ਨਿਜੀ ਪੱਤਰ ਪ੍ਰੇਰਕ
ਸੰਗਰੂਰ, 20 ਸਤੰਬਰ
ਪਿਛਲੇ ਕਰੀਬ ਅੱਠ ਮਹੀਨਿਆਂ ਦੀ ਤਨਖਾਹ ਤੋਂ ਵਾਂਝੇ ਪੇਂਡੂ ਚੌਕੀਦਾਰਾਂ ਵਲੋਂ ਆਜ਼ਾਦ ਪੇਂਡੂ ਚੌਕੀਦਾਰ ਵੈਲਫ਼ੇਅਰ ਐਸੋਸੀਏਸ਼ਨ ਦੀ ਅਗਵਾਈ ਹੇਠ ਇਥੇ ਡੀਸੀ ਕੰਪਲੈਕਸ ਅੱਗੇ ਰੋਸ ਮੁਜ਼ਾਹਰਾ ਕੀਤਾ ਗਿਆ। ਉਹ ਰੁਕੀ ਹੋਈ ਤਨਖਾਹ ਤੁਰੰਤ ਜਾਰੀ ਕਰਨ ਦੀ ਮੰਗ ਕਰ ਰਹੇ ਹਨ।
ਉਨ੍ਹਾਂ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਜਲਦੀ ਤਨਖਾਹ ਜਾਰੀ ਨਾ ਕੀਤੀ ਗਈ ਤਾਂ ਅਗਲੇ ਹਫ਼ਤੇ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ। ਪੇਂਡੂ ਚੌਕੀਦਾਰ ਸਥਾਨਕ ਡੀਸੀ ਕੰਪਲੈਕਸ ਅੱਗੇ ਇਕੱਠੇ ਹੋਏ ਅਤੇ ਤਨਖਾਹ ਨਾ ਮਿਲਣ ’ਤੇ ਰੋਸ ਜ਼ਾਹਰ ਕਰਦਿਆਂ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਮੌਕੇ ਐਸੋਸੀਏਸ਼ਨ ਦੇ ਸੂਬਾ ਆਗੂ ਸਤਿਗੁਰ ਸਿੰਘ ਮਾਝੀ ਨੇ ਕਿਹਾ ਕਿ ਪਿਛਲੇ ਕਰੀਬ ਅੱਠ ਮਹੀਨਿਆਂ ਤੋਂ ਪੇਂਡੂ ਚੌਕੀਦਾਰਾਂ ਨੂੰ ਤਨਖਾਹ ਨਸੀਬ ਨਹੀਂ ਹੋਈ ਹੈ ਜਿਸ ਕਾਰਨ ਚੌਕੀਦਾਰਾਂ ਨੂੰ ਭਾਰੀ ਆਰਥਿਕ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮਹਿੰਗਾਈ ਦੇ ਸਮੇਂ ਵਿਚ ਗੁਜ਼ਾਰਾ ਹੋਣਾ ਮੁਸ਼ਕਲ ਹੋ ਗਿਆ ਹੈ। ਉਨ੍ਹਾਂ ਦੱਸਿਆ ਕਿ ਐਸੋਸੀਏਸ਼ਨ ਦਾ ਵਫ਼ਦ ਜ਼ਿਲ੍ਹਾ ਮਾਲ ਅਫ਼ਸਰ ਨੂੰ ਜੁਲਾਈ ਵਿਚ ਮਿਲਿਆ ਸੀ ਜਿਨ੍ਹਾਂ ਦੱਸਿਆ ਸੀ ਕਿ ਚੌਕੀਦਾਰਾਂ ਦੀ ਤਨਖਾਹ ਖਾਤੇ ਵਿਚ ਕਿਸੇ ਤਕਨੀਕੀ ਨੁਕਸ ਕਾਰਨ ਨਹੀਂ ਪੈ ਸਕੀ ਹੈ। ਪਰ ਅਜੇ ਤੱਕ ਚੌਕੀਦਾਰਾਂ ਨੂੰ ਤਨਖਾਹ ਨਹੀਂ ਮਿਲੀ ਹੈ ਜਿਸ ਕਾਰਨ ਉਨ੍ਹਾਂ ਵਿਚ ਭਾਰੀ ਰੋਸ ਹੈ। ਵਿਭਾਗ ਦੇ ਅਧਿਕਾਰੀਆਂ ਦੇ ਧਿਆਨ ਵਿਚ ਲਿਆਉਣ ਦੇ ਬਾਵਜੂਦ ਅਜੇ ਤੱਕ ਕੋਈ ਹੱਲ ਨਹੀਂ ਹੋ ਸਕਿਆ ਹੈ। ਉਨ੍ਹਾਂ ਮੰਗ ਕੀਤੀ ਕਿ ਪੇਂਡੂ ਚੌਕੀਦਾਰਾਂ ਦੀ ਅੱਠ ਮਹੀਨਿਆਂ ਤੋਂ ਰੁਕੀ ਤਨਖਾਹ ਤੁਰੰਤ ਜਾਰੀ ਕੀਤੀ ਜਾਵੇ, ਨਹੀਂ ਤਾਂ ਅਗਲੇ ਹਫ਼ਤੇ ਤੋਂ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ।
ਇਸ ਮੌਕੇ ਐਸੋਸੀਏਸ਼ਨ ਦੇ ਸੂਬਾ ਖਜ਼ਾਨਚੀ ਚਰਨ ਸਿੰਘ ਬੱਲਰਾ, ਸੂਬਾ ਆਗੂ ਬਲਜੀਤ ਸਿੰਘ, ਨਛੱਤਰ ਸਿੰਘ ਬਾਲੀਆਂ, ਸੁਖਪ੍ਰੀਤ ਸਿੰਘ ਮਾਝਾ, ਦਰਸ਼ਨ ਸਿੰਘ ਭੁੱਲਰਹੇੜੀ, ਜੋਧਾ ਸਿੰਘ ਬੱਲਰਾ, ਈਸ਼ਵਰ ਸਿੰਘ ਭੂਲਣ, ਸ਼ਮਸ਼ੇਰ ਸਿੰਘ ਖੇੜੀ, ਜੀਤ ਸਿੰਘ ਪਲਾਸੌਰ, ਭੋਲਾ ਸਿੰਘ ਭਲਵਾਨ, ਗੁਰਪ੍ਰੀਤ ਸਿਘ ਜਖੇਪਲ, ਕੁਲਦੀਪ ਸਿੰਘ ਕੁਲਾਰ ਖੁਰਦ, ਅਜੈਬ ਸਿੰਘ ਧਰਮਗੜ੍ਹ ਆਦਿ ਹਾਜ਼ਰ ਸਨ।