ਪੱਤਰ ਪ੍ਰੇਰਕ
ਲਹਿਰਾਗਾਗਾ, 26 ਸਤੰਬਰ
ਇਸ ਵਰ੍ਹੇ ਨਰਮੇ ਦੀ ਫਸਲ ਦਾ ਝਾੜ ਘੱਟ, ਪਰ ਰੇਟ ਚੌਖਾ ਮਿਲਣ ਕਰਕੇ ਕਿਸਾਨ ਦੁਚਿੱਤੀ ’ਚ ਹਨ। ਇਸ ਵਾਰ ਨਰਮੇਂ ਦਾ ਰੇਟ ਸਰਕਾਰੀ ਸਮਰਥਨ ਮੁੱਲ 6000 ਦੇ ਮੁਕਾਬਲੇ 7120 ਤੱਕ ਵਿਕਣ ਕਰਕੇ ਕਾਟਨ ਕਾਰਪੋਰੇਸ਼ਨ ਖਰੀਦ ਲਈ ਅੱਗੇ ਨਹੀਂ ਆਇਆ ਜਦਕਿ ਪਿਛਲੇ ਸਾਲ 40,276 ਕੁਇੰਟਲ ਸਰਕਾਰੀ ਖ੍ਰੀਦ ’ਚੋਂ ਨਿੱਜੀ ਕਾਰਖਾਨੇਦਾਰ ਮਹਿਜ਼ ਪੰਜ ਕੁ ਹਜ਼ਾਰ ਕੁਇੰਟਲ ਖਰੀਦ ਸਕੇ ਸਨ। ਮਾਰਕੀਟ ਕਮੇਟੀ ਦੇ ਚੇਅਰਮੈਨ ਜਸਵਿੰਦਰ ਸਿੰਘ ਰਿੰਪੀ, ਮੰਡੀ ਸੁਪਰਵਾਈਜ਼ਰ ਰਣਧੀਰ ਸਿੰਘ ਖਾਲਸਾ, ਆਕਸ਼ਨ ਰਿਕਾਰਡਰ ਮੋਹਿਤ ਮਨੀ ਜਲੂਰ ਨੇ ਦੱਸਿਆ ਕਿ ਅੱਜ ਤੱਕ ਮਹਿਜ਼ 1000 ਤੋਂ ਵੱਧ ਕੁਇੰਟਲ ਨਰਮਾ ਵਿਕਿਆ ਹੈ। ਬੀਤੇ ਦਿਨੀਂ ਬਾਰਸ਼ਾਂ ਕਰਕੇ ਆਮਦ ਨਾ ਵਰਗੀ ਹੋਣ ਮਗਰੋਂ ਧੁੱਪ ਨਿਕਲਣ ’ਤੇ ਅੱਜ ਕਿਸਾਨ ਮੁੜ ਨਰਮੇ ਦੀ ਫਸਲ ਨੂੰ ਘਰੇ ਰੱਖਣ ਦੀ ਬਜਾਏ ਖੁੱਲ੍ਹ ਕੇ ਵੇਚਣ ਲਈ ਲਿਆਏ ਹਨ ਤਾਂ ਜੋ ਸਾਉਣੀ ਦੀਆਂ ਹੋਰ ਫਸਲਾਂ ਲਈ ਖਾਦ ਆਦਿ ਖਰੀਦ ਸਕਣ। ਨਰਮਾ ਵੇਚਣ ਆਏ ਪਿੰਡ ਹਰਿਆਓ ਦੇ ਕਿਸਾਨ ਨਿਰਮਲ ਸਿੰਘ ਨੇ ਦੱਸਿਆ ਕਿ ਉਹ ਹਰ ਸਾਲ ਢਾਈ ਏਕੜ ’ਚ ਨਰਮੇ ਦੀ ਕਾਸ਼ਤ ਕਰਦਾ ਹੈ ਪਿਛਲੇ ਸਾਲ ਪਹਿਲੀ ਚੁਗਾਈ ਦਾ ਝਾੜ 14 ਮਣ ਨਿਕਲਿਆ ਸੀ, ਪਰ ਇਸ ਵਾਰ ਬਾਰਸ਼ਾਂ ਕਰਕੇ ਝਾੜ ਮਹਿਜ਼ 4 ਮਣ ਹੀ ਨਿਕਲਿਆ ਹੈ। ਆੜ੍ਹਤੀ ਯੂਨੀਅਨ ਦੇ ਪ੍ਰਧਾਨ ਜੀਵਨ ਰੱਬੜ ਅਨੁਸਾਰ ਇਥੇ ਸਿਰਫ ਕ੍ਰਿਸ਼ਨਾ ਕਾਟਨ ਮਿਲ ਹੀ ਖਰੀਦ ਰਹੇ ਹਨ ਅਤੇ ਵਿਜੈ ਕੁਮਾਰ ਐਂਡ ਸੰਨਜ਼ ਕਾਟਨ ਮਿਲ ਤੇ ਨਿਤਿਨ ਕਾਟਨ ਮਿਲ ਖਰੀਦ ਰਹੀਆਂ ਹਨ।