ਰਮੇਸ਼ ਭਾਰਦਵਾਜ
ਲਹਿਰਾਗਾਗਾ, 24 ਅਕਤੂਬਰ
ਇਥੋਂ ਨੇੜਲੇ ਪਿੰਡ ਸੰਗਤਪੁਰਾ ਵਿੱਚ ਇੱਕ ਛੋਟੇ ਕਿਸਾਨ ਮਨਦੀਪ ਸਿੰਘ (30) ਨੇ ਕਰਜ਼ੇ ਦੀ ਵਧਦੀ ਪੰਡ ਅਤੇ ਝੋਨੇ ਦਾ ਝਾੜ ਘੱਟ ਨਿਕਲਣ ਤੋਂ ਦੁਖੀ ਹੋ ਕੇ ਕਥਿਤ ਜ਼ਹਿਰੀਲੀ ਚੀਜ਼ ਖਾ ਕੇ ਖ਼ੁਦਕੁਸ਼ੀ ਕਰ ਲਈ। ਜਾਣਕਾਰੀ ਅਨੁਸਾਰ ਮਨਦੀਪ ਸਿੰਘ ਦਾ ਪਿਤਾ ਨਾਜਰ ਸਿੰਘ ਕੈਂਸਰ ਦਾ ਮਰੀਜ਼ ਸੀ ਅਤੇ ਕਰਜ਼ਾ ਲੈ ਕੇ ਵੀ ਉਸ ਨੂੰ ਬਚਾਇਆ ਨਹੀਂ ਜਾ ਸਕਿਆ। ਮਨਦੀਪ ਦੀ ਪਤਨੀ ਮਨਜਿੰਦਰ ਕੌਰ ਅਨੁਸਾਰ ਕਰਜ਼ੇ ਅਤੇ ਝੋਨੇ ਦਾ ਝਾੜ ਘੱਟ ਨਿਕਲਣ ਕਰਕੇ ਉਸ ਦਾ ਪਤੀ ਪਿਛਲੇ ਕੁਝ ਦਿਨਾਂ ਤੋਂ ਮਾਨਸਿਕ ਪ੍ਰੇਸ਼ਾਨ ਸੀ। ਥਾਣਾ ਸਦਰ ਪੁਲੀਸ ਨੇ ਮ੍ਰਿਤਕ ਦੇਹ ਕਬਜ਼ੇ ਵਿੱਚ ਲੈ ਕੇ ਪੋਸਟ ਮਾਟਰਮ ਮਗਰੋਂ ਵਾਰਸਾਂ ਨੂੰ ਸੌਂਪ ਦਿੱਤੀ ਹੈ। ਮ੍ਰਿਤਕ ਦੇ ਪਰਿਵਾਰ ਵਿੱਚ ਪਤਨੀ ਅਤੇ ਇੱਕ ਲੜਕਾ ਹੈ। ਬੀਕੇਯੂ ਏਕਤਾ ਨੇ ਸਰਕਾਰ ਤੋਂ ਮੰਗ ਕੀਤੀ ਕਿ ਪੀੜਤ ਪਰਿਵਾਰ ਦਾ ਸਾਰਾ ਕਰਜ਼ਾ ਮੁਆਫ ਕਰਨ ਤੇ ਪਰਿਵਾਰ ਨੂੰ ਪਾਲਣ ਲਈ ਦਸ ਲੱਖ ਮੁਆਵਜ਼ਾ ਦਿੱਤਾ ਜਾਵੇ।