ਮੁਕੰਦ ਸਿੰਘ ਚੀਮਾ
ਸੰਦੌੜ, 11 ਜੂਨ
ਨੇੜਲੇ ਪਿੰਡ ਦਸੌਂਧਾ ਸਿੰਘ ਵਾਲਾ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਂ ’ਤੇ ਚਾਰ ਦਹਾਕੇ ਪਹਿਲਾਂ ਦਿੱਤੀ ਗਈ ਜ਼ਮੀਨ ਵਿੱਚ ਦੋ ਧਿਰਾਂ ਦਰਮਿਆਨ ਵਿਵਾਦ ਖੜ੍ਹਾ ਹੋ ਗਿਆ ਹੈ। ਇਸ ਮਾਮਲੇ ਵਿੱਚ ਨਾਜ਼ੁਕ ਸਥਿਤੀ ਨੂੰ ਦੇਖਦੇ ਹੋਏ ਵੱਡੀ ਗਿਣਤੀ ਵਿੱਚ ਪੁਲੀਸ ਫੋਰਸ ਨੂੰ ਮੌਕੇ ’ਤੇ ਬੁਲਾਇਆ ਗਿਆ। ਮੌਕੇ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਦੇ ਹੀ ਇਕ ਵਾਸੀ ਰਘਵੀਰ ਸਿੰਘ ਨੇ ਪੁਲੀਸ ਪ੍ਰਸ਼ਾਸਨ ਨੂੰ ਲਿਖਤੀ ਦਰਖਾਸਤ ਦਿੱਤੀ ਸੀ ਕਿ ਪਿੰਡ ਦੇ ਮੌਜੂਦਾ ਸਰਪੰਚ ਬੀਬੀ ਸਮਰਜੀਤ ਕੌਰ, ਉਨ੍ਹਾਂ ਦੇ ਪਤੀ ਤਪਿੰਦਰ ਸਿੰਘ ਅਤੇ ਉਨ੍ਹਾਂ ਦੇ ਪਰਿਵਾਰ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਂ ਦੀ ਮਾਲਕੀ ਵਾਲੀ 5 ਏਕੜ ਜ਼ਮੀਨ ਉਪਰ ਕਥਿਤ ਤੌਰ ’ਤੇ ਕਬਜ਼ਾ ਕੀਤਾ ਹੋਇਆ ਹੈ ਤੇ ਇਸ ਜ਼ਮੀਨ ਉਪਰ ਬਣੇ ਗੁਰਦੁਆਰਾ ਸਾਹਿਬ ਦੀ ਇਮਾਰਤ ਨੂੰ ਢਾਹ ਦਿੱਤਾ ਗਿਆ ਸੀ। ਇਸ ਮਾਮਲੇ ਵਿੱਚ ਅੱਜ ਸਥਿਤੀ ਉਸ ਸਮੇਂ ਗੰਭੀਰ ਹੋ ਗਈ ਜਦੋਂ ਦਰਜਨ ਦੇ ਕਰੀਬ ਨਿਹੰਗਾਂ ਨੇ ਪਹੁੰਚ ਕੇ ਅਰਦਾਸ ਕਰਨ ਉਪਰੰਤ ਉਥੇ ਇਕ ਨਿਸ਼ਾਨ ਸਾਹਿਬ ਝੁਲਾ ਦਿੱਤਾ ਤੇ ਉਸ ਜਗ੍ਹਾ ’ਤੇ ਡੇਰੇ ਜਮਾ ਲਏ। ਜਿਸ ਦਾ ਪਤਾ ਲਗਦਿਆਂ ਹੀ ਥਾਣਾ ਸੰਦੌੜ ਦੇ ਪੁਲੀਸ ਮੁਖੀ ਇੰਸਪੈਕਟਰ ਕੁਲਵੰਤ ਸਿੰਘ ਦੀ ਅਗਵਾਈ ਹੇਠ ਪੁਲੀਸ ਮੌਕੇ ’ਤੇ ਪਹੁੰਚ ਗਈ। ਬਾਅਦ ’ਚ ਡੀਐੱਸਪੀ ਮਾਲੇਰਕੋਟਲਾ ਸੁਮਿਤ ਸੂਦ ਵੀ ਇਸ ਥਾਂ ’ਤੇ ਪੁੱਜੇ ਪਰ ਦੂਜੇ ਪਾਸੇ ਸਰਪੰਚ ਬੀਬੀ ਸਮਰਦੀਪ ਕੌਰ ਦੇ ਪਤੀ ਤਪਿੰਦਰ ਸਿੰਘ ਨੇ ਉਨ੍ਹਾਂ ’ਤੇ ਲਗਾਏ ਜਾ ਰਹੇ ਦੋਸ਼ਾਂ ਨੂੰ ਬੇਬੁਨਿਆਦ ਦੱਸਿਆ। ਤਪਿੰਦਰ ਸਿੰਘ ਨੇ ਕਿਹਾ ਕਿ ਚਾਰ ਦਹਾਕੇ ਪਹਿਲਾਂ ਉਨ੍ਹਾਂ ਦੇ ਖਾਨਦਾਨ ’ਚੋਂ ਮਾਤਾ ਗੁਰਦੇਵ ਕੌਰ ਨੇ 5 ਏਕੜ ਜ਼ਮੀਨ ਦਾਨ ਕਰ ਦਿੱਤੀ ਸੀ ਤੇ ਮਾਤਾ ਦੇ ਭਤੀਜੇ ਬੁੱਧ ਸਿੰਘ ਵੱਲੋਂ ਲੰਮਾ ਸਮਾਂ ਇਸ ਜ਼ਮੀਨ ਦੀ ਦੇਖ-ਰੇਖ ਕੀਤੀ ਜਾਂਦੀ ਰਹੀ ਪਰ 20 ਸਾਲ ਪਹਿਲਾਂ ਪਿੰਡ ਦੇ ਇਕ ਸਾਬਕਾ ਸਰਪੰਚ ਵੱਲੋਂ ਇਸ ਜ਼ਮੀਨ ਦੀ ਨਿਗਰਾਨੀ ਕਰਕੇ ਇਸ ਜ਼ਮੀਨ ਦੀ ਆਮਦਨ ਨੂੰ ਸਮਾਜਿਕ ਕੰਮਾਂ ਲਈ ਖਰਚ ਕੀਤਾ ਜਾਂਦਾ ਰਿਹਾ। ਸਾਬਕਾ ਸਰਪੰਚ ਦੀ ਮੌਤ ਤੋਂ ਬਾਅਦ ਉਨ੍ਹਾਂ (ਤਪਿੰਦਰ ਸਿੰਘ) ਦੀ ਪਤਨੀ ਦੇ ਸਰਪੰਚ ਬਣਨ ਪਿੱਛੋਂ ਇਸ ਜ਼ਮੀਨ ਦੀ ਆਮਦਨ ਨੂੰ ਪਿੰਡ ਵਿਚ ਹੀ ਲੋਕ ਭਲਾਈ ਦੇ ਕੰਮਾਂ ’ਤੇ ਖਰਚਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜ਼ਮੀਨ ਦੀ ਆਮਦਨ ’ਚੋਂ ਪਿੰਡ ਲਈ ਇਕ ਐਂਬੂਲੈਂਸ, ਅੱਖਾਂ ਦੇ ਜਾਂਚ ਕੈਂਪ, ਸਕੂਲ ਲਈ ਆਰਥਿਕ ਮਦਦ ਦੇ ਨਾਲ ਨਾਲ ਲੋੜਵੰਦ ਮਰੀਜ਼ਾਂ ’ਤੇ ਖਰਚ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਦੂਜੀ ਧਿਰ ਵੱਲੋਂ ਇਸ ਜ਼ਮੀਨ ’ਤੇ ਗੁਰਦੁਆਰੇ ਦੀ ਇਮਾਰਤ ਹੋਣ ਦੇ ਲਾਏ ਜਾ ਰਹੇ ਦੋਸ਼ ਝੂਠੇ ਹਨ ਕਿਉਂਕਿ ਇਸ ਜ਼ਮੀਨ ਉਪਰ ਕਦੇ ਵੀ ਕੋਈ ਗੁਰਦੁਆਰਾ ਨਹੀਂ ਬਣਿਆ। ਖਬਰ ਲਿਖੇ ਜਾਣ ਤੱਕ ਪੁਲੀਸ ਵੱਲੋਂ ਨਿਹੰਗਾਂ ਨਾਲ ਗੱਲਬਾਤ ਜਾਰੀ ਸੀ।
4500 ਨਸ਼ੀਲੀਆਂ ਗੋਲੀਆਂ ਸਣੇ ਦੋ ਵਿਅਕਤੀ ਗ੍ਰਿਫ਼ਤਾਰ
ਪਾਤੜਾਂ (ਪੱਤਰ ਪ੍ਰੇਰਕ) ਸ਼ਹਿਰੀ ਪੁਲੀਸ ਨੇ ਬਾਈਪਾਸ ਰੋਡ ਨਿਆਲ ਨੇੜੇ ਨਾਕਾ ਲਾਇਆ ਸੀ। ਇਸੇ ਦੌਰਾਨ ਇੱਕ ਸਕੋਡਾ ਕਾਰ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਡਰਾਈਵਰ ਕਾਰ ਭਜਾ ਕੇ ਨਿਕਲਣ ਲੱਗਿਆ ਸੀ। ਪੁਲੀਸ ਪਾਰਟੀ ਨੇ ਕਾਰ ਨੂੰ ਘੇਰ ਲਿਆ। ਕਾਰ ਦੀ ਤਲਾਸ਼ੀ ਲੈਣ ’ਤੇ 4500 ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ। ਸ਼ਹਿਰੀ ਪੁਲੀਸ ਚੌਕੀ ਪਾਤੜਾਂ ਦੇ ਇੰਚਾਰਜ ਹਰਸ਼ਵੀਰ ਸਿੰਘ ਸੰਧੂ ਨੇ ਦੱਸਿਆ ਕਿ ਥਾਣਾ ਪਾਤੜਾਂ ਦੇ ਮੁਖੀ ਗੁਰਦੇਵ ਸਿੰਘ ਦੀ ਅਗਵਾਈ ਵਿੱਚ ਬਾਈਪਾਸ ਨਿਆਲ ਦੇ ਨੇੜੇ ਕਾਰ ਨੂੰ ਰੋਕਣ ਦੀ ਕੋਸ਼ਿਸ਼ ਕਰਨ ’ਤੇ ਜਦੋਂ ਉਨ੍ਹਾਂ ਪੁਲੀਸ ਨੂੰ ਦੇਖ ਕੇ ਭੱਜਣ ਦੀ ਕੋਸਿਸ਼ ਕੀਤੀ ਤਾਂ ਪੁਲੀਸ ਨੇ ਉਨ੍ਹਾਂ ਨੂੰ ਕਾਬੂ ਕਰਕੇ ਕਾਰ ਦੀ ਤਲਾਸ਼ੀ ਲਈ ਤਾਂ ਉਸ ਵਿੱਚੋਂ 4500 ਨਸ਼ੀਲੀਆ ਗੋਲੀਆਂ ਬਰਾਮਦ ਹੋਈਆਂ। ਮੁੱਢਲੀ ਪੁੱਛਗਿੱਛ ’ਚ ਉਨ੍ਹਾਂ ਮੰਨਿਆ ਕਿ ਉਹ ਗੋਲੀਆਂ ਹਰਿਆਣਾ ਤੋਂ ਲਿਆਏ ਹਨ। ਮੁਲਜ਼ਮਾਂ ਦੀ ਪਛਾਣ ਮਨਿੰਦਰ ਸਿੰਘ ਵਾਸੀ ਦਾਤਾਸਿੰਘ ਵਾਲਾ ਹਰਿਆਣਾ, ਜਗਦੀਸ਼ ਸਿੰਘ ਵਾਸੀ ਪਾਤੜਾਂ ਦੇ ਤੌਰ ’ਤੇ ਹੋਈ।