ਨਿੱਜੀ ਪੱਤਰ ਪ੍ਰੇਰਕ
ਧੂਰੀ, 4 ਅਪਰੈਲ
ਆਮ ਆਦਮੀ ਪਾਰਟੀ ਦੇ ਸੂਬਾ ਪੱਧਰੀ ਬੁਲਾਰੇ ਦੇਵ ਮਾਨ ਨਾਭਾ ਨੇ ਧੂਰੀ ਵਿਚ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ‘ਆਪ’ ਹੀ ਆਪਣੀ ਨੀਅਤ ਅਤੇ ਨੀਤੀਆਂ ਸਦਕਾ ਪੰਜਾਬ ਦਾ ਭਵਿੱਖ ਰੋਸ਼ਨ ਕਰ ਸਕਦੀ ਹੈ। ਉਨ੍ਹਾਂ ਦਿੱਲੀ ਵਿਚ ਅਰਵਿੰਦ ਕੇਜਰੀਵਾਲ ਵੱਲੋਂ ਚਲਾਈ ਜਾ ਰਹੀ ਸਰਕਾਰ ਦਾ ਜ਼ਿਕਰ ਕਰਦਿਆਂ ਕਿਹਾ ਕਿ ‘ਆਪ’ ਦੀ ਸਰਕਾਰ ਬਣਨ ’ਤੇ ਪੰਜਾਬ ਨੂੰ ਦਿੱਲੀ ਨਾਲੋਂ ਵੀ ਵੱਧ ਸਹੂਲਤਾਂ ਦੇ ਕੇ ਖ਼ੁਸ਼ਹਾਲ ਸੂਬਾ ਬਣਾਇਆ ਜਾਵੇਗਾ। ਉਨ੍ਹਾਂ ਕਿਹਾ ਕਿ 2022 ਦੀਆਂ ਚੋਣਾਂ ਵਿੱਚ ਝਾੜੂ ਅਕਾਲੀ ਦਲ ਅਤੇ ਕਾਂਗਰਸ ਦਾ ਸਫ਼ਾਇਆ ਕਰ ਦੇਵੇਗਾ। ਸ੍ਰੀ ਮਾਨ ਨੇ ਕਿਹਾ ਕਿ ਗ਼ਰੀਬ ਵਿਦਿਆਰਥੀਆਂ ਦੇ ਕਰੋੜਾਂ ਰੁਪਏ ਦੇ ਵਜ਼ੀਫ਼ੇ ਗਬਨ ਕਰਨ ਵਾਲੇ ਸਾਧੂ ਸਿੰਘ ਧਰਮਸੋਤ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਰਪ੍ਰਸਤੀ ਹਾਸਲ ਹੈ। ਉਨ੍ਹਾਂ ਕਿਹਾ ਕਿ ਨਵਜੋਤ ਸਿੰਘ ਸਿੱਧੂ ਬੇਦਾਗ਼ ਅਕਸ ਵਾਲੇ ਸਿਆਸਤਦਾਨ ਹਨ, ਜੇ ਉਹ ਪਾਰਟੀ ਵਿੱਚ ਆਉਂਦੇ ਹਨ ਤਾਂ ਸਵਾਗਤ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਦੌਰਾਨ ਭ੍ਰਿਸ਼ਟਾਚਾਰ ਸਿਖ਼ਰ ’ਤੇ ਹੈ। ਇਸ ਮੌਕੇ ਆਪ ਆਗੂ ਅਮਰਦੀਪ ਸਿੰਘ ਧਾਂਦਰਾ ਅਤੇ ਪ੍ਰੀਤ ਧੂਰੀ ਆਦਿ ਹਾਜ਼ਰ ਸਨ।