਗਰੂਰ ਦੇ ਤੀਜੇ ਹਲਕੇ ਨੂੰ ਵੀ ਕੈਬਨਿਟ ’ਚ ਨੁਮਾਇੰਦਗੀ ਮਿਲ ਸਕਦੀ ਹੈ।