ਰਮੇਸ਼ ਭਾਰਦਵਾਜ
ਲਹਿਰਾਗਾਗਾ , 5 ਜਨਵਰੀ
ਆਮ ਆਦਮੀ ਪਾਰਟੀ (ਆਪ) ਦੇ ਸੀਨੀਅਰ ਆਗੂ ਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਸੂਬੇ ਅੰਦਰ ਇਸ ਵੇਲੇ ਤਕਨੀਕੀ ਸਿੱਖਿਆ ਦੇ ਮਿਆਰ ਤੇ ਇੰਜਨੀਅਰਿੰਗ ਕਾਲਜਾਂ ਦੇ ਸਟਾਫ ਦੀਆਂ ਲਗਪਗ 3 ਸਾਲਾਂ ਤੋਂ ਰੁਕੀਆਂ ਤਨਖਾਹਾਂ ਦੇ ਮੁੱਦੇ ’ਤੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਜੋ 2017 ਤੋਂ 2021 ਤੱਕ ਪੰਜਾਬ ਦੇ ਤਕਨੀਕੀ ਸਿੱਖਿਆ ਮੰਤਰੀ ਰਹੇ, ’ਤੇ ਤਿੱਖੇ ਸਵਾਲ ਖੜ੍ਹੇ ਕੀਤੇ ਹਨ। ਉਨ੍ਹਾਂ ਕਿਹਾ ਕਿ ਸੂਬੇ ਅੰਦਰ ਅੱਜ ਜੋ ਇੰਜਨੀਅਰਿੰਗ ਕਾਲਜਾਂ ਦੀ ਹਾਲਤ ਹੈ ਉਸਦੇ ਜ਼ਿੰਮੇਵਾਰ ਚਰਨਜੀਤ ਸਿੰਘ ਚੰਨੀ ਹਨ ਜਿਨ੍ਹਾਂ ਨੇ ਚਾਰ ਸਾਲ ਤੋਂ ਵੱਧ ਤਕਨੀਕੀ ਸਿੱਖਿਆ ਮੰਤਰੀ ਦੇ ਪਦ ’ਤੇ ਰਹਿੰਦਿਆਂ ਕੋਈ ਕੰਮ ਨਹੀਂ ਕੀਤਾ। ਮੰਗਲਵਾਰ ਨੂੰ ਪ੍ਰਭਾਵਿਤ ਸਟਾਫ ਮੈਂਬਰਾਂ ਦਾ ਵਫ਼ਦ ਹਰਪਾਲ ਸਿੰਘ ਚੀਮਾ ਨੂੰ ਮਿਲਿਆ ਤੇ ਉਨ੍ਹਾਂ ਦੱਸਿਆ ਕਿ ਬਾਬਾ ਹੀਰਾ ਸਿੰਘ ਭੱਠਲ ਇੰਸਟੀਚਿਊਟ ਆਫ ਇੰਜ. ਐਂਡ ਟੈਕਨੋਲੌਜੀ, ਲਹਿਰਾਗਾਗਾ ਦੇ ਸਟਾਫ ਨੂੰ 31 ਮਹੀਨਿਆਂ ਤੋਂ ਤਨਖਾਹਾਂ ਨਹੀਂ ਦਿੱਤੀਆਂ ਗਈਆਂ, ਜਿਸ ਲਈ ਉਹ ਪ੍ਰਦਰਸ਼ਨ ਕਰਦੇ ਰਹੇ ਹਨ ਪਰ ਸਰਕਾਰ ਜਾਂ ਕਾਲਜ ਪ੍ਰਸ਼ਾਸਨ ਦੇ ਕੰਨਾਂ ’ਤੇ ਜੂੰ ਨਹੀਂ ਸਰਕੀ। ਸ੍ਰੀ ਚੀਮਾ ਨੇ ਕਿਹਾ ਕਿ ਅਪਰੈਲ 2021 ਤੋਂ ਇਸ ਕਾਲਜ ਦੀ ਫਾਈਲ ਸਰਕਾਰੀ ਤੰਤਰ ’ਚ ਲਟਕੀ ਹੋਈ ਹੈ। ਜੇ ਸ੍ਰੀ ਚੰਨੀ ਚਾਹੁੰਦੇ ਤਾਂ ਮੁੱਖ ਮੰਤਰੀ ਬਣਦਿਆਂ ਹੀ ਇਸ ਮੁੱਦੇ ਨੂੰ ਹੱਲ ਕਰਕੇ ਸਾਲਾਂ ਤੋਂ ਖੱਜਲ ਖੁਆਰ ਹੋ ਰਹੇ ਇੰਜਨੀਅਰਿੰਗ ਕਾਲਜ ਦੇ ਸਟਾਫ ਨੂੰ ਰਾਹਤ ਦੇ ਸਕਦੇ ਸਨ, ਤਕਨੀਕੀ ਸਿੱਖਿਆ ਮੰਤਰੀ ਰਹਿੰਦਿਆਂ ਉਹ ਇਸ ਮਸਲੇ ਤੇ ਇਸਦੀ ਗੰਭੀਰਤਾ ਨੂੰ ਸਮਝਦੇ ਹਨ। ਜਦੋਂ ਉਨ੍ਹਾਂ ਨੇ ਉਸ ਖੇਤਰ ਲਈ ਕੁਝ ਨਹੀਂ ਕੀਤਾ ਜਿਸਦੇ ਉਹ ਚਾਰ ਸਾਲ ਤੋਂ ਵੱਧ ਸਮੇਂ ਲਈ ਮੰਤਰੀ ਰਹੇ ਹਨ ਤਾਂ ਉਨ੍ਹਾਂ ਕਿਸੇ ਹੋਰ ਖੇਤਰ ਲਈ ਕੀ ਕਰਨਾ ਹੀ ਹੈ। ਉਨ੍ਹਾਂ ਕਿਹਾ ਕਿ ਇਹ ਪੰਜਾਬ ਦੇ ਕਿਸੇ ਇੱਕ ਤਕਨੀਕੀ ਕਾਲਜ ਦੀ ਕਹਾਣੀ ਨਹੀਂ। ਕੁਝ ਸਾਲਾਂ ਦੌਰਾਨ ਗਲਤ ਸਰਕਾਰੀ ਨੀਤੀਆਂ ਕਾਰਨ ਇੰਜਨੀਅਰਿੰਗ ਕੋਰਸਾਂ ’ਚ ਦਾਖਲਿਆਂ ਦੀ ਗਿਣਤੀ ਘਟਣ ਕਾਰਨ ਇਹ ਕਾਲਜ ਵਿੱਤੀ ਸੰਕਟਾਂ ਨਾਲ ਜੂਝ ਰਹੇ ਹਨ। ਦੁੱਖ ਦੀ ਗੱਲ ਇਹ ਹੈ ਕਿ ਕਾਂਗਰਸ ਸਰਕਾਰ ਨੇ ਇਨ੍ਹਾਂ ਕਾਲਜਾਂ ਜਾਂ ਤਕਨੀਕੀ ਸਿੱਖਿਆ ਖੇਤਰ ਦੇ ਵਿਕਾਸ ਲਈ ਕੁਝ ਨਹੀਂ ਕੀਤਾ ਤੇ ਉਨ੍ਹਾਂ ਨੂੰ ਆਪਣੇ ਹਾਲ ’ਤੇ ਛੱਡ ਦਿੱਤਾ ਹੈ। ਉਨ੍ਹਾਂ ਮੌਜੂਦਾ ਤਕਨੀਕੀ ਸਿੱਖਿਆ ਮੰਤਰੀ ਰਾਣਾ ਗੁਰਜੀਤ ਸਿੰਘ ਤੋਂ ਮੰਗ ਕੀਤੀ ਕਿ ਉਹ ਆਪਸੀ ਕਾਟੋ ਕਲੇਸ਼ ਵਿੱਚੋਂ ਕੁਝ ਸਮਾਂ ਕੱਢ ਕੇ ਲਹਿਰਾਗਾਗਾ ਦੇ ਇੰਜਨੀਅਰਿੰਗ ਕਾਲਜ ਦੇ ਸਟਾਫ ਦੀਆਂ ਤਨਖਾਹਾਂ ਜਾਰੀ ਕਰਵਾਉਣ।