ਪੱਤਰ ਪ੍ਰੇਰਕ
ਚੀਮਾ ਮੰਡੀ, 18 ਜੁਲਾਈ
ਇਸ ਖੇਤਰ ਵਿੱਚ ਝੋਨਾ ਲੱਗਣ ਤੋਂ ਬਾਅਦ ਬਾਰਸ਼ ਨਾ ਪੈਣ ਕਾਰਨ ਝੋਨੇ ਦੀ ਫ਼ਸਲ ’ਤੇ ਮਾੜਾ ਅਸਰ ਪੈ ਰਿਹਾ ਹੈ ਤੇ ਅੱਤਿ ਦੀ ਗਰਮੀ ਕਾਰਨ ਲੋਕਾਂ ਦਾ ਜੀਣਾ ਮੁਹਾਲ ਹੋਇਆ ਪਿਆ ਹੈ। ਇਸ ਤੋਂ ਇਲਾਵਾ ਖੇਤੀ ਲਈ ਬਿਜਲੀ ਦੀ ਸਪਲਾਈ ਵੀ ਅੱਠ ਘੰਟਿਆਂ ਦੀ ਥਾਂ ਛੇ ਜਾਂ ਸੱਤ ਘੰਟਿਆਂ ਤੱਕ ਸੀਮਤ ਹੋ ਕੇ ਰਹਿ ਗਈ ਹੈ ਤੇ ਪਿੰਡਾਂ ਵਿੱਚ ਬਿਜਲੀ ਦੇ ਕੱਟ ਲੱਗਣ ਕਾਰਨ ਲੋਕ ਪ੍ਰੇਸ਼ਾਨ ਹੋ ਰਹੇ ਹਨ। ਜ਼ਿਕਰਯੋਗ ਹੈ ਕਿ ਇਸ ਇਲਾਕੇ ਵਿੱਚ ਜੂਨ ਦੇ ਦੂਜੇ ਹਫ਼ਤੇ ਵਿੱਚ ਬਾਰਿਸ਼ ਪਈ ਸੀ ਤੇ ਉਸ ਸਮੇਂ ਝੋਨਾ ਲਗਾਉਣ ਦਾ ਕੰਮ ਸ਼ੁਰੂ ਹੀ ਹੋਇਆ ਸੀ, ਪਰ ਉਸ ਤੋਂ ਬਾਅਦ ਮਹੀਨੇ ਤੋਂ ਵਧ ਸਮਾਂ ਲੰਘਣ ’ਤੇ ਵੀ ਬਾਰਸ਼ ਨਹੀਂ ਹੋਈ। ਜਿਸ ਕਾਰਨ ਝੋਨੇ ਦੀ ਫਸਲ ’ਤੇ ਮਾੜਾ ਅਸਰ ਪੈ ਰਿਹਾ ਹੈ ਤੇ ਲੋੜ ਅਨੁਸਾਰ ਝੋਨੇ ਨੂੰ ਪੂਰਾ ਪਾਣੀ ਨਹੀਂ ਮਿਲ ਰਿਹਾ। ਕਈ ਕਿਸਾਨਾਂ ਦਾ ਝੋਨਾ ਸੁੱਕਾ ਹੀ ਪਿਆ ਹੈ। ਭਾਵੇਂ ਪੰਜਾਬ ਵਿੱਚ ਕਈ ਥਾਵਾਂ ’ਤੇ ਮੀਂਹ ਪੈਣ ਦੀਆਂ ਖ਼ਬਰਾਂ ਹਨ, ਪਰ ਇਸ ਖੇਤਰ ਵਿੱਚ ਮੀਂਹ ਨਾ ਪੈਣ ਕਾਰਨ ਜਿੱਥੇ ਕਿਸਾਨਾਂ ਨੂੰ ਸਾਉਣੀ ਦੀ ਫਸਲ ਲਈ ਦਿੱਕਤ ਹੋ ਰਹੀ ਹੈ, ਉੱਥੇ ਗਰਮੀ ਕਾਰਨ ਆਮ ਲੋਕਾਂ ਨੂੰ ਵੀ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅੱਤਿ ਦੀ ਗਰਮੀ ਤੇ ਬਿਜਲੀ ਦੇ ਕੱਟਾਂ ਕਾਰਨ ਪਿੰਡਾਂ ਦੇ ਲੋਕਾਂ ਦਾ ਜੀਣਾ ਮੁਹਾਲ ਹੋਇਆ ਪਿਆ ਹੈ। ਕਿਸਾਨਾਂ ਨੇ ਦੱਸਿਆ ਕਿ ਲੰਬੀ ਔੜ ਕਾਰਨ ਝੋਨੇ ਦੀ ਫਸਲ ਦਾ ਵਾਧਾ ਵੀ ਰੁਕਿਆ ਖੜ੍ਹਾ ਹੈ। ਇਸ ਤੋਂ ਇਲਾਵਾ ਖੇਤੀ ਲਈ ਬਿਜਲੀ ਦੀ ਸਪਲਾਈ ਵੀ ਪੂਰੀ ਨਹੀਂ ਮਿਲ ਰਹੀ। ਪਿੰਡ ਜਖੇਪਲ ਦੇ ਕਿਸਾਨਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਖੇਤੀ ਲਈ ਬਿਜਲੀ ਦੀ ਸਪਲਾਈ ਅੱਠ ਘੰਟੇ ਦੀ ਥਾਂ ਛੇ ਜਾਂ ਸੱਤ ਘੰਟੇ ਹੀ ਮਿਲ ਰਹੀ ਹੈ। ਇਸੇ ਤਰ੍ਹਾਂ ਪਿੰਡ ਤੋਲਾਵਾਲ ਦੇ ਕਿਸਾਨਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਬਿਜਲੀ ਦੀ ਸਪਲਾਈ ਪਹਿਲਾਂ ਨਾਲੋਂ ਘੱਟ ਮਿਲ ਰਹੀ ਹੈ। ਉਨ੍ਹਾਂ ਦੱਸਿਆ ਕਿ ਇਸ ਸਮੇਂ ਝੋਨੇ ਵਿੱਚ ਖਾਦ ਪਾਉਣ ਦੀ ਜ਼ਰੂਰਤ ਹੈ ਪਰ ਬਾਰਸ਼ ਨਾ ਹੋਣ ਕਾਰਨ ਤੇ ਬਿਜਲੀ ਦੀ ਸਪਲਾਈ ਘੱਟ ਮਿਲਣ ਕਾਰਨ ਭਾਰੀ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ।