ਜਸਵੰਤ ਸਿੰਘ ਚੀਮਾ
ਸੰਦੌੜ, 3 ਮਈ
ਨੇੜਲੇ ਪਿੰਡ ਖੁਰਦ ਵਿੱਚ ਸਿੱਖ ਭਾਈਚਾਰੇ ਨੇ ਮੁਸਲਿਮ ਭਰਾਵਾਂ ਦਾ ਮੂੰਹ ਮਿੱਠਾ ਕਰਵਾ ਕੇ ਉਨ੍ਹਾਂ ਨੂੰ ਈਦ ਦੀ ਵਧਾਈ ਦਿੱਤੀ। ਸਾਬਕਾ ਸਰਪੰਚ ਰਾਜਵਿੰਦਰ ਸਿੰਘ ਰਾਜੀ ਤੇ ਵਿਰਸਾ ਸੰਭਾਲ ਸਰਦਾਰੀ ਲਹਿਰ ਪੰਜਾਬ ਦੇ ਮੁੱਖ ਸੇਵਾਦਾਰ ਮਨਦੀਪ ਸਿੰਘ ਖੁਰਦ ਨੇ ਕਿਹਾ,‘ਭਾਈਚਾਰਕ ਸਾਂਝ ਕਾਇਮ ਰੱਖਣਾ ਸਾਡਾ ਫਰਜ਼ ਬਣਦਾ ਹੈ, ਸਾਨੂੰ ਇਸੇ ਤਰ੍ਹਾਂ ਇਕ ਦੂਜੇ ਦੇ ਸੁੱਖ ਦੁੱਖ ਵਿੱਚ ਸ਼ਰੀਕ ਹੋਣਾ ਚਾਹੀਦਾ ਹੈ।’
ਉਨ੍ਹਾਂ ਦੱਸਿਆ ਕਿ ਪਿੰਡ ਖੁਰਦ ਵਿੱਚ ਹਰ ਸਾਲ ਰਮਜ਼ਾਨ ਦੇ ਮਹੀਨੇ ਦੌਰਾਨ ਮੁਸਲਿਮ ਭਰਾਵਾਂ ਦੀ ਰੋਜ਼ਾ ਇਫਤਾਰੀ ਕਰਵਾਈ ਜਾਂਦੀ ਹੈ ਅਤੇ ਈਦ-ਉਲ-ਫਿਤਰ ਮੌਕੇ ਸਿੱਖ ਭਾਈਚਾਰੇ ਵੱਲੋਂ ਮਠਿਆਈ ਵੰਡੀ ਜਾਂਦੀ ਹੈ। ਇਸ ਮੌਕੇ ਮਸਜਿਦ ਦੇ ਇਮਾਮ ਦਾ ਸਿੱਖ ਭਾਈਚਾਰੇ ਵੱਲੋਂ ਸਨਮਾਨ ਕੀਤਾ ਗਿਆ ਅਤੇ ਸਿੱਖ ਤੇ ਮੁਸਲਿਮ ਭਾਈਚਾਰੇ ਵੱਲੋਂ ਸਰਬੱਤ ਦੇ ਭਲੇ ਦੀ ਅਰਦਾਸ ਵੀ ਕੀਤੀ ਗਈ।
ਸ਼ੇਰਪੁਰ (ਬੀਰਬਲ ਰਿਸ਼ੀ): ਈਦ ਮੌਕੇ ਅੱਜ ਪੂਰੇ ਇਲਾਕੇ ਵਿੱਚ ਵੱਖ-ਵੱਖ ਥਾਈਂ ਹਿੰਦੂਆਂ ਅਤੇ ਸਿੱਖਾਂ ਨੇ ਮੁਸਲਿਮ ਭਾਈਚਾਰੇ ਨੂੰ ਗਲੇ ਮਿਲ ਕੇ ਈਦ ਦੀ ਮੁਬਾਰਕਵਾਦ ਦੇ ਕੇ ਭਾਈਚਾਰਕ ਏਕਤਾ ਦੀ ਮਿਸਾਲ ਕਾਇਮ ਕੀਤੀ। ਪਿੰਡ ਘਨੌਰੀ ਕਲਾਂ ਵਿੱਚ ਮੁਸਲਿਮ ਭਾਈਚਾਰੇ ਵੱਲੋਂ ਵੱਖੋ-ਵੱਖਰੇ ਤੌਰ ’ਤੇ ਦੋ ਥਾਈਂ ਈਦ-ਉਲ-ਫ਼ਿਤਰ ਦੀ ਨਮਾਜ਼ ਪੜ੍ਹੀ ਗਈ ਜਿਸ ਤਹਿਤ ਦਿੱਤੀ ਦਾਅਵਤ ਵਿੱਚ ਸਿੱਖ ਆਗੂਆਂ ਅਤੇ ਸ਼ਿਵ ਮੰਦਰ ਕਮੇਟੀ ਦੇ ਆਗੂਆਂ ਨੇ ਸ਼ਿਰਕਤ ਕੀਤੀ। ਮੁਸਲਿਮ ਆਗੂ ਅਮਨ ਖਾਨ ਦੀ ਅਗਵਾਈ ਹੇਠਲੇ ਪ੍ਰੋਗਰਾਮ ਵਿੱਚ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਸਤਿੰਦਰ ਚੱਠਾ, ਆਪ ਆਗੂ ਗੁਰਮੇਲ ਸਿੰਘ, ਕੇਵਲ ਸਿੰਘ, ਮੁਲਾਜ਼ਮ ਨੇਤਾ ਮਾਸਟਰ ਕੁਲਵੰਤ ਸਿੰਘ, ਸ਼ਿਵ ਮੰਦਿਰ ਕਮੇਟੀ ਦੇ ਆਗੂ ਦਰਸ਼ਨ ਕੁਮਾਰ, ਬਲਜੀਤ ਬਬਲਾ ਅਤੇ ਪੰਚਾਇਤੀ ਨੁਮਾਇੰਦੇ ਪੁੱਜੇ। ਇਸੇ ਦੌਰਾਨ ਪਿੰਡ ਵਜ਼ੀਦਪੁਰ ਬਧੇਸ਼ੇ ਵਿੱਚ ਬੀਕੇਯੂ ਏਕਤਾ ਉਗਰਾਹਾਂ ਦੇ ਕਾਮਰੇਡ ਹਰਜੀਤ ਬਧੇਸਾ ਤੇ ਹੋਰਨਾ ਕਿਸਾਨਾਂ ਨੇ ਮੁਸਲਿਮ ਭਾਈਚਾਰੇ ਨੂੰ ਈਦ ਦੀਆਂ ਵਧਾਈਆਂ ਦਿੱਤੀਆਂ।