ਨਿੱਜੀ ਪੱਤਰ ਪ੍ਰੇਰਕ
ਮਾਲੇਰਕੋਟਲਾ, 15 ਸਤੰਬਰ
ਪੰਜਾਬ ਸਟੂਡੈਂਟਸ ਯੂਨੀਅਨ ਦੇ ਆਗੂ ਸੁਖਦੀਪ ਸਿੰਘ ਹਥਨ ਦੀ ਦੇਖਰੇਖ ਹੇਠ ਸਥਾਨਕ ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾ ਵਿੱਚ ਪੰਜਾਬ ਸਟੂਡੈਂਟਸ ਯੂਨੀਅਨ ਦੀ ਐਡਹਾਕ ਇਕਾਈ ਦਾ ਗਠਨ ਕਰਨ ਉਪਰੰਤ ਸੰਸਥਾ ਦੇ ਸਿਖਿਆਰਥੀਆਂ ਦੀਆਂ ਮੰਗਾਂ ਸਬੰਧੀ ਸੰਸਥਾ ਦੇ ਪ੍ਰਿੰਸੀਪਲ ਨੂੰ ਮੰਗ ਪੱਤਰ ਸੌਂਪਿਆ ਗਿਆ।
ਸੰਸਥਾ ਵਿੱਚ ਪੀਐਸਯੂ ਦੀ ਗਠਿਤ ਕੀਤੀ ਐਡਹਾਕ ਕਮੇਟੀ ਦਾ ਨਵਜੋਤ ਸਿੰਘ ਨੂੰ ਕਨਵੀਨਰ, ਫਿਰੋਜ਼ ਨੂੰ ਕੋ-ਕਨਵੀਨਰ, ਨਵਜੋਤ ਕੁਮਾਰ, ਰਮਨਪ੍ਰੀਤ, ਰਾਹੁਲਦੀਪ ਸਿੰਘ, ਸੁਖਜੀਵਨ, ਅਜੀਤ ਸਿੰਘ, ਪੁਸ਼ਪਿੰਦਰ ਸਿੰਘ ਚੁਪਕਾ, ਦਵਿੰਦਰ ਸਿੰਘ ਕਕਰਾਲਾ, ਜਸਕਰਨ ਸਿੰਘ ਲਸੋਈ, ਗੁਰਪ੍ਰੀਤ ਨੂੰ ਕਮੇਟੀ ਮੈਂਬਰ ਚੁਣਿਆ ਗਿਆ। ਵਿਦਿਆਰਥੀਆਂ ਨੇ ਮੰਗ ਕੀਤੀ ਕਿ ਸਥਾਨਕ ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾ ਅੱਗੇ ਪੱਕੇ ਤੌਰ ’ਤੇ ਬੱਸ ਸਟਾਪ ਬਣਾਉਣ, ਸੰਸਥਾ ‘ਚ ਸਫ਼ਾਈ, ਕੰਟੀਨ ਤੇ ਲਾਇਬ੍ਰੇਰੀ ਦੀ ਜ਼ਰੂਰਤ ਹੈ। ਇਸ ਤੋਂ ਇਲਾਵਾ ਸਿਖਿਆਰਥੀਆਂ ਦੇ ਪਾਠਕ੍ਰਮ ਦੀਆਂ ਕਿਤਾਬਾਂ ਤੇ ਪ੍ਰਤੀ ਸਿਖਿਆਰਥੀ ਟੂਲ ਕਿੱਟ ਮੁਹੱਈਆ ਕਰਵਾਈ ਜਾਵੇ। ਇਸੇ ਦੌਰਾਨ ਜ਼ਿਲ੍ਹਾ ਮਾਲੇਰਕੋਟਲਾ ਕੈਮਿਸਟ ਐਸੋਸੀਏਸ਼ਨ ਦੇ ਵਫ਼ਦ ਵੱਲੋਂ ਹਲਕਾ ਵਿਧਾਇਕ ਡਾ. ਜਮੀਲ ਉਰ ਰਹਿਮਾਨ ਨੂੰ ਇੱਕ ਮੰਗ ਪੱਤਰ ਕੇ ਪੰਜਾਬ ਸਰਕਾਰ ਦੇ ਕੁਝ ਵੱਡੇ ਉਦਯੋਗਿਕ ਘਰਾਣਿਆਂ ਨੂੰ ਡਰੱਗ ਲਾਇਸੈਂਸ ਦੇਣ ਦੇ ਫ਼ੈਸਲੇ ਨੂੰ ਮੁੜ ਵਿਚਾਰਨ ਦੀ ਮੰਗ ਕੀਤੀ।