ਮੇਜਰ ਸਿੰਘ ਮੱਟਰਾਂ
ਭਵਾਨੀਗੜ, 25 ਅਗਸਤ
ਭਾਰਤੀ ਰੈਵੋਲਿਊਸ਼ਨਰੀ ਮਾਰਕਸਵਾਦੀ ਪਾਰਟੀ ਜ਼ਿਲ੍ਹਾ ਸੰਗਰੂਰ ਦਾ ਡੈਲੀਗੇਟ ਇਜਲਾਸ ਲਾਭ ਸਿੰਘ ਨਮੋਲ, ਹਰਦੇਵ ਸਿੰਘ ਘਨੌਰੀ ਅਤੇ ਦੇਵ ਰਾਜ ਵਰਮਾ ਦੀ ਪ੍ਰਧਾਨਗੀ ਹੇਠ ਨੇੜਲੇ ਪਿੰਡ ਸੰਤੋਖਪੁਰਾ ਵਿੱਚ ਹੋਇਆ।
ਇਸ ਮੌਕੇ ਡੈਲੀਗੇਟਾਂ ਵੱਲੋਂ ਕਿਸਾਨੀ ਘੋਲ ਵਿੱਚ ਸ਼ਹੀਦ ਹੋਏ ਸਾਥੀਆਂ ਅਤੇ ਪਾਰਟੀ ਦੇ ਆਗੂ ਕਾਮਰੇਡ ਕੇਵਲ ਕ੍ਰਿਸ਼ਨ ਮੀਮਸਾ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਉਦਘਾਟਨੀ ਭਾਸ਼ਣ ਵਿੱਚ ਪਾਰਟੀ ਦੇ ਕੌਮੀ ਜਨਰਲ ਸਕੱਤਰ ਮੰਗਤ ਰਾਮ ਪਾਸਲਾ ਨੇ ਕਿਹਾ ਕਿ ਕੇਂਦਰ ਦੀ ਭਾਜਪਾ ਮੋਦੀ ਸਰਕਾਰ ਆਰਐੱਸਐੱਸ ਦੇ ਏਜੰਡੇ ’ਤੇ ਕੰਮ ਕਰ ਰਹੀ ਹੈ, ਜੋ ਕਿ ਕਿਸਾਨਾਂ, ਮਜ਼ਦੂਰਾਂ ਸਮੇਤ ਸਮੂਹ ਮਿਹਨਤੀ ਵਰਗ ਲਈ ਬਹੁਤ ਖਤਰਨਾਕ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਲੋਕ ਵਿਰੋਧੀ ਨੀਤੀਆਂ ਦਾ ਡੱਟ ਕੇ ਵਿਰੋਧ ਕੀਤਾ ਜਾਵੇਗਾ। ਜ਼ਿਲ੍ਹਾ ਸਕੱਤਰ ਕਾਮਰੇਡ ਊਧਮ ਸਿੰਘ ਸੰਤੋਖਪੁਰਾ ਵੱਲੋਂ ਜ਼ਿਲ੍ਹੇ ਦੀਆਂ ਸ਼ਰਗਰਮੀਆਂ ਸਬੰਧੀ ਰਿਪੋਰਟ ਪੇਸ਼ ਕੀਤੀ ਗਈ। ਬਹਿਸ ਤੋਂ ਬਾਅਦ ਸਰਬਸੰਤੀ ਨਾਲ ਰਿਪੋਰਟ ਪਾਸ ਕੀਤੀ ਗਈ। ਇਸ ਮੌਕੇ ਕੌਮੀ ਜਨਰਲ ਸਕੱਤਰ ਮੰਗਤ ਰਾਮ ਪਾਸਲਾ ਨੇ 19 ਮੈਂਬਰੀ ਪੈਨਲ ਪੇਸ਼ ਕੀਤਾ। ਇਸ ਪੈਨਲ ਵਿੱਚੋਂ ਜ਼ਿਲ੍ਹਾ ਪ੍ਰਧਾਨ ਭੀਮ ਸਿੰਘ ਆਲਮਪੁਰ, ਜਨਰਲ ਸਕੱਤਰ ਊਧਮ ਸਿੰਘ ਸੰਤੋਖਪੁਰਾ, ਖਜ਼ਾਨਚੀ ਸਰਬਜੀਤ ਸਿੰਘ ਤੋਂ ਇਲਾਵਾ ਦੇਵ ਰਾਜ ਵਰਮਾ, ਮੱਖਣ ਸਿੰਘ ਜਖੇਪਲ, ਲਾਭ ਸਿੰਘ ਨਮੋਲ, ਦਰਸ਼ਨ ਸਿੰਘ ਸਫ਼ੀਪੁਰ, ਭੂਰਾ ਸਿੰਘ ਦੁੱਗਾਂ, ਨਿਰਮਲ ਸਿੰਘ ਘਰਾਚੋਂ, ਮਿੱਤ ਸਿੰਘ ਰਾਮਗੜ੍ਹ, ਬੀਰਬਲ ਸਿੰਘ ਲੇਹਲਕਲਾਂ, ਜੰਗ ਸਿੰਘ ਚਾਂਗਲੀ, ਮੁਕੰਦ ਸਿੰਘ ਮੀਮਸਾ, ਰਘਬੀਰ ਸਿੰਘ ਮਾਲੇਰਕੋਟਲਾ, ਦਰਸ਼ਨ ਸਿੰਘ, ਬਲਦੇਵ ਸਿੰਘ ਬਾਜ਼ ਦੌਲੋਵਾਲ, ਜਸਮੇਲ ਕੌਰ, ਨਿਰਮਲ ਕੌਰ ਅਤੇ ਨਾਥ ਸਿੰਘ ਬੇਨੜਾ ਜ਼ਿਲ੍ਹਾ ਕਮੇਟੀ ਮੈਬਰ ਚੁਣੇ ਗਏ। ਇਸ ਮੌਕੇ ਪੇਸ਼ ਕੀਤੇ ਮਤਿਆਂ ਵਿੱਚ ਵਿਸ਼ੇਸ਼ ਤੌਰ ’ਤੇ ਜੰਮੂ-ਕੱਟੜਾ ਰੋਡ ਲਈ ਪਿੰਡ ਸੰਤੋਖਪੁਰਾ ਦੀ ਕਿਸਾਨਾਂ ਦੀ ਨਿਗੂਣੇ ਭਾਅ ’ਤੇ ਗ੍ਰਹਿਣ ਕੀਤੀ ਗਈ ਜ਼ਮੀਨ ਦੀ ਨਿਖੇਧੀ ਕਰਦਿਆਂ ਚਿਤਾਵਨੀ ਦਿੱਤੀ ਗਈ ਕਿ ਜੇਕਰ ਕਿਸਾਨਾਂ ਨੂੰ ਯੋਗ ਮੁਆਵਜ਼ਾ ਨਾ ਦਿੱਤਾ ਗਿਆ ਤਾਂ ਪਾਰਟੀ ਵੱਲੋਂ ਤਿੱਖਾ ਸੰਘਰਸ਼ ਵਿੱਢਿਆ ਜਾਵੇਗਾ।