ਪੱਤਰ ਪ੍ਰੇਰਕ
ਸ਼ੇਰਪੁਰ, 16 ਅਕਤੂਬਰ
ਕਿਰਤੀ ਕਿਸਾਨ ਯੂਨੀਅਨ ਵੱਲੋਂ ਅੱਜ ਪਿੰਡ ਕਲੇਰਾਂ ਦੇ ਗੁਰਦੁਆਰਾ ਸਾਹਿਬ ਵਿੱਚ ਨਹਿਰੀ ਪਾਣੀ ਦੀ ਮੰਗ ਸਬੰਧੀ ਬਣੀਆਂ ਤਿੰਨ ਜ਼ੋਨ ਕਮੇਟੀਆਂ ਦੇ ਮੈਂਬਰਾਨ ਦੀ ਮੀਟਿੰਗ ਕੇਕੇਯੂ ਦੇ ਜ਼ਿਲ੍ਹਾ ਪ੍ਰਧਾਨ ਜਰਨੈਲ ਸਿੰਘ ਜਹਾਂਗੀਰ ਦੀ ਅਗਵਾਈ ਹੇਠ ਕੀਤੀ ਗਈ। ਮੀਟਿੰਗ ਵਿੱਚ ਇਲਾਕੇ ਦੇ ਪਿੰਡਾਂ ’ਚ 17 ਅਕਤੂਬਰ ਨੂੰ ਆ ਰਹੀਆਂ ਨਹਿਰੀ ਵਿਭਾਗ ਦੀਆਂ ਟੀਮਾਂ ਨੂੰ ਸਹਿਯੋਗ ਦੇਣ ਸਬੰਧੀ ਡਿਊਟੀਆਂ ਲਗਾਈਆਂ ਗਈਆਂ। ਯਾਦ ਰਹੇ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਧੂਰੀ ਹਲਕੇ ਸਮੇਤ ਤਿੰਨ ਹਲਕਿਆਂ ਦੇ ਪੰਜਾਹ ਤੋਂ ਵੱਧ ਪਿੰਡਾਂ ਲਈ ਰੱਖੀ ਨਹਿਰੀ ਪਾਣੀ ਦੀ ਮੰਗ ਨੂੰ ਉਸ ਸਮੇਂ ਬੂਰ ਪੈਣ ਦਾ ਮੁੱਢ ਉਸ ਸਮੇਂ ਬੱਝਾ ਸੀ ਜਦੋਂ ਮੁੱਖ ਮੰਤਰੀ ਦੇ ਓਐੱਸਡੀ ਓਂਕਾਰ ਸਿੰਘ ਨੇ ਨਹਿਰੀ ਪਾਣੀ ਲਈ ਵਿਭਾਗ ਤੋਂ 15 ਦਿਨਾਂ ਅੰਦਰ ਸਰਵੇਖਣ ਰਿਪੋਰਟ ਮੰਗੀ ਸੀ ਤੇ ਹੁਣ ਨਹਿਰੀ ਵਿਭਾਗ ਦੇ ਐਕਸੀਅਨ ਨੇ ਕਿਸਾਨ ਜਥੇਬੰਦੀ ਵੱਲੋਂ ਸੁਝਾਏ ਪਿੰਡਾਂ ਦਾ ਸਰਵੇਖਣ ਸਬੰਧੀ ਵਿਭਾਗ ਦੀਆਂ ਕੁੱਝ ਟੀਮਾਂ ਬਣਾ ਕੇ 17 ਨੂੰ ਸਬੰਧਤ ਪਿੰਡਾਂ ਵਿੱਚ ਆਪਣੀਆਂ ਟੀਮਾਂ ਦੀ ਆਮਦ ਸਬੰਧੀ ਜਾਣਕਾਰੀ ਦਿੱਤੀ ਹੈ।
ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਜਰਨੈਲ ਸਿੰਘ ਜਹਾਂਗੀਰ ਨੇ ਦੱਸਿਆ ਕਿ ਜ਼ੋਨ ਕਮੇਟੀਆਂ ਸਰਵੇਖਣ ਸਮੇਂ ਆਪਣੇ ਉਨ੍ਹਾਂ ਪਿੰਡਾਂ ਦੀ ਜਾਣਕਾਰੀ ਦੇਣ ਜਿਹੜੇ ਨਹਿਰੀ ਪਾਣੀ ਨੂੰ ਸੌ ਸਾਲਾਂ ਤੋਂ ਤਰਸ ਰਹੇ ਹਨ ਅਤੇ ਇਸ ਵਿੱਚ ਬਾਕਾਇਦਾ ਪਿੰਡਾਂ ਦੀਆਂ ਪੰਚਾਇਤਾਂ ਦਾ ਸਹਿਯੋਗ ਵੀ ਲਿਆ ਜਾਵੇਗਾ। ਮੀਟਿੰਗ ਵਿੱਚ ਪਿੰਡ ਪੱਧਰੀ ਕਮੇਟੀਆਂ ਬਣਾਉਣ ਦਾ ਵੀ ਫ਼ੈਸਲਾ ਕੀਤਾ ਗਿਆ ਤਾਂ ਜੋ ਪਾਣੀ ਪ੍ਰਾਪਤੀ ਤੱਕ ਸੰਘਰਸ਼ ਜਾਰੀ ਰੱਖਿਆ ਜਾ ਸਕੇ। ਮੀਟਿੰਗ ਵਿੱਚ ਕਿਰਤੀ ਕਿਸਾਨ ਯੂਨੀਅਨ ਦੇ ਯੂਥ ਵਿੰਗ ਦੇ ਕਨਵੀਨਰ ਭੁਪਿੰਦਰ ਲੌਂਗੋਵਾਲ, ਬੀਕੇਯੂ ਉਗਰਾਹਾਂ ਦੇ ਬਲਾਕ ਆਗੂ ਹਰਜੀਤ ਸਿੰਘ ਬਧੇਸਾ, ਪੰਚਾਇਤ ਯੂਨੀਅਨ ਦੇ ਆਗੂ ਸਰਪੰਚ ਅਮਨਦੀਪ ਸਿੰਘ ਕਲੇਰਾਂ ਤੇ ਕਰਮਜੀਤ ਸਿੰਘ ਬਧੇਸਾ ਸਮੇਤ ਹੋਰ ਪਤਵੰਤੇ ਹਾਜ਼ਰ ਸਨ।