ਪੱਤਰ ਪ੍ਰੇਰਕ
ਲਹਿਰਾਗਾਗਾ, 11 ਜਨਵਰੀ
ਅੱਜ ਸਵੇਰੇ ਇਲਾਕੇ ਵਿੱਚ ਪਈ ਸੰਘਣੀ ਧੁੰਦ ਨਾਲ ਜਨਜੀਵਨ ਅਸਥਵਿਅਸਥ ਹੋ ਗਿਆ ਅਤੇ ਲੋਕ 10 ਵਜੇ ਤੱਕ ਘਰਾਂ ਵਿੱਚ ਹੀ ਦਰੜੇ ਰਹਿਣ ਲਈ ਮਜਬੂਰ ਹੋਏ। ਪੂਰਾ ਦਿਨ ਬੱਦਲਵਾਈ ਕਰਕੇ ਮੌਸਮ ’ਚ ਠੰਢ ਵਧਣ ਕਰਕੇ ਪੂਰਾ ਦਿਨ ਲੋਕ ਅੱਗ ਸੇਕਦੇ ਦੇਖੇ ਗਏ। ਧੁੰਦ ਤੇ ਠੰਢ ਕਰਕੇ ਦਿਹਾੜੀਦਾਰ ਮਜ਼ਦੂਰਾਂ, ਰੇਹੜੀ ਚਾਲਕਾਂ, ਦੁਕਾਨਦਾਰਾਂ, ਗਰਮ ਕੱਪੜੇ ਵੇਚਣ ਵਾਲੇ ਵੀ ਵਿਹਲੇ ਬੈਠੇ ਦੇਖੇ ਗਏ ਜਦੋਂਕਿ ਕੱਪੜਿਆਂ ਵਾਲਿਆਂ ਨੂੰ ਸਰਦੀ ਦਾ ਚੰਗਾ ਸੀਜ਼ਨ ਲੱਗਣ ਦੀ ਆਸ ਸੀ। ਜ਼ਿਕਰਯੋਗ ਹੈ ਕਿ ਪਿਛਲਾ ਹਫਤਾ ਲਗਾਤਾਰ ਬਾਰਸ਼ ਪੈਣ ਕਰਕੇ ਅੱਜ ਵੀ ਜ਼ਮੀਨਦੋਜ਼ ਪੁਲ ਹੇਠ ਪਾਣੀ ਖੜ੍ਹਾ ਹੋਣ ਕਰਕੇ ਲੰਘਣ ’ਚ ਔਖ ਆ ਰਹੀ ਹੈ। ਉਧਰ, ਗਊਸ਼ਾਲਾ-ਪੁਲੀਸ ਸਟੇਸ਼ਨ ਸੜਕ ਅੱਜ ਮੁਰੰਮਤ ਲਈ ਆਵਾਜਾਈ ਬੰਦ ਕਰਨ ਕਰਕੇ ਹੋਰ ਵੀ ਮੁਸ਼ਕਲ ਆਈ ਕਿਉਂਕਿ ਸ਼ਹਿਰੀਆਂ ਨੂੰ ਵਿੱਚਕਾਰੋਂ ਰੇਲਵੇ ਲਾਈਨ ਲੰਘਣ ਕਰਕੇ ਦੋ ਹੀ ਰਸਤੇ ਹਨ। ਮਾਹਰਾਂ ਅਨੁਸਾਰ ਰਾਤ ਸਮੇਂ ਤਾਪਮਾਨ 6 ਡਿਗਰੀ ਅਤੇ 12 ਵਜੇ 7 ਤੱਕ ਪਹੁੰਚਣ ਕਰਕੇ ਸ਼ਹਿਰ ’ਚ ਥਾਂ ਥਾਂ ਲੋਕ ਅੱਗ ਲਾ ਕੇ ਸੇਕਦੇ ਰਹੇ। ਧੁੰਦ ਕਰਕੇ ਰੇਲਵੇ ਸਟੇਸ਼ਨ ਪਲੇਟਫਾਰਮ ’ਤੇ ਮਹਿਜ 10 ਫੁੱਟ ਤੋਂ ਵੀ ਮੇਲ ਗੱਡੀ ਵੀ ਨਜ਼ਰ ਆ ਰਹੀ ਸੀ। ਜ਼ਿਕਰਯੋਗ ਹੈ ਕਿ ਲਹਿਰਾਗਾਗਾ ਦੇ ਸ਼ਹਿਰ ਵਾਲੀ ਸਾਈਡ 7 ਅਤੇ ਪਿੰਡ ਵਾਲੀ ਸਾਈਡ 8 ਵਾਰਡ ਹੋਣ ਕਰਕੇ ਰੇਲ ਲਾਈਨਾਂ ’ਤੋਂ ਪੈਦਲ ਲੰਘਣ ਲਈ ਬਣਿਆਂ ਪੁਲ ਵੀ ਨਜ਼ਰ ਨਹੀਂ ਆ ਰਿਹਾ ਸੀ। ਸੰਘਣੀ ਧੁੰਦ ਕਰਕੇ ਦਿਨ ’ਚ ਵੀ ਵਾਹਨ ਚਾਲਕਾਂ ਨੂੰ ਗੱਡੀਆਂ ਦੀਆਂ ਲਾਈਟਾਂ ਚਲਾ ਕੇ ਰੱਖਣ ਲਈ ਮਜ਼ਬੂਰ ਹੋਣਾ ਪਿਆ। ਮਾਹਰਾਂ ਅਨਸੁਾਰ ਪੂਰਾ ਹਫਤਾ ਬਾਰਸ਼ ਪੈਣ ਕਾਰਨ ਫਸਲਾਂ ’ਚ ਪਾਣੀ ਖੜ੍ਹਨ ਕਰਕੇ ਹੁਣ ਵੱਧ ਤਾਪਮਾਨ ਦੀ ਲੋੜ ਹੈ।