ਮੇਜਰ ਸਿੰਘ ਮੱਟਰਾਂ
ਭਵਾਨੀਗੜ, 16 ਅਪਰੈਲ
ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵੱਲੋਂ ਅੱਜ ਨੇੜਲੇ ਪਿੰਡ ਗਹਿਲਾਂ ਵਿਖੇ ਪਾਣੀ ਵਾਲੀ ਟੈਂਕੀ ਦੀ ਮੋਟਰ ’ਤੇ ਲੱਗਿਆ ਚਿੱਪ ਵਾਲਾ ਬਿਜਲੀ ਮੀਟਰ ਲਾਹ ਕੇ ਪਾਵਰਕੌਮ ਦੇ ਦਫਤਰ ਨੂੰ ਭੇਜ ਦਿੱਤਾ। ਇਸ ਮੌਕੇ ਯੂਨੀਅਨ ਦੇ ਸੀਨੀਅਰ ਮੀਤ ਪ੍ਰਧਾਨ ਮਨਜੀਤ ਸਿੰਘ ਘਰਾਚੋਂ, ਜਰਨਲ ਸਕੱਤਰ ਜਸਵੀਰ ਸਿੰਘ ਗੱਗੜਪੁਰ, ਮੀਤ ਪ੍ਰਧਾਨ ਹਰਜੀਤ ਸਿੰਘ ਮਹਿਲਾਂ, ਖਜ਼ਾਨਚੀ ਬਲਵਿੰਦਰ ਸਿੰਘ ਅਤੇ ਪ੍ਰਚਾਰ ਸਕੱਤਰ ਕਰਮ ਚੰਦ ਪੰਨਵਾਂ ਨੇ ਦੱਸਿਆ ਕਿ ਸਰਕਾਰ ਦੀ ਸ਼ਹਿ ’ਤੇ ਪਾਵਰਕਾਮ ਬੜੀ ਸਾਜ਼ਿਸ਼ ਤਹਿਤ ਪਿੰਡਾਂ ਵਿੱਚ ਚਿੱਪ ਵਾਲੇ ਬਿਜਲੀ ਮੀਟਰ ਲਗਾਉਣ ਤੋਂ ਪਹਿਲਾਂ ਸਰਕਾਰੀ ਸੰਸਥਾਵਾਂ ਵਿੱਚ ਚਿੱਪ ਵਾਲੇ ਮੀਟਰ ਲਗਾ ਰਿਹਾ ਹੈ।
ਕਿਸਾਨ ਆਗੂਆਂ ਨੇ ਤਾੜਨਾ ਕੀਤੀ ਕਿ ਸਰਕਾਰ ਦੀ ਇਸ ਲੋਕ ਵਿਰੋਧੀ ਸਕੀਮ ਨੂੰ ਕਿਸੇ ਵੀ ਕੀਮਤ ’ਤੇ ਲਾਗੂ ਨਹੀਂ ਹੋਣ ਦਿੱਤਾ ਜਾਵੇਗਾ। ਇਸ ਮੌਕੇ ਔਰਤਾਂ ਵੀ ਸ਼ਾਮਲ ਸਨ।